ਕਾਰਗਿਲ ਦੀ ਜੰਗ ਜਿੱਤਣ ਵਾਲੇ ਸ਼ਹੀਦ ਫੌਜੀ ਦੀ ਧੀ ਨੂੰ 8 ਸਿੱਖ ਚੜ੍ਹਦੀ ਕਲਾ ਰੈਜ਼ੀਮੈਂਟ ਨੇ ਲਿਆ ਗੋਦ

Monday, Jul 05, 2021 - 11:13 AM (IST)

ਕਾਰਗਿਲ ਦੀ ਜੰਗ ਜਿੱਤਣ ਵਾਲੇ ਸ਼ਹੀਦ ਫੌਜੀ ਦੀ ਧੀ ਨੂੰ 8 ਸਿੱਖ ਚੜ੍ਹਦੀ ਕਲਾ ਰੈਜ਼ੀਮੈਂਟ ਨੇ ਲਿਆ ਗੋਦ

ਅਜਨਾਲਾ (ਗੁਰਜੰਟ) - 2015 ’ਚ ਉੜੀ ਸੈਕਟਰ ’ਚ ਆਪਣੇ ਦੇਸ਼ ਦੀ ਰੱਖਿਆ ਦੌਰਾਨ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਫੌਜੀ ਜਵਾਨ ਹਰਪ੍ਰੀਤ ਸਿੰਘ ਦੀ ਸਾਲਾਨਾ ਬਰਸੀ ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਅੱਬੂਸੈਦ ਵਿਖੇ ਮਨਾਈ ਗਈ। ਇਸ ਮੌਕੇ 8 ਸਿੱਖ ਚੜ੍ਹਦੀਕਲਾ ਰੈਜ਼ੀਮੈਂਟ ਵੱਲੋਂ ਸ਼ਹੀਦ ਫੌਜੀ ਦੇ ਪਰਿਵਾਰ ਦਾ ਸਹਾਰਾ ਬਣਦਿਆਂ ਉਸ ਦੀ 7 ਸਾਲਾ ਛੋਟੀ ਬੇਟੀ ਨਿਮਰਤ ਕੌਰ ਨੂੰ ਗੋਦ ਲੈਂਦਿਆਂ ਬੇਟੀ ਦੀ ਪੜ੍ਹਾਈ ਤੋਂ ਲੈ ਕੇ ਸਾਰਾ ਖ਼ਰਚਾ ਚੁੱਕਣ ਦਾ ਵਾਅਦਾ ਕੀਤਾ।

ਸ਼ਹੀਦ ਹਰਪ੍ਰੀਤ ਸਿੰਘ ਦੀ ਬਰਸੀ ’ਤੇ ਆਏ 8 ਸਿੱਖ ਚੜ੍ਹਦੀਕਲਾ ਰੈਜ਼ੀਮੈਂਟ ਦੇ ਸੂਬੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਰੈਜ਼ੀਮੈਂਟ ਦੇ ਕਮਾਂਡਿੰਗ ਅਫ਼ਸਰ ਕਰਨਲ ਹਿੰਮਤ ਕੰਡਪਾਲ ਅਤੇ ਸੂਬੇਦਾਰ ਮੇਜਰ ਭੁਪਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸ਼ਹੀਦ ਜਵਾਨ ਦੀ 7 ਸਾਲਾ ਧੀ ਨੂੰ 8 ਸਿੱਖ ਚੜ੍ਹਦੀਕਲਾ ਰੈਜ਼ੀਮੈਂਟ ਵੱਲੋਂ ਗੋਦ ਲਿਆ ਗਿਆ ਹੈ। ਹੁਣ ਉਸ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ ਅਤੇ ਇਸ ਤੋਂ ਇਲਾਵਾ ਰੈਜ਼ੀਮੈਂਟ ਵੱਲੋਂ ਸ਼ਹੀਦ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਹਮੇਸ਼ਾ ਬਣਦਾ ਮਾਣ-ਸਨਮਾਨ ਵੀ ਦਿੱਤਾ ਜਾਵੇਗਾ। 

ਇਸ ਮੌਕੇ ਸ਼ਹੀਦ ਦੇ ਪਿਤਾ ਗੁਰਵੇਲ ਸਿੰਘ ਨੇ ਦੁਖੀ ਹਿਰਦੇ ਨਾਲ ਕਿਹਾ ਕਿ ਜਵਾਨ ਪੁੱਤ ਦਾ ਵਿਛੋੜਾ ਝੱਲਣਾ ਬਹੁਤ ਔਖਾ ਹੈ ਪਰ ਵਾਹਿਗੁਰੂ ਦੇ ਭਾਣੇ ਨੂੰ ਕੌਣ ਟਾਲ ਸਕਦਾ ਹੈ ਅਤੇ ਦੂਜਾ ਇਸ ਗੱਲ ਦਾ ਮਾਣ ਵੀ ਹੈ ਕਿ ਸਾਡਾ ਪੁੱਤ ਦੇਸ਼ ਦੀ ਰਾਖੀ ਲਈ ਸ਼ਹੀਦ ਹੋ ਗਿਆ। ਇਸ ਮੌਕੇ ਸ਼ਹੀਦ ਹਰਪ੍ਰੀਤ ਸਿੰਘ ਦੀ ਪਤਨੀ ਇੰਦਰਜੀਤ ਕੌਰ ਨੇ 8 ਸਿੱਖ ਚੜ੍ਹਦੀਕਲਾ ਰੈਜ਼ੀਮੈਂਟ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਤੀ ਦੇ ਸ਼ਹੀਦ ਹੋਣ ਤੋਂ ਬਾਅਦ ਰੈਜ਼ੀਮੈਂਟ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਇਕ ਬਹੁਤ ਵੱਡਾ ਸਹਾਰਾ ਦਿੰਦਿਆਂ ਬੇਟੀ ਨੂੰ ਗੋਦ ਲਿਆ ਗਿਆ ਹੈ, ਜਿਸ ਨਾਲ ਉਨ੍ਹਾਂ ਦਾ ਅੱਧਾ ਭਾਰ ਹੌਲਾ ਹੋ ਗਿਆ। 

ਜ਼ਿਕਰਯੋਗ ਹੈ ਕਿ ਸ਼ਹੀਦ ਹਰਪ੍ਰੀਤ ਸਿੰਘ ਕਾਰਗਿਲ ਦੀ ਜੰਗ ਦੌਰਾਨ ਦੁਸ਼ਮਣਾਂ ਦੇ ਦੰਦ ਖੱਟੇ ਜਿੱਤ ਪ੍ਰਾਪਤ ਵੀ ਕਰ ਚੁੱਕਾ ਸੀ ਅਤੇ ਉਹ ਆਪਣੀ ਸ਼ਹੀਦੀ ਤੋਂ ਬਾਅਦ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ 2 ਬੇਟੀਆਂ ਅਤੇ ਪਤਨੀ ਛੱਡ ਗਿਆ। ਇਸ ਮੌਕੇ ਰੈਜ਼ੀਮੈਂਟ ਤੋਂ ਸੂਬੇਦਾਰ ਅਵਤਾਰ ਸਿੰਘ, ਹੌਲਦਾਰ ਸਰਬਜੀਤ ਸਿੰਘ, ਸਾਬਕਾ ਸੂਬੇਦਾਰ ਧਨਰਾਜ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।


author

rajwinder kaur

Content Editor

Related News