ਫੌਜ ''ਚ ਭਰਤੀ ਹੋ ਕੇ ਲਵਾਂਗਾ ਭਰਾ ਦੀ ਮੌਤ ਦਾ ਬਦਲਾ

Sunday, Jan 21, 2018 - 04:44 AM (IST)

ਫੌਜ ''ਚ ਭਰਤੀ ਹੋ ਕੇ ਲਵਾਂਗਾ ਭਰਾ ਦੀ ਮੌਤ ਦਾ ਬਦਲਾ

ਸੰਗਰੂਰ/ਲਹਿਰਾਗਾਗਾ (ਬੇਦੀ, ਜਿੰਦਲ, ਗਰਗ)— ਜੰਮੂ-ਕਸ਼ਮੀਰ ਦੇ ਪੁੰਛ ਖੇਤਰ ਵਿਚ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਭਾਰੀ ਗੋਲਾਬਾਰੀ ਦੌਰਾਨ ਭਾਰਤੀ ਫੌਜ ਦੇ ਜਵਾਨ ਮਨਦੀਪ ਸਿੰਘ ਸ਼ਹੀਦ ਹੋ ਗਏ । ਸ਼ਹੀਦ ਮਨਦੀਪ ਸਿੰਘ ਪਿੰਡ ਆਲਮਪੁਰ (ਲਹਿਰਾਗਾਗਾ) ਦੇ ਵਸਨੀਕ ਸਨ ਅਤੇ ਭਾਰਤੀ ਫੌਜ ਦੀ ਬਟਾਲੀਅਨ 22 ਸਿੱਖ ਰੈਜੀਮੈਂਟ 'ਚ ਸਿਪਾਹੀ ਵਜੋਂ ਤਾਇਨਾਤ ਸਨ । ਜਿਵੇਂ ਹੀ ਸ਼ਨੀਵਾਰ ਨੂੰ ਮਨਦੀਪ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਉਸ ਦੇ ਜੱਦੀ ਪਿੰਡ ਆਲਮਪੁਰ ਵਿਖੇ ਪੁੱਜੀ ਤਾਂ ਉਥੇ ਮਾਤਮ ਛਾ ਗਿਆ । ਮਨਦੀਪ ਦੇ ਭਰਾ ਜਗਦੀਪ ਨੇ ਦੱਸਿਆ ਕਿ ਉਹ ਵੀ ਫੌਜ ਵਿਚ ਭਰਤੀ ਹੋ ਕੇ ਆਪਣੇ ਭਰਾ ਦੀ ਮੌਤ ਦਾ ਬਦਲਾ ਪਾਕਿਸਤਾਨ ਤੋਂ ਲਵੇਗਾ। ਉਸ ਨੇ ਦੱਸਿਆ ਕਿ ਮਨਦੀਪ ਸਿੰਘ ਨੇ ਆਪਣੀ ਭੈਣ ਦੇ ਵਿਆਹ ਦੀ ਵੀ ਤਿਆਰੀ ਕਰਨੀ ਸੀ । ਡਿਪਟੀ ਕਮਿਸ਼ਨਰ ਅਮਰਪ੍ਰਤਾਪ ਸਿੰਘ ਵਿਰਕ ਨੇ ਕਿਹਾ ਕਿ ਮਨਦੀਪ ਸਿੰਘ ਨੇ ਦੇਸ਼ ਦੀ ਰਾਖੀ ਲਈ ਆਪਣੀ ਕੀਮਤੀ ਜਾਨ ਵਾਰ ਦਿੱਤੀ, ਜਿਸ ਨੂੰ ਦੇਸ਼ ਵਾਸੀਆਂ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਵਿਰਕ ਨੇ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ । ਉਨ੍ਹਾਂ ਦੱਸਿਆ ਕਿ ਸ਼ਹੀਦ ਦੀ ਮ੍ਰਿਤਕ ਦੇਹ ਐਤਵਾਰ ਨੂੰ ਪਿੰਡ ਆਲਮਪੁਰ ਵਿਖੇ ਪੁੱਜਣ ਦੀ ਉਮੀਦ ਹੈ ਅਤੇ ਸ਼ਹੀਦ ਨੂੰ ਪੂਰੇ ਫੌਜੀ ਅਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।


Related News