'ਧਾਰਾ-370' ਹਟਣ ਦੇ ਅਸਰ ਬਾਰੇ ਪੰਜਾਬ ਸਮੇਤ ਦੂਜੇ ਸੂਬਿਆਂ ਦੀ ਹੋਵੇਗੀ 'ਸਾਂਝੀ ਬੈਠਕ'
Wednesday, Oct 09, 2019 - 10:56 AM (IST)
ਚੰਡੀਗੜ੍ਹ : ਧਾਰਾ-370 ਖਤਮ ਕੀਤੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਗੁਆਂਢੀ ਸੂਬਿਆਂ ਦੇ ਕੀ ਹਾਲਾਤ ਹਨ, ਇਸ ਸਬੰਧੀ ਪੰਜਾਬ, ਹਿਮਾਚਲ, ਚੰਡੀਗੜ੍ਹ ਅਤੇ ਹਰਿਆਣਾ ਦੇ ਇੰਟੀਲੀਜੈਂਸ ਵਿਭਾਗ ਦੀ ਇਕ ਸਾਂਝੀ ਬੈਠਕ ਅਗਲੇ ਹਫਤੇ ਚੰਡੀਗੜ੍ਹ 'ਚ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ ਗ੍ਰਹਿ ਮੰਤਰਾਲੇ ਵਲੋਂ ਇਨ੍ਹਾਂ ਸੂਬਿਆਂ ਨੂੰ ਭੇਜੀ ਚਿੱਠੀ 'ਚ ਕਿਹਾ ਗਿਆ ਹੈ ਕਿ ਇਕ ਸਾਂਝੀ ਬੈਠਕ ਬੁਲਾ ਕੇ ਆਪੋ-ਆਪਣੇ ਇਲਾਕਿਆਂ 'ਚ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇ, ਜੋ ਧਾਰਾ-370 ਹਟਣ ਤੋਂ ਬਾਅਦ ਸਾਹਮਣੇ ਆਏ ਹਨ।
ਚਿੱਠੀ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਸ ਦੇ ਹਟਾਏ ਜਾਣ ਦਾ ਗੁਆਂਢੀ ਸੂਬਿਆਂ ਦੀ ਕਾਨੂੰਨ-ਵਿਵਸਥਾ ਜਾਂ ਅੰਦਰੂਨੀ ਹਾਲਾਤ 'ਤੇ ਕੋਈ ਉਲਟਾ ਅਸਰ ਹੋਇਆ ਹੈ ਤਾਂ ਉਸ ਤੋਂ ਉਭਰਨ ਦਾ ਹੱਲ ਲੱਭਿਆ ਜਾਵੇ ਅਤੇ ਜੇਕਰ ਪ੍ਰਭਾਵ ਸਕਾਰਾਤਮਕ ਰਹੇ ਹਨ ਤਾਂ ਉਨ੍ਹਾਂ ਨੂੰ ਅੱਗੇ ਵੀ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ। ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਪੰਜਾਬ 'ਚ ਜੰਮੂ-ਕਸ਼ਮੀਰ ਦੇ ਹਾਲਾਤ ਨੂੰ ਲੈ ਕੇ ਕੋਈ ਨਕਾਰਾਤਮਕ ਅਸਰ ਦਿਖਾਈ ਨਹੀਂ ਦਿੱਤਾ।
ਫਿਰ ਵੀ ਸੂਬਾ ਪੁਲਸ ਨੇ ਜੰਮੂ-ਕਸ਼ਮੀਰ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਚੌਕਸੀ ਵਧਾ ਦਿੱਤੀ ਹੈ। ਅਜਿਹਾ ਹੀ ਹਿਮਾਚਲ ਪ੍ਰਦੇਸ਼ ਨੇ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਉਕਤ ਸਾਰੇ ਸੂਬਿਆਂ ਦੇ ਡੀ. ਜੀ. ਪੀ. ਵੀ ਹਿੱਸਾ ਲੈਣਗੇ ਅਤੇ ਸੂਚਨਾਵਾਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਸਾਂਝੀ ਕਾਰਵਾਈ ਲਈ ਇਕ ਜੁਆਇੰਟ ਵਿੰਗ ਦਾ ਵੀ ਗਠਨ ਕੀਤਾ ਜਾ ਸਕਦਾ ਹੈ।