ਕਲੇਜਾ ਚੀਰ ਗਏ ਸ਼ਹੀਦ ਦੀ ਪਤਨੀ ਦੇ ਬੋਲ, 'ਮੇਰੀ ਤਾਂ ਦੁਨੀਆ ਉੱਜੜ ਗਈ'
Friday, Feb 15, 2019 - 12:28 PM (IST)
ਮੋਗਾ (ਗੋਪੀ ਰਾਊਕੇ, ਗਰੋਵਰ, ਸੰਜੀਵ, ਗਾਂਧੀ) : ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਵਲੋਂ ਕੀਤੇ ਗਏ ਪੁਲਵਾਮਾ ਹਮਲੇ 'ਚ 44 ਦੇ ਕਰੀਬ ਜਵਾਨ ਸ਼ਹੀਦੀ ਨੂੰ ਪ੍ਰਾਪਤ ਕਰ ਗਏ, ਜਿਨ੍ਹਾਂ 'ਚ ਮੋਗਾ ਜ਼ਿਲੇ ਦੇ ਪਿੰਡ ਗਲੋਟੀ ਦਾ ਜਵਾਨ ਜੈਮਲ ਸਿੰਘ ਪੁੱਤਰ ਜਸਵੰਤ ਸਿੰਘ ਵੀ ਸ਼ਾਮਲ ਸੀ। ਸ਼ਹੀਦ ਜੈਮਲ ਸਿੰਘ ਦੀ ਪਤਨੀ ਸੁਖਜੀਤ ਕੌਰ ਦਾ ਵਿਰਲਾਪ ਦੇਖਿਆ ਨਹੀਂ ਜਾ ਰਿਹਾ ਸੀ।
ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਸਾਰੀ ਜ਼ਿੰਦਗੀ ਪਰੇਸ਼ਾਨੀਆਂ 'ਚ ਲੰਘਾ ਦਿੱਤੀ ਅਤੇ 18 ਸਾਲਾਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਗੁਰਪ੍ਰਕਾਸ਼ ਸਿੰਘ ਨੇ ਜਨਮ ਲਿਆ ਸੀ, ਜੋ ਅਜੇ ਸਿਰਫ 5 ਸਾਲਾਂ ਦਾ ਹੈ। ਸੁਖਜੀਤ ਕੌਰ ਦੀ ਪਤਨੀ ਨੇ ਰੋਂਦਿਆਂ ਕਿਹਾ ਕਿ ਉਹ ਪਾਕਿਸਤਾਨ ਨੂੰ ਕੀ ਕਹੇਗੀ, ਉਸ ਦੀ ਤਾਂ ਪੂਰੀ ਦੁਨੀਆ ਉੱਜੜ ਗਈ। ਉਸ ਨੇ ਕਿਹਾ ਕਿ ਸਰਕਾਰਾਂ ਵੀ ਸਿਰਫ 4 ਦਿਨ ਹੀ ਪੁੱਛਣਗੀਆਂ ਪਰ ਉਸ ਨੂੰ ਨਹੀਂ ਪਤਾ ਕਿ ਉਸ ਦੀ ਸਾਰੀ ਜ਼ਿੰਦਗੀ ਕਿਵੇਂ ਕੱਟੇਗੀ।
ਸ਼ਹੀਦ ਦੀ ਪਤਨੀ ਨੇ ਦੱਸਿਆ ਕਿ ਘਟਨਾ ਤੋਂ ਕੁਝ ਘੰਟੇ ਪਹਿਲਾਂ ਹੀ ਜੈਮਲ ਸਿੰਘ ਨੇ ਉਸ ਨੂੰ ਫੋਨ 'ਤੇ ਸ਼੍ਰੀਨਗਰ ਜਾਣ ਦੀ ਗੱਲ ਕਹੀ ਪਰ ਮੌਸਮ ਖਰਾਬ ਹੋਣ ਕਾਰਨ ਫੋਨ ਕੱਟਿਆ ਗਿਆ, ਫਿਰ ਬਾਅਦ 'ਚ ਉਸ ਨੂੰ ਫੋਨ ਆਇਆ ਕਿ ਜਿਸ ਬੱਸ 'ਤੇ ਅੱਤਵਾਦੀਆਂ ਵਲੋਂ ਹਮਲਾ ਕੀਤਾ ਗਿਆ ਹੈ, ਉਹ ਬੱਸ ਜੈਮਲ ਸਿੰਘ ਹੀ ਚਲਾ ਰਿਹਾ ਸੀ।
ਸ਼ਹੀਦ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪੁੱਤ ਦੀ ਸ਼ਹਾਦਤ 'ਤੇ ਮਾਣ ਹੈ, ਉੱਥੇ ਹੀ ਰਿਸ਼ਤੇਦਾਰਾਂ ਨੇ ਸਰਕਾਰ 'ਤੇ ਗਿਲ੍ਹਾ ਕਰਦਿਆਂ ਇਸ ਦਾ ਬਦਲਾ ਲੈਣ ਦੀ ਗੱਲ ਕਹੀ ਹੈ। ਪਿੰਡ ਦੇ ਸਰਪੰਚ ਬਿੰਦਰ ਸਿੰਘ ਨੇ ਦੱਸਿਆ ਕਿ ਜੈਮਲ ਸਿੰਘ ਸਾਲ 1993 ਤੋਂ ਹੀ ਦੇਸ਼ ਦੀ ਸੇਵਾ 'ਚ ਲੱਗਾ ਹੋਇਆ ਸੀ ਅਤੇ ਅਖੀਰ ਨੂੰ ਦੇਸ਼ ਖਾਤਰ ਸ਼ਹਾਦਤ ਪ੍ਰਾਪਤ ਕਰ ਗਿਆ। ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਜੈਮਲ ਸਿੰਘ ਹੁਣ ਵਾਪਸ ਨਹੀਂ ਪਰਤੇਗਾ।