ਮੋਬਾਇਲ ਟਾਵਰ ਕਿਸੇ ਕੀਮਤ ''ਤੇ ਨਹੀਂ ਲੱਗਣ ਦੇਵਾਂਗੇ : ਮੁਹੱਲਾ ਵਾਸੀ

09/27/2017 12:49:54 PM

ਬਟਾਲਾ (ਬੇਰੀ) - ਮੰਗਲਵਾਰ ਕਾਹਨੂੰਵਾਨ ਰੋਡ 'ਤੇ ਪੈਂਦੀ ਲੱਲੀਆਂ ਵਾਲੀ ਗਲੀ ਵਿਸ਼ਵਕਰਮਾ ਰੋਡ 'ਤੇ ਉਸ ਵੇਲੇ ਮੁਹੱਲਾ ਵਾਸੀ ਭੜਕ ਗਏ ਜਦੋਂ ਮੁਹੱਲੇ ਵਿਚ ਲੱਗ ਰਹੇ ਇਕ ਕੰਪਨੀ ਦੇ ਟਾਵਰ ਨੂੰ ਲੈ ਕੇ ਮੁਹੱਲਾ ਵਾਸੀ ਅਤੇ ਕੰਪਨੀ ਦੇ ਅਧਿਕਾਰੀ ਆਹਮੋ-ਸਾਹਮਣੇ ਹੋ ਗਏ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੱਲਾ ਵਾਸੀ ਹਰਦੀਪ ਸਿੰਘ, ਹਰਭਜਨ ਸਿੰਘ, ਪਵਨ ਕੁਮਾਰ, ਸੁਭਾਸ਼ ਚੰਦਰ, ਕਰਨੈਲ ਸਿੰਘ, ਅਵਤਾਰ ਸਿੰਘ, ਸੰਤੋਖ ਸਿੰਘ, ਸੁਖਰਾਜ ਕੌਰ, ਪਰਮਜੀਤ ਕੌਰ, ਭਜਨ ਕੌਰ, ਬਲਵਿੰਦਰ ਕੌਰ, ਹਰਭਜਨ ਕੌਰ, ਰਾਣੀ, ਗੀਤਾ, ਪੂਨਮ, ਗੋਗੀ, ਆਰਤੀ, ਜੋਤੀ, ਪ੍ਰੀਆ, ਅਮਰਜੀਤ ਕੌਰ ਆਦਿ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਸਾਡੇ ਮੁਹੱਲੇ ਦੀ ਸੰਘਣੀ ਆਬਾਦੀ ਹੈ ਅਤੇ ਇਕ ਇਮਾਰਤ ਦੇ ਮਾਲਕ ਵੱਲੋਂ ਮੋਬਾਇਲ ਟਾਵਰ ਲਵਾਇਆ ਜਾ ਰਿਹਾ ਹੈ, ਜਿਸ ਨਾਲ ਮੁਹੱਲਾ ਵਾਸੀਆਂ ਦੀ ਸਿਹਤ 'ਤੇ ਬੁਰਾ ਅਸਰ ਹੋਵੇਗਾ ਕਿਉਂਕਿ ਇਨ੍ਹਾਂ ਦੀਆਂ ਕਿਰਨਾਂ ਕਾਫੀ ਹਾਨੀਕਾਰਕ ਹੁੰਦੀਆਂ ਹਨ। 
ਉਨ੍ਹਾਂ ਕਿਹਾ ਕਿ ਇਸ ਸਬੰਧੀ ਅਸੀਂ ਟਾਵਰ ਲਾਉਣ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਟਾਵਰ ਨਾ ਲਾਉਣ ਬਾਰੇ ਕਿਹਾ ਸੀ ਪਰ ਉਨ੍ਹਾਂ ਸਾਡੀ ਗੱਲ ਵੱਲ ਧਿਆਨ ਨਹੀਂ ਦਿੱਤਾ, ਜਿਸਦੇ ਕਾਰਨ ਅਸੀਂ 24 ਅਗਸਤ ਨੂੰ ਐੱਸ. ਡੀ. ਐੱਮ. ਬਟਾਲਾ ਨੂੰ ਮਿਲੇ ਅਤੇ ਉਕਤ ਟਾਵਰ ਲਾਉਣ ਤੋਂ ਰੋਕਣ ਲਈ ਉਨ੍ਹਾਂ ਨੂੰ ਕਿਹਾ। ਮੁਹੱਲਾ ਵਾਸੀਆਂ ਨੇ ਕਿਹਾ ਕਿ ਐੱਸ. ਡੀ. ਐੱਮ. ਨੇ ਤੁਰੰਤ ਇਹ ਮਾਮਲਾ ਈ. ਓ. ਨਗਰ ਕੌਂਸਲ ਦੇ ਧਿਆਨ ਵਿਚ ਲਿਆਂਦਾ। ਉਨ੍ਹਾਂ ਕਿਹਾ ਕਿ ਇਸਦੇ ਬਾਵਜੂਦ ਅੱਜ ਇਕ ਕੰਪਨੀ ਦੇ ਕੁਝ ਵਰਕਰ ਉਥੇ ਟਾਵਰ ਲਗਾਉਣ ਆਏ ਸਨ ਪਰ ਅਸੀਂ ਇਹ ਟਾਵਰ ਨਹੀਂ ਲੱਗਣ ਦੇਵਾਂਗੇ। ਇਸ ਮੌਕੇ ਲੋਕਾਂ ਵੱਲੋਂ ਕੰਪਨੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਕਤ ਮੁਹੱਲਾ ਵਾਸੀਆਂ ਨੇ ਸਾਂਝੇ ਤੌਰ 'ਤੇ ਐੱਸ. ਡੀ. ਐੱਮ. ਬਟਾਲਾ ਤੋਂ ਮੰਗ ਕੀਤੀ ਕਿ ਇਸ ਟਾਵਰ ਨੂੰ ਇਥੋਂ ਲਗਾਉਣ ਤੋਂ ਰੋਕਿਆ ਜਾਵੇ।
ਕੀ ਕਹਿਣਾ ਰਸੀਲਾ ਇੰਜੀਨੀਅਰ ਦੇ ਮਾਲਕ ਦਾ
ਇਸ ਸਬੰਧੀ ਜਦੋਂ ਅਮਰਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲੱਲੀਆਂ ਵਾਲੀ ਗਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਮੁਹੱਲਾ ਵਾਸੀ ਟਾਵਰ ਨਾ ਲਗਵਾਉਣ ਦੇ ਸਬੰਧ ਵਿਚ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਉਹ ਇਕ ਕੰਪਨੀ ਨਾਲ ਲਿਖਤੀ ਰੂਪ ਵਿਚ ਐਗਰੀਮੈਂਟ ਕਰ ਚੁੱਕੇ ਹਨ ਅਤੇ ਹੁਣ ਮੋਬਾਇਲ ਕੰਪਨੀ ਹੀ ਇਸ ਬਾਰੇ ਫੈਸਲਾ ਲੈ ਸਕਦੀ ਹੈ।


Related News