ਕਬੱਡੀ ਖਿਡਾਰੀ ਅਮਰ ਘੱਸ ਦਾ ਹੋਇਆ ਸਸਕਾਰ, ਪਿਤਾ ਤੇ ਪਤਨੀ ਨੇ ਦੱਸੀਆਂ ਭਾਵੁਕ ਕਰ ਦੇਣ ਵਾਲੀਆਂ ਗੱਲਾਂ (ਵੀਡੀਓ)

Friday, Feb 24, 2023 - 09:11 PM (IST)

ਗੁਰਦਾਸਪੁਰ : ਮਸ਼ਹੂਰ ਕਬੱਡੀ ਖਿਡਾਰੀ ਅਮਰ ਘੱਸ ਦਾ ਅੰਤਿਮ ਸੰਸਕਾਰ ਜੱਦੀ ਪਿੰਡ ਘੱਸਪੁਰ ਦੇ ਸ਼ਮਸ਼ਾਨਘਾਟ ਵਿੱਚ ਬੜੇ ਹੀ ਗਮਗੀਨ ਮਾਹੌਲ 'ਚ ਕੀਤਾ ਗਿਆ। ਇਸ ਸੋਗ ਦੇ ਮਾਹੌਲ ਵਿੱਚ ਅਮਰ ਦੇ ਪਿਤਾ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਹੁਤ ਗਰੀਬੀ ਦੇਖੀ ਅਤੇ ਗਰੀਬੀ ਵਿੱਚ ਹੀ ਆਪਣੇ ਇਕਲੌਤੇ ਪੁੱਤਰ ਅਮਰਪ੍ਰੀਤ ਉਰਫ ਅਮਰ ਘੱਸ ਨੂੰ ਪਾਲਿਆ। ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ਤੋਂ ਹੀ ਅਮਰ ਨੂੰ ਕਬੱਡੀ ਖੇਡਣ ਦਾ ਸ਼ੌਕ ਪੈ ਗਿਆ ਕਿਉਂਕਿ ਪਰਿਵਾਰ ਵਿੱਚ ਬਜ਼ੁਰਗਾਂ ਤੋਂ ਹੀ ਭਲਵਾਨੀ ਦਾ ਕਣ ਸੀ। ਕਬੱਡੀ ਦੇ ਸ਼ੌਕ ਦੇ ਨਾਲ-ਨਾਲ 12ਵੀਂ ਜਮਾਤ ਤਕ ਪੜ੍ਹਾਈ ਕੀਤੀ ਅਤੇ ਫਿਰ ਕਬੱਡੀ ਖੇਡਣ ਲੱਗ ਪਿਆ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਵੀ ਪੂਰੀ ਖੁਰਾਕ ਦੇ ਕੇ ਆਪਣੇ ਪੁੱਤਰ ਅਮਰ ਨੂੰ ਪਾਲਿਆ ਸੀ। ਉਨ੍ਹਾਂ ਦੱਸਿਆ ਕਿ ਅਮਰ ਦਾ ਸੁਪਨਾ ਸੀ ਕਿ ਪਿੰਡ ਅਤੇ ਪਰਿਵਾਰ ਵਾਸਤੇ ਕੁਝ ਕਰੇ।

ਇਹ ਵੀ ਪੜ੍ਹੋ : ਸਾਬਕਾ ਵਿਧਾਇਕ ਨਾਲ ਹੋਈ ਕੁੱਟਮਾਰ, ਮੰਗੀ 50 ਲੱਖ ਦੀ ਫਿਰੌਤੀ, ਜਾਨੋਂ ਮਾਰਨ ਦੀ ਦਿੱਤੀ ਧਮਕੀ

ਪਿਤਾ ਦਾ ਕਹਿਣਾ ਸੀ ਕਿ ਅਮਰ ਘੱਸ ਦੀ ਕਬੱਡੀ ਕਾਰਨ ਹੀ ਮਸਾਂ ਹੀ ਪਰਿਵਾਰ ਹੌਲੀ-ਹੋਲੀ ਗਰੀਬੀ ਵਿੱਚੋਂ ਬਾਹਰ ਨਿਕਲ ਰਿਹਾ ਸੀ ਪਰ ਕੀ ਪਤਾ ਸੀ ਕਿ ਹੋਣੀ ਆਪਣਾ ਕਾਰਾ ਵਰਤਾ ਜਾਵੇਗੀ। ਪਿਤਾ ਖੁਸ਼ਵੰਤ ਸਿੰਘ ਨੇ ਦੱਸਿਆ ਕਿ ਬੁਢਾਪੇ ਵਿੱਚ ਜਵਾਨ ਪੁੱਤਰ ਦੇ ਦੁਨੀਆ ਤੋਂ ਇਵੇਂ ਚਲ ਜਾਣ ਨਾਲ ਸਾਡਾ ਤਾਂ ਲੱਕ ਹੀ ਟੁੱਟ ਗਿਆ। ਉਹਨਾਂ ਦੱਸਿਆ ਕਿ ਅਮਰ ਦੀ ਇਕ ਭੈਣ ਹੈ ਜੋ ਵਿਦੇਸ਼ ਵਿਆਹੀ ਹੋਈ ਹੈ। ਜ਼ਿਕਰਯੋਗ ਹੈ ਕਿ ਪਿੰਡ ਜੱਕੋਪੁਰ ਕਲਾਂ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿਥੇ ਅਮਰ ਘੱਸ ਕਬੱਡੀ ਖੇਡਣ ਗਿਆ ਹੋਇਆ ਸੀ ਤੇ ਦੂਸਰੀ ਰੇਡ ਦੌਰਾਨ ਉਸਨੂੰ ਡਿਗਣ ਕਾਰਨ ਸੱਟ ਲੱਗ ਗਈ। ਉਸ ਸੱਟ ਕਾਰਨ ਕੱਬਡੀ ਖਿਡਾਰੀ ਅਮਰ ਘੱਸ ਦੀ ਮੌਤ ਹੋ ਗਈ।

ਪਿਤਾ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਹੀ ਅਮਰ ਘਸ ਦਾ ਵਿਆਹ ਹੋਇਆ ਸੀ। ਉਥੇ ਹੀ ਅਮਰ ਘੱਸ ਦੀ ਪਤਨੀ ਪ੍ਰਭਜੋਤ ਕੌਰ ਨੇ ਰੋਂਦੇ ਹੋਏ ਬਸ ਇਹੋ ਕਿਹ ਰਹੀ ਸੀ ਕਿ ਮੈਨੂੰ ਕਦੇ ਵੀ ਇਕਲੇ ਨਹੀਂ ਛੱਡਦੇ ਸੀ ਪਰ ਹੁਣ ਇਕੱਲੇ ਛੱਡ ਕੇ ਤੁਰ ਗਏ। ਉਹਨਾਂ ਕਿਹਾ ਕਿ ਸਾਡੇ ਸਾਰੇ ਸੁਪਨੇ ਧਰੇ ਧਰਾਏ ਰਹਿ ਗਏ।


Mandeep Singh

Content Editor

Related News