ਟਰਾਲੇ ਨੂੰ ਡਰਾਈਵਰ ਸਮੇਤ ਹਿਮਾਚਲ ਬਾਰਡਰ ''ਤੇ ਗੱਡੀ ਸਵਾਰ ਲੁਟੇਰਿਆਂ ਨੇ ਕੀਤਾ ਅਗਵਾ

11/12/2020 10:13:39 AM

ਕਲਾਨੌਰ (ਮਨਮੋਹਨ): ਜੰਮੂ ਵਿਖੇ ਕਾਰਾਂ ਦੀ ਡਲਿਵਰੀ ਕਰ ਕੇ ਵਾਪਸ ਆ ਰਹੇ ਟਰਾਲੇ ਨੂੰ ਡਰਾਈਵਰ ਸਮੇਤ ਹਿਮਾਚਲ ਬਾਰਡਰ 'ਤੇ ਬੋਲੈਰੋ ਕੈਂਪਰ 'ਤੇ ਸਵਾਰ ਲੁਟੇਰਿਆਂ ਨੇ ਅਗਵਾ ਕਰ ਕੇ 20 ਹਜ਼ਾਰ ਰੁਪਏ ਅਤੇ ਟਰਾਲੇ ਦੇ 5 ਟਾਇਰ, ਬੈਟਰੀਆਂ, ਡੀਜ਼ਲ ਆਦਿ ਸਾਮਾਨ ਦੀ ਲੁੱਟ ਕਰ ਕੇ ਰੱਫੂ ਚੱਕਰ ਹੋ ਗਏ।ਇਸ ਘਟਨਾ ਸਬੰਧੀ ਮਰੂਤੀ ਟੇਲਰ ਟਰਾਲੇ ਦੇ ਡਰਾਈਵਰ ਧਰਮ ਪਾਲ ਪੁੱਤਰ ਪਵਨ ਲਾਲ ਵਾਸੀ ਸ਼ੀਕਰ (ਰਾਜਸਥਾਨ) ਨੇ ਦੱਸਿਆ ਕਿ ਇੰਡੀਅਨ ਵ੍ਹੀਕਲ ਕੈਰੀਅਰ ਕੰਪਨੀ ਅਹਿਮਦਾਬਾਦ (ਗੁਜਰਾਤ) ਤੋਂ ਮਰੂਤੀ ਟੇਲਰ ਟਰਾਲਾ ਨੰਬਰ ਐੱਮ. ਐੱਚ. 12 ਐੱਨ. ਐਕਸ. 7648 ਰਾਹੀਂ ਕਾਰਾਂ ਲੱਦ ਕੇ ਜੰਮੂ ਵਿਖੇ ਡਲਿਵਰੀ ਕਰਨ ਉਪੰਰਤ ਬੀਤੀ ਰਾਤ ਵਾਪਸ ਗੁੜਗਾਓਂ ਜਾ ਰਿਹਾ ਸੀ ਕਿ ਹਿਮਾਚਲ ਪ੍ਰਦੇਸ਼ ਦਾ ਬਾਰਡਰ ਕਰਾਸ ਕਰ ਕੇ ਜਦ ਕਰੀਬ 9 ਵਜੇ ਲਗਭੱਗ 10 ਕਿਲੋਮੀਟਰ ਦੀ ਦੂਰੀ 'ਤੇ ਪਹੁੰਚਿਆ ਤਾਂ ਬੋਲੈਰੋ ਕੈਂਪਰ ਨੇ ਸਵਾਰ 3 ਨੌਜਵਾਨਾਂ ਕੇ ਮੈਨੂੰ ਰੋਕ ਕਹਿਣ ਲੱਗੇ ਕਿ ਤੂੰ ਬਾਰਡਰ ਤੋੜ ਕੇ ਆਇਆ ਆ ਤੈਨੂੰ 20 ਹਜ਼ਾਰ ਰੁਪਏ ਜੁਰਮਾਨਾ ਹੋਣਾ ਹੈ, ਮੈਨੂੰ ਆਪਣੀ ਗੱਡੀ 'ਚ ਬੈਠਾ ਲਿਆ ਅਤੇ ਟਰਾਲੇ ਨੂੰ ਉਨ੍ਹਾਂ ਦਾ ਬੰਦਾ ਚਲਾਉਣ ਲੱਗ ਪਿਆ।

ਇਹ ਵੀ ਪੜ੍ਹੋ : ਬੇਸ਼ਰਮੀ ਦੀਆਂ ਹੱਦਾਂ ਪਾਰ: ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗਾ ਨੂੰ ਬਣਾਇਆ ਆਪਣਾ ਸ਼ਿਕਾਰ

ਰਸਤੇ 'ਚ ਉਕਤ ਨੌਜਵਾਨਾਂ ਨੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਜੇਬ 'ਚੋਂ 15 ਹਜ਼ਾਰ ਰੁਪਏ ਅਤੇ ਏ. ਟੀ. ਐੱਮ. ਖੋਹ ਕੇ ਉਸ 'ਚੋਂ ਇਕ ਪੈਟਰੋਲ ਪੰਪ 'ਤੇ 5 ਹਜ਼ਾਰ ਰੁਪਏ ਕੱਢਵਾ ਲਏ ਅਤੇ 1 ਹਜ਼ਾਰ ਰੁਪਏ ਦਾ ਤੇਲ ਆਪਣੀ ਗੱਡੀ 'ਚ ਪਵਾ ਲਿਆ। ਉਪਰੰਤ ਉਨ੍ਹਾਂ ਨੇ ਰਸਤੇ 'ਚ ਸਾਡੀ ਕੰਪਨੀ ਦੀ ਗੱਡੀ ਦਾ ਟਰਾਲਾ ਵੱਖ ਕਰ ਕੇ ਉਥੇ ਹੀ ਛੱਡ ਦਿੱਤਾ ਅਤੇ ਟਰਾਲੇ ਤੋਂ ਬਗੈਰ ਗੱਡੀ ਨੂੰ ਨੈਸ਼ਨਲ ਹਾਈਵੇ ਮਾਰਗ ਨਜ਼ਦੀਕ ਰੁਡਿਆਣਾ ਮੋੜ ਕਲਾਨੌਰ ਵਿਖੇ ਲੈ ਗਏ ਅਤੇ ਰਾਤ ਸਮੇਂ ਗੱਡੀ ਖੜ੍ਹੀ ਕਰ ਕੇ 5 ਟਾਇਰ, ਬੈਟਰੀਆਂ, ਡੀਜ਼ਲ ਆਦਿ ਦੀ ਲੁੱਟ ਕਰ ਕੇ ਆਪਣੀ ਗੱਡੀ 'ਚ ਲੱਦ ਕੇ ਲੈ ਗਏ ਅਤੇ ਮੈਨੂੰ ਵੀ ਡੇਰਾ ਬਾਬਾ ਨਾਨਕ ਸਾਈਡ ਵੱਲ ਘਟਨਾ ਸਥਾਨ ਤੋਂ ਕਰੀਬ 5-6 ਕਿਲੋਮੀਟਰ ਦੂਰੀ 'ਤੇ ਉਤਾਰ ਗਏ। ਇਸ ਤੋਂ ਬਾਅਦ ਉਹ ਪੈਦਲ ਹੀ ਗੱਡੀ ਨੇੜੇ ਵਾਪਸ ਆਇਆ ਅਤੇ ਪੁਲਸ ਥਾਣਾ ਕਲਾਨੌਰ ਨੂੰ ਘਟਨਾ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਬਿਹਾਰ ਚੋਣਾਂ ਹੋਈਆਂ ਸੰਪੰਨ, ਪੰਜਾਬ 'ਚ ਹੁਣ ਬਣੇਗਾ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਲਾਨੌਰ ਦੇ ਐੱਸ.ਐੱਚ.ਓ. ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਘਟਨਾ ਦਾ ਜਾਇਜ਼ਾ ਲਿਆ ਹੈ, ਇਹ ਘਟਨਾ ਹਿਮਾਚਲ ਬਾਰਡਰ ਦੇ ਨਜ਼ਦੀਕ ਲੱਗਦੇ ਇਲਾਕੇ ਦੀ ਹੈ, ਜਿਥੋਂ ਉਕਤ ਲੁਟੇਰਿਆਂ ਨੇ ਡਰਾਈਵਰ ਨੂੰ ਅਗਵਾ ਕੀਤਾ ਸੀ ਅਤੇ ਇਸ ਲਈ ਕਾਰਵਾਈ ਉਥੋਂ ਦੀ ਪੁਲਸ ਦੀ ਬਣਦੀ ਹੈ। ਪੀੜਤ ਨੂੰ ਹਿਮਾਚਲ ਬਾਰਡਰ ਦੇ ਨਜ਼ਦੀਕ ਲਗਦੇ ਸਬੰਧਤ ਪੁਲਸ ਥਾਣੇ 'ਚ ਰਿਪੋਰਟ ਦਰਜ ਕਰਵਾਉਣ ਲਈ ਭੇਜ ਦਿੱਤਾ ਗਿਆ ਹੈ।


Baljeet Kaur

Content Editor Baljeet Kaur