ਹਫਤਾ ਸਕੂਲ ਨਾ ਗਏ ਬੱਚੇ 'ਤੇ ਅਧਿਆਪਕ ਦਾ ਕਹਿਰ, ਪਿੰਡੇ 'ਤੇ ਪਈਆਂ ਲਾਸਾਂ (ਵੀਡੀਓ)
Sunday, Jul 21, 2019 - 10:02 AM (IST)
ਕਪੂਰਥਲਾ (ਮੀਨੂੰ ਓਬਰਾਏ) - ਰੱਬ ਦਾ ਰੂਪ ਮੰਨੇ ਜਾਂਦੇ ਅਧਿਆਪਕਾਂ ਵਲੋਂ ਵਾਰ-ਵਾਰ ਆਪਣਾ ਜੱਲਾਦਾਂ ਵਾਲਾ ਰੂਪ ਦਿਖਾਇਆ ਜਾ ਰਿਹਾ ਹੈ, ਜਿਸ ਦਾ ਸ਼ਿਕਾਰ ਮਾਸੂਮ ਬੱਚੇ ਹੋ ਰਹੇ ਹਨ। ਅਜਿਹਾ ਹੀ ਇਕ ਮਾਮਲਾ ਕਪੂਰਥਲਾ ਦੇ ਪਿੰਡ ਤੋਤੀ ਵਾਲਾ ਦਾ ਸਾਹਮਣੇ ਆਇਆ ਹੈ, ਜਿਥੇ ਬੱਚੇ ਦੇ ਪਿੰਡੇ 'ਤੇ ਪਈਆਂ ਲਾਸਾਂ, ਉਸ ਦੇ ਅਧਿਆਪਕ ਦੀ ਦੇਣ ਹਨ। ਦੱਸ ਦੇਈਏ ਕਿ ਸਰਕਾਰੀ ਮਿਡਲ ਸਕੂਲ 'ਚ 8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਰਾਜਬੀਰ ਸਿੰਘ ਨੂੰ ਉਸ ਦੇ ਅਧਿਆਪਕ ਨੇ ਇਸ ਤਰ੍ਹਾਂ ਜਾਨਵਰਾਂ ਵਾਂਗ ਕੁੱਟਿਆ ਕਿ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਬੱਚੇ ਦਾ ਕਸੂਰ ਸਿਰਫ ਇਹ ਸੀ ਕਿ ਉਹ ਬਿਮਾਰ ਹੋਣ ਕਰਕੇ ਕੁਝ ਦਿਨ ਸਕੂਲ ਨਹੀਂ ਸੀ ਆਇਆ।
ਇਸ ਘਟਨਾ ਦੇ ਬਾਰੇ ਜਦੋਂ ਬਲਾਕ ਸਿੱਖਿਆ ਅਫਸਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇਸ ਦੀ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਜਾਵੇਗੀ।ਦੱਸਣਯੋਗ ਹੈ ਕਿ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਲਿਆ ਕੇ ਖੜ੍ਹਾ ਕਰਨ ਲਈ ਲੱਖ ਯਤਨ ਕੀਤੇ ਜਾ ਰਹੇ ਹਨ ਪਰ ਬੱਚਿਆਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਕੁਝ ਹੋਰ ਹੀ ਬਿਆਨ ਕਰ ਰਹੀਆਂ ਹਨ।