ਇੰਟਰਨੈਸ਼ਨਲ ਏਅਰਪੋਰਟ ''ਤੇ ਨੌਕਰੀ ਦਿਵਾਉਣ ਦੇ ਨਾਮ ''ਤੇ ਠੱਗੇ 43 ਹਜ਼ਾਰ

07/01/2018 6:45:14 AM

ਚੰਡੀਗੜ੍ਹ,   (ਸੁਸ਼ੀਲ)-  ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਇੰਡੀਗੋ ਕੰਪਨੀ 'ਚ ਏਅਰ ਟਿਕਟਿੰਗ ਦੀ ਨੌਕਰੀ ਦਿਵਾਉਣ ਦੇ ਨਾਮ 'ਤੇ ਨੌਜਵਾਨ ਤੋਂ 43 ਹਜ਼ਾਰ ਰੁਪਏ ਠੱਗ ਲਏ ਗਏ।  ਠੱਗਣ ਵਾਲਿਆਂ ਨੇ ਨੌਜਵਾਨ ਨੂੰ ਜੁਆਇਨਿੰਗ ਲੈਟਰ ਵੀ ਭੇਜ ਦਿੱਤਾ ਪਰ ਜਦੋਂ ਉਸਨੇ ਚੈੱਕ ਕਰਵਾਇਆ ਤਾਂ ਉਹ ਜਾਅਲੀ ਪਾਇਆ ਗਿਆ। ਮੌਲੀਜਾਗਰਾਂ ਨਿਵਾਸੀ ਵਿਨੋਦ ਸ਼ਰਮਾ ਨੇ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ ਹੈ। ਸਾਈਬਰ ਸੈੱਲ ਹੁਣ ਠੱਗੀ ਕਰਨ ਵਾਲੇ ਨੌਜਵਾਨ ਨੂੰ ਫੜਨ ਲਈ ਦੋ ਮੋਬਾਈਲ ਨੰਬਰਾਂ ਅਤੇ ਰੁਪਏ ਜਮ੍ਹਾ ਕਰਵਾਉਣ ਵਾਲੇ ਖਾਤਾ ਨੰਬਰ ਦੇ ਮਾਲਕ ਦਾ ਪਤਾ ਲਾ ਰਹੀ ਹੈ।  
ਵੈੱਬਸਾਈਟ 'ਤੇ ਅਪਲੋਡ ਕੀਤਾ ਸੀ ਬਾਇਓਡਾਟਾ
ਨਿਵਾਸੀ ਵਿਨੋਦ ਸ਼ਰਮਾ ਨੇ ਦੱਸਿਆ ਕਿ ਉਸਨੇ ਆਪਣਾ ਬਾਇਓਡਾਟਾ ਇਕ ਵੈੱਬਸਾਈਟ 'ਤੇ ਅਪਲੋਡ ਕੀਤਾ ਸੀ। ਕੁਝ ਦੇਰ ਬਾਅਦ ਨੌਜਵਾਨ ਨੇ ਫੋਨ ਕਰਕੇ ਕਿਹਾ ਕਿ ਉਹ ਇੰਡੀਗੋ ਏਅਰਲਾਈਨਜ਼ ਤੋਂ ਬੋਲ ਰਿਹਾ ਹੈ। ਤੈਨੂੰ ਨੌਕਰੀ ਲਈ ਸਿਲੈਕਟ ਕੀਤਾ ਗਿਆ ਹੈ। ਇੰਡੀਗੋ ਏਅਰਲਾਈਨਜ਼ ਵਿਚ ਗਰਾਊਂਡ ਸਟਾਫ 'ਚ ਏਅਰ ਟਿਕਟਿੰਗ ਲਈ 3 ਲੱਖ 60 ਹਜ਼ਾਰ ਦਾ ਪੈਕੇਜ ਦਿੱਤਾ ਜਾਵੇਗਾ ਪਰ ਇਸ ਤੋਂ ਪਹਿਲਾਂ ਜਾਬ ਆਈ. ਡੀ. ਬਣਾਉਣ ਲਈ ਉਸਨੂੰ 2100 ਰੁਪਏ ਈ-ਪੇਅ ਨਾਲ ਉਨ੍ਹਾਂ ਨੂੰ ਟਰਾਂਸਫਰ ਕਰਨੇ ਹੋਣਗੇ। ਵਿਨੋਦ ਨੇ ਪੈਸੇ ਟਰਾਂਸਫਰ ਕਰ ਦਿੱਤੇ। ਉਸਤੋਂ ਬਾਅਦ ਉਸਦਾ ਆਨਲਾਈਨ ਟੈਸਟ ਹੋਇਆ, ਜਿਸ 'ਚ ਉਹ ਪਾਸ ਹੋ ਗਿਆ। ਫਿਰ ਉਸ ਨੂੰ ਫੋਨ ਆਇਆ ਅਤੇ ਉਸਨੂੰ 45 ਦਿਨਾਂ ਦੀ ਟ੍ਰੇਨਿੰਗ ਲਈ 7900 ਰੁਪਏ, ਤਿੰਨ ਵੱਖ-ਵੱਖ ਡ੍ਰੈੱਸਾਂ ਲਈ 13900 ਰੁਪਏ, ਗੇਟ ਪਾਸ ਲਈ 20,000 ਅਤੇ ਐੱਚ. ਡੀ. ਐੱਫ. ਸੀ. ਬੈਂਕ 'ਚ ਖਾਤਾ ਖੁੱਲ੍ਹਵਾਉਣ ਲਈ 1000 ਰੁਪਏ ਜਮ੍ਹਾ ਕਰਵਾਉਣ ਨੂੰ ਕਿਹਾ ਗਿਆ। ਫੋਨ ਕਰਨ ਵਾਲੇ ਨੇ ਕਿਹਾ ਕਿ ਇਹ ਸਾਰੇ ਪੈਸੇ ਕੰਪਨੀ ਰੀਫੰਡ ਕਰ ਦੇਵੇਗੀ। ਵਿਨੋਦ ਨੇ ਰੁਪਏ ਜਮ੍ਹਾ ਕਰਵਾ ਦਿੱਤੇ। ਸ਼ਖਸ ਨੇ ਕਿਹਾ ਕਿ 2 ਜੁਲਾਈ ਨੂੰ ਉਸਨੂੰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਜੁਆਇਨ ਕਰਨਾ ਹੈ। 29 ਜੂਨ ਨੂੰ ਉਸ ਕੋਲ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਨਾਮ 'ਤੇ ਜਾਬ ਕਨਫਰਮੇਸ਼ਨ ਲੈਟਰ ਆ ਗਿਆ। ਇਸ ਦੌਰਾਨ ਨੌਜਵਾਨ ਉਸਨੂੰ ਵਾਰ-ਵਾਰ ਫੋਨ ਕਰਕੇ ਖਾਤਾ ਖੁੱਲ੍ਹਵਾਉਣ ਲਈ ਕਹਿੰਦਾ ਰਿਹਾ।  ਵਿਨੋਦ ਨੇ ਦੱਸਿਆ ਕਿ ਉਸਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਉਸਨੇ ਮਾਮਲੇ ਦੀ ਸ਼ਿਕਾਇਤ ਸਾਈਬਰ ਸੈੱਲ ਨੂੰ ਦਿੱਤੀ। 


Related News