ਸਵ. ਬੇਅੰਤ ਸਿੰਘ ਦੇ ਪਰਿਵਾਰ ਖਿਲਾਫ ਬੋਲਣ ਤੋਂ ਗੁਰੇਜ ਕਰਨ ਮਜੀਠੀਆ : ਘੁਡਾਣੀ
Sunday, Mar 03, 2019 - 03:57 AM (IST)
ਖੰਨਾ (ਸੁਖਵੀਰ)-ਸ਼ਹੀਦੇ ਆਜ਼ਮ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਅਤਿ ਨਜ਼ਦੀਕੀ ਸਾਥੀ ਰਹੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵਿਧਾਨ ਸਭਾ ਹਲਕਾ ਪਾਇਲ ਦੇ ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਛਿੰਦਾ ਘੁਡਾਣੀ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਿਹਾ ਿਕ ਪਿਛਲੇ ਦਿਨੀਂ ਵਿਧਾਨ ਸੈਸ਼ਨ ਵਿੱਚ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਸਿਰਫ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਗੁਰਇਕਬਾਲ ਸਿੰਘ ਨੂੰ ਡੀ. ਐੱਸ. ਪੀ. ਦੀ. ਨੌਕਰੀ ਤੋਂ ਇਲਾਵਾ ਕਿਸੇ ਨੂੰ ਨੌਕਰੀ ਨਹੀਂ ਮਿਲੀ। ਉਸਦਾ ਜਵਾਬ ਦਿੰਦਿਆਂ ਛਿੰਦਾ ਘੁਡਾਣੀ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਬੇਅੰਤ ਸਿੰਘ ਦੇ ਪਰਿਵਾਰ ਅਤੇ ਉਸ ਮਹਾਨ ਆਗੂ ਦੇ ਖਿਲਾਫ ਬੋਲਣ ਤੋਂ ਗੁਰੇਜ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਸ਼ਹੀਦੇ ਆਜ਼ਮ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੇ ਸੂਬੇ ਨੂੰ ਅੱਤਵਾਦ ਦੇ ਦੌਰ ’ਚ ਬਲਦੀ ਅੱਗ ਵਿੱਚੋਂ ਕੱਢ ਕੇ ਲਿਆਂਦਾ ਅਤੇ ਸੂਬੇ ਦੀ ਅਮਨ-ਸ਼ਾਂਤੀ ਲਈ ਪੰਜਾਬ ’ਚੋਂ ਅੱਤਵਾਦ ਤੇ ਵੱਖਵਾਦ ਨੂੰ ਖਤਮ ਕਰਨ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ। ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਅੱਜ ਕੁਝ ਕੁ ਅਕਾਲੀ ਦਲ ਦੇ ਆਗੂ ਜੋ ਉਸ ਵੇਲੇ ਦਿਖਾਈ ਨਹੀਂ ਦਿੱਤੇ ਅਤੇ ਅੱਤਵਾਦ ਵੇਲੇ ਆਪਣੇ ਘੁਰਨਿਆਂ ਵਿੱਚ ਵਡ਼ ਕੇ ਬੈਠੇ ਸਨ, ਉਹ ਅੱਜ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਤੇ ਉਂਗਲ ਚੁੱਕ ਕੇ ਸਵਾਲ ਕਰ ਰਹੇ ਹਨ। ਜਿਨ੍ਹਾਂ ਦੀਆਂ ਅਜਿਹੀਆਂ ਹਰਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਅਜਿਹੀ ਗਲਤੀ ਨੂੰ ਮੁਡ਼ ਦੁਬਾਰਾ ਨਾ ਦੁਹਰਾਇਆ ਜਾਵੇ। ਜਿਸ ਨਾਲ ਉਨ੍ਹਾਂ ਦੇ ਸਮਰਥੱਕਾਂ ਨੂੰ ਠੇਸ ਪੁੱਜੇ। ਇਸ ਮੌਕੇ ਸਿਆਸੀ ਸਕੱਤਰ ਰਣਜੀਤ ਸਿੰਘ ਪਾਇਲ, ਯੂਥ ਆਗੂ ਦਿਲਪ੍ਰੀਤ ਸਿੰਘ ਡੀ. ਪੀ. ਪਾਇਲ, ਕਾਂਗਰਸੀ ਆਗੂ ਸਮਸ਼ੇਰ ਸਿੰਘ ਕੋਟਲੀ, ਡਾ. ਸੋਨੀ ਮਕਸੂਦਡ਼ਾ, ਸੰਮਤੀ ਮੈਂਬਰ ਅਵਤਾਰ ਸਿੰਘ ਰਾਮਗਡ਼੍ਹ ਸਰਦਾਰਾਂ, ਸਰਪੰਚ ਨਾਹਰ ਸਿੰਘ, ਛੋਟਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਸ਼ਾਮਲ ਸਨ।
