ਕਰਤਾਰਪੁਰ ਹਾਈਵੇ 'ਤੇ ਗੋਲੀਆਂ ਚਲਾ ਲੁੱਟੇ 44 ਲੱਖ

Tuesday, Jul 23, 2019 - 10:31 AM (IST)

ਕਰਤਾਰਪੁਰ ਹਾਈਵੇ 'ਤੇ ਗੋਲੀਆਂ ਚਲਾ ਲੁੱਟੇ 44 ਲੱਖ

ਕਪੂਰਥਲਾ  (ਭੂਸ਼ਣ, ਸਤਨਾਮ )-ਢਿਲਵਾਂ-ਰਾਸ਼ਟਰੀ ਰਾਜ ਮਾਰਗ ਤੇ ਸੋਮਵਾਰ ਸ਼ਾਮ ਹੋਈ ਇਕ ਸਨਸਨੀਖੇਜ ਵਾਰਦਾਤ ਦੌਰਾਨ ਫਰਜੀ ਟ੍ਰੇਵਲ ਏਜੰਟਾਂ ਦੇ 2 ਗੁਟ ਰਕਮ ਦੀ ਲੈਣ-ਦੇਣ ਨੂੰ ਲੈ ਕੇ ਆਪਸ ਵਿਚ ਉਲਝ ਪਏ। ਜਿਸ ਦੌਰਾਨ ਇਕ ਗੁਟ ਦੇ ਮੈਂਬਰ ਨੇ ਦੂੱਜੇ ਗੁਟ ਦੇ ਮੈਂਬਰ 'ਤੇ ਫਾਇਰਿੰਗ ਕਰ ਦਿੱਤੀ ਤੇ ਉਸ ਪਾਸੋਂ 44 ਲੱਖ ਰੁਪਏ ਦੀ ਰਕਮ ਖੋਹ ਲਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਨਾਂ ਗੁੱਟਾ ਨਾਲ 6-7 ਮੁਲਜ਼ਮ 2 ਗੱਡੀਆਂ 'ਚ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਕਾਰਵਾਈ ਕਰਦੇ ਹੋਏ ਇਕ ਟ੍ਰੇਵਲ ਏਜੰਟ ਨੂੰ ਲਾਈਸੰਸੀ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ। ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਢਿਲਵਾਂ-ਕਰਤਾਰਪੁਰ ਕੌਮੀ ਹਾਈ ਵੇਅ 'ਤੇ ਪੈਂਦੇ ਹਮੀਰਾ ਨੇੜਲੇ ਇਕ ਹੋਟਲ 'ਚ ਗੱਡੀਆ 'ਚ ਆਏ 7-8 ਵਿਅਕਤੀ ਕਿਸੇ ਝਗੜੇ ਦੇ ਨਿਪਟਾਰੇ ਲਈ ਬੈਠੇ ਹੋਏ ਸਨ। ਇਸ ਦੌਰਾਨ ਦੋਵੇਂ ਗੁਟਾਂ 'ਚ ਗੋਲੀਬਾਰੀ ਸ਼ੁਰੂ ਹੋ ਗਈ। ਜਿਸ ਕਾਰਨ ਲੋਕਾਂ 'ਚ ਹਫੜਾ-ਤਫ਼ੜੀ ਮਚ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਪੀ. ਭੁਲੱਥ ਡਾ. ਸਿਮਰਨ ਕੌਰ ਅਤੇ ਐੱਸ. ਐੱਚ. ਓ. ਸੁਭਾਨਪੁਰ ਇੰਸਪੈਕਟਰ ਸ਼ਿਵ ਕਮਲ ਸਿੰਘ ਮੌਕੇ 'ਤੇ ਪੁੱਜੇ। ਪੁਲਸ ਇਕ ਮੁਲਜਮ ਨੂੰ ਲਾਇਸੰਸੀ ਪਿਸਤੌਲ ਸਮੇਤ ਗ੍ਰਿਫਤਾਰ ਕਰ ਲਿਆ । ਪੁੱਛ-ਗਿਛ ਦੌਰਾਨ ਕਾਬੂ ਵਿਅਕਤੀ ਨੇ ਆਪਣਾ ਨਾਮ ਸਿਮਰਨਜੀਤ ਸਿੰਘ ਉਰਫ ਪ੍ਰਿੰਸ ਪੁੱਤਰ ਸਤਿੰਦਰ ਸਿੰਘ ਵਾਸੀ ਸ਼ਹਾਰਟਾ ਅੰਮ੍ਰਿਤਸਰ ਦੱਸਿਆ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਹ ਟ੍ਰੇਵਲ ਏਜੰਟੀ ਦਾ ਕੰਮ ਕਰਦਾ ਹੈ ਅਤੇ ਉਹ ਦਿੱਲੀ ਨਾਲ ਸਬੰਧਤ ਕੁੱਝ ਕਬੂਤਰਬਾਜ਼ਾਂ ਨੂੰ ਵਿਦੇਸ਼ ਭੇਜਣ ਲਈ ਨੌਜਵਾਨ ਦਿੰਦਾ ਹੈ। ਜਿਸ ਦੇ ਬਦਲੇ 'ਚ ਉਹ ਮੋਟੀ ਕਮੀਸ਼ਨ ਲੈਂਦਾ ਹੈ। ਸਿਮਰਨਜੀਤ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੂੰ ਸਬ ਏਜੰਟ ਗੁਰਬਾਜ ਸਿੰਘ ਨੇ 2 ਨੌਜਵਾਨ ਕੈਨੇਡਾ ਭੇਜਣ ਲਈ ਦਿੱਤੇ ਸਨ, ਜਿਨ੍ਹਾਂ ਲਈ 44 ਲੱਖ ਰੁਪਏ 'ਚ ਸੌਦਾ ਤੈਅ ਹੋਇਆ ਸੀ ।

ਇਸ ਦੌਰਾਨ ਉਸ ਨੂੰ ਨਵੀਂ ਦਿੱਲੀ ਤੋਂ ਆਏ ਫਰਜੀ ਟ੍ਰੇਵਲ ਏਜੰਟ ਸਤੀਸ਼ ਕੁਮਾਰ, ਮੋਹਾਂ, ਸੰਨੀ ਅਤੇ ਅਰੁਣ ਨੇ ਆਪਣੇ ਇਕ ਹੋਰ ਸਾਥੀ ਦੇ ਨਾਲ ਰਕਮ ਲੈਣ ਲਈ ਉਕਤ ਹੋਟਲ 'ਚ ਬੁਲਾਇਆ ਸੀ। ਜਿਸ ਦੌਰਾਨ ਉਨ੍ਹਾਂ 'ਚ ਕਮੀਸ਼ਨ ਨੂੰ ਲੈ ਕੇ ਆਪਸ ਵਿਚ ਬਹਿਸ ਸ਼ੁਰੂ ਹੋ ਗਈ। ਦਿੱਲੀ ਤੋਂ ਆਏ ਟ੍ਰੇਵਲ ਏਜੰਟ ਉਨ੍ਹਾਂ 'ਤੇ ਪੂਰੀ 44 ਲੱਖ ਰੁਪਏ ਦੀ ਰਕਮ ਦੇਣ ਦਾ ਦਬਾਅ ਪਾ ਰਹੇ ਸਨ ਤਾਂ ਕਿ ਉਹ ਦੋਨ੍ਹਾਂ ਨੌਜਵਾਨਾਂ ਨੂੰ ਕੈਨੇਡਾ ਭੇਜ ਸਕੇ ਪਰ ਇਸ ਦੌਰਾਨ ਕਮੀਸ਼ਨਬਾਜੀ ਨੂੰ ਲੈ ਕੇ ਹੋਈ ਬਹਿਸ 'ਚ ਦੋਵਾਂ ਪੱਖਾਂ 'ਚ ਗੋਲੀਆਂ ਚੱਲ ਗਈਆਂ। ਇਸ ਗੋਲੀਬਾਰੀ ਦੌਰਾਨ ਦਿੱਲੀ ਤੋਂ ਆਏ ਟ੍ਰੇਵਲ ਏਜੰਟ ਉਸ ਤੋਂ 44 ਲੱਖ ਰੁਪਏ ਦੀ ਰਕਮ ਖੌਹ ਕੇ ਫਰਾਰ ਹੋ ਗਏ। ਐੱਸ. ਐੱਸ. ਪੀ. ਸਤਿੰਦਰ ਸਿੰਘ ਅਤੇ ਐੱਸ. ਪੀ. ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਨੇ ਮੌਕੇ ਦਾ ਮੁਆਇਆਨਾ ਕੀਤਾ ਅਤੇ ਮੁਲਜਮ ਸਿਮਰਨਜੀਤ ਸਿੰਘ ਤੋਂ ਪੁੱਛਗਿਛ ਕੀਤੀ। ਪੁਲਸ ਬਾਕੀ ਮੁਲਜ਼ਮਾਂ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਹੈ।


author

Karan Kumar

Content Editor

Related News