ਖੰਨਾ ਫਾਇਰਿੰਗ ਕੇਸ: ਗੋਲਡੀ ਬਰਾੜ ਨੇ ਮੰਗੀ 5 ਕਰੋੜ ਦੀ ਫਿਰੌਤੀ, ਆਪਣੇ ਹੀ ਮੂੰਹ-ਬੋਲੇ ਭਰਾ ਨੇ ਰਚੀ ਸਾਜ਼ਿਸ਼
Wednesday, Jan 28, 2026 - 09:28 PM (IST)
ਖੰਨਾ (ਬਿਪਨ ਭਾਰਦਵਾਜ) - ਖੰਨਾ ਦੇ ਪ੍ਰਸਿੱਧ ਕੱਪੜਾ ਵਪਾਰੀ ਅਤੇ ਪੰਜਾਬੀ ਕਲਾਕਾਰਾਂ ਦੇ ਨਾਮੀ ਫੈਸ਼ਨ ਡਿਜ਼ਾਈਨਰ ਆਸ਼ੂ ਵਿਜਨ (ਦੇਵ ਕਲੈਕਸ਼ਨ) ਦੇ ਘਰ 19 ਜਨਵਰੀ ਦੀ ਰਾਤ ਹੋਈ ਫਾਇਰਿੰਗ ਅਤੇ ਕਾਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੁਲਸ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਹਾਈ-ਪ੍ਰੋਫ਼ਾਈਲ ਕ੍ਰਾਈਮ ਕੇਸ ਦੇ ਤਾਰ ਗੈਂਗਸਟਰ ਗੋਲਡੀ ਬਰਾੜ ਨਾਲ ਜੁੜਦੇ ਨਜ਼ਰ ਆ ਰਹੇ ਹਨ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੋਲਡੀ ਬਰਾੜ ਦੇ ਸਾਥੀਆਂ ਨਾਲ ਮਿਲ ਕੇ ਇਹ ਪੂਰੀ ਸਾਜ਼ਿਸ਼ ਆਸ਼ੂ ਵਿਜਨ ਦੇ ਆਪਣੇ ਹੀ ਮੂੰਹ-ਬੋਲੇ ਭਰਾ ਅਮਿਤ ਕੁਮਾਰ ਉਰਫ਼ ਲਾਡੀ ਨੇ ਰਚੀ ਸੀ। ਅਮਿਤ ਲਾਡੀ ਸਬਜ਼ੀ ਮੰਡੀ ਖੰਨਾ ਦਾ ਨਾਮਵਰ ਆੜ੍ਹਤੀ ਹੈ।
ਇਸ ਸਨਸਨੀਖੇਜ਼ ਮਾਮਲੇ ਦਾ ਖੁਲਾਸਾ ਐੱਸ.ਐੱਸ.ਪੀ. ਖੰਨਾ ਡਾ. ਦਰਪਣ ਅਹਲੂਵਾਲੀਆ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਇਹ ਕੇਸ ਸਿਰਫ਼ ਫਾਇਰਿੰਗ ਤੱਕ ਸੀਮਿਤ ਨਹੀਂ, ਸਗੋਂ ਇਸ ਦੇ ਪਿੱਛੇ ਫਿਰੌਤੀ, ਗੈਂਗਸਟਰ ਨੈੱਟਵਰਕ ਅਤੇ ਅੰਦਰੂਨੀ ਧੋਖੇਬਾਜ਼ੀ ਦੀ ਪੂਰੀ ਕਹਾਣੀ ਛੁਪੀ ਹੋਈ ਹੈ।
