ਕਰਤਾਰ ਨਗਰ ਦੇ ਲੋਕਾਂ ਨੇ ਕੀਤੀ ਰਸਤੇ ਦੀ ਮੰਗ

Friday, Feb 16, 2018 - 10:25 AM (IST)


ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ) - ਮੰਡੀ ਲੱਖੇਵਾਲੀ ਦੇ ਰਹਿਣ ਵਾਲੇ ਕੁਝ ਦਲਿਤ ਵਰਗ ਦੇ ਲੋਕ ਆਪਣੇ ਘਰਾਂ ਨੂੰ ਜਾਣ ਲਈ ਰਸਤਾ ਨਾ ਹੋਣ ਕਰ ਕੇ ਕਾਫੀ ਪ੍ਰੇਸ਼ਾਨ ਹਨ। ਇਸ ਲਈ ਉਨ੍ਹਾਂ ਇਕ ਮੰਗ-ਪੱਤਰ ਦਲਿਤ ਹਿਊਮਨ ਰਾਈਟ ਸਟੇਟ ਕੋ-ਆਰਡੀਨੇਟਰ ਅਸ਼ੋਕ ਮਹਿੰਦਰਾ ਨੂੰ ਦਿੱਤਾ। 
ਮੰਗ-ਪੱਤਰ ਰਾਹੀਂ ਮੰਡੀ ਲੱਖੇਵਾਲੀ ਕਰਤਾਰ ਨਗਰ ਦੇ ਨਿਵਾਸੀ ਕਸ਼ਮੀਰ ਸਿੰਘ, ਦੇਸ ਰਾਜ, ਬਲਵੀਰ ਚੰਦ, ਸੰਦੀਪ ਕੁਮਾਰ, ਦਲੀਪ ਕੁਮਾਰ, ਕਿਰਨਾ ਦੇਵੀ ਅਤੇ ਛਿੰਦਰਪਾਲ ਨੇ ਦੱਸਿਆ ਕਿ ਸਾਡੇ ਘਰ ਕਰਤਾਰ ਨਗਰ ਵਿਚ ਹਨ, ਜਿਸ 'ਤੇ ਅਸੀਂ ਰਹਿ ਰਹੇ ਹਾਂ, ਉਹ ਜ਼ਮੀਨ ਅਸੀਂ ਕਰੀਬ 40 ਸਾਲ ਪਹਿਲਾਂ ਖਰੀਦ ਕੀਤੀ ਸੀ, ਜਿਸ ਦੀ ਸਾਨੂੰ ਹੁਣ ਮਾਲਕ ਰਜਿਸਟਰੀ ਕਰਵਾਉਣ ਤੋਂ ਨਾਂਹ-ਨੁੱਕਰ ਕਰ ਰਿਹਾ ਹੈ ਅਤੇ ਰਸਤਾ ਨਹੀਂ ਦੇ ਰਿਹਾ। 
ਉਨ੍ਹਾਂ ਦੱਸਿਆ ਕਿ ਇੱਥੇ ਕਰੀਬ 12-13 ਘਰ ਬਣੇ ਹੋਏ ਹਨ। ਸਾਡੇ ਘਰਾਂ ਨੂੰ ਕੋਈ ਆਉਣ-ਜਾਣ ਦਾ ਰਸਤਾ ਨਹੀਂ ਹੈ। ਸਾਨੂੰ ਬੜੀ ਮੁਸ਼ਕਲ ਨਾਲ ਆਪਣੇ ਘਰ ਦੇ ਪਿਛਲੇ ਪਾਸੇ ਦੀ ਰੇਲਵੇ ਲਾਈਨਾਂ ਦੇ ਉੱਪਰੋਂ ਟੱਪ ਕੇ ਜਾਣਾ ਪੈਂਦਾ ਹੈ। ਸਾਡੇ ਸਕੂਲੀ ਬੱਚੇ ਅਤੇ ਔਰਤਾਂ ਨੂੰ ਬੜੀ ਮੁਸ਼ਕਲਾਂ ਦਾ ਸਹਾਮਣਾ ਕਰਨਾ ਪੈਂਦਾ ਹੈ, ਜੋ ਕਿ ਕਰਤਾਰ ਨਗਰ ਨੂੰ ਰਸਤਾ ਆਉਂਦਾ ਸੀ, ਉਸ ਦੀ ਚੌੜਾਈ ਕਰੀਬ 10 ਫੁੱਟ ਹੈ। ਇਹ ਰਸਤਾ ਕਰਤਾਰ ਨਗਰ ਨੂੰ ਮੇਨ ਰੋਡ ਜਲਾਲਾਬਾਦ ਵਾਲੀ ਸੜਕ ਤੋਂ ਆਉਂਦਾ ਹੈ, ਜਦਕਿ ਜ਼ਮੀਨ ਦੇ ਮਾਲਕ ਨੇ ਇਸ ਨੂੰ ਆਪਣੀ ਜ਼ਮੀਨ 'ਚ ਰਲਾ ਲਿਆ ਹੈ।


Related News