ਪਰਿਵਾਰ ਨਾਲ ਵਾਅਦਾ ਖਿਲਾਫ਼ੀ ਹੋਈ ਤਾਂ ਵਿੱਢਾਂਗੇ ਸੰਘਰਸ਼ - ਸ਼੍ਰੋਮਣੀ ਅਖੰਡ ਪਾਠੀ ਸਭਾ

02/15/2018 5:00:41 PM

ਝਬਾਲ/ ਬੀੜ ਸਾਹਿਬ (ਲਾਲੂਘੁੰਮਣ,ਬਖਤਾਵਰ, ਭਾਟੀਆ) - ਭਾਈ ਕਰਮਜੀਤ ਸਿੰਘ ਰਾਮਰੌਣੀ ਦੇ ਭੋਗ ਮੌਕੇ ਬੇਸ਼ੱਕ ਗੁਰਦੁਆਰਾ ਬੀੜ ਸਾਹਿਬ ਦੇ ਮੁਲਾਜ਼ਮਾਂ ਵੱਲੋਂ ਆਪਣੇ ਤੌਰ 'ਤੇ ਇਕੱਤਰ ਕਰਕੇ ਮੈਨੇਜਰ ਭਾਈ ਜਸਪਾਲ ਸਿੰਘ ਦੀ ਅਗਵਾਈ 'ਚ ਸਮੁੱਚੇ ਤੌਰ 21 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਕੀਤੀ ਗਈ ਪਰ ਇਸ ਨੂੰ ਨਾ ਕਾਫ਼ੀ ਦੱਸਦਿਆਂ ਪਰਿਵਾਰ ਦਾ ਜ਼ਿੰਦਗੀ ਭਰ ਗੁਜ਼ਾਰਾ ਚਲਾਉਣ ਲਈ ਸ਼੍ਰੋਮਣੀ ਕਮੇਟੀ ਨੂੰ ਜਿੰਮੇਵਾਰੀ ਚੁੱਕਣ ਲਈ ਅਖੰਡ ਪਾਠੀ ਜਥੇਬੰਦੀਆਂ ਵੱਲੋਂ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਇਕੱਤਰ ਸ਼੍ਰੋਮਣੀ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਸ਼ਿਵਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਭਾਈ ਗੁਰਮੁੱਖ ਸਿੰਘ ਅਮੀਸ਼ਾਹ, ਭਾਈ ਰਣਧੀਰ ਸਿੰਘ ਝਬਾਲ, ਭਾਈ ਪਰਮਜੀਤ ਸਿੰਘ ਲਾਡੀ ਅਤੇ ਭਾਈ ਬਲਦੇਵ ਸਿੰਘ ਸੰਧੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਵ. ਭਾਈ ਕਰਮਜੀਤ ਸਿੰਘ ਰਾਮਰੌਣੀ ਦੀ ਧਰਮ ਪਤਨੀ ਨੂੰ ਸ਼੍ਰੋਮਣੀ ਕਮੇਟੀ 'ਚ ਨੌਕਰੀ ਦੇਣ, ਪਰਿਵਾਰ ਦੀ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਸ਼੍ਰੋਮਣੀ ਕਮੇਟੀ ਵੱਲੋਂ ਕਰਨ ਅਤੇ ਬੱਚਿਆਂ ਨੂੰ ਜਦ ਤੱਕ ਉਹ ਪੜਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁਫਤ ਵਿੱਦਿਆ ਦੇਣ ਦਾ ਤਰੁੰਤ ਐਲਾਣ ਕਰਦਿਆਂ ਭਰੋਸਾ ਦੇਣ। ਉਨ੍ਹਾਂ ਕਿਹਾ ਕਿ ਭੋਗ 'ਤੇ ਪੁੱਜੇ ਗੁਰਦੁਆਰਾ ਬੀੜ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਕੁਝ ਐਲਾਣ ਕੀਤੇ ਗਏ ਹਨ ਜਿੰਨ੍ਹਾਂ ਉਪਰ ਪ੍ਰਧਾਨ ਸਾਹਿਬ ਨੂੰ ਮੋਹਰ ਲਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੁੰਦਾ ਜਾਂ ਸ਼੍ਰੋਮਣੀ ਕਮੇਟੀ ਵੱਲੋਂ ਵਾਅਦਾ ਖਿਲਾਫ਼ੀ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਮਜ਼ਬੂਰਨ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ। ਇਸ ਮੌਕੇ ਵੱਡੀ ਗਿਣਤੀ 'ਚ ਅਖੰਡ ਪਾਠੀ ਸਿੰਘ ਹਾਜ਼ਰ ਸਨ। 
ਪ੍ਰਧਾਨ ਸਾਹਿਬ ਦੇ ਧਿਆਨ 'ਚ ਲਿਆਂਦਾ ਜਾਵੇਗਾ ਮਾਮਲਾ - ਬੇਦੀ 
ਸ਼੍ਰੋਮਣੀ ਗੁਰਦੁਆਰਾ ਪ੍ਰੰਬਕ ਕਮੇਟੀ ਦੇ ਐਡੀਸ਼ਨਲ ਸਕੱਤਰ ਦਲਜੀਤ ਸਿੰਘ ਬੇਦੀ ਨੇ ਸਵ. ਭਾਈ ਕਰਮਜੀਤ ਸਿੰਘ ਦਾ ਮਾਮਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ 'ਚ ਲਿਆਉਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਸਬੰਧੀ ਮੈਨੇਜਰ ਗੁਰਦੁਆਰਾ ਬੀੜ ਸਾਹਿਬ ਤੋਂ ਸਾਰੇ ਮਾਮਲੇ ਦੀ ਰਿਪੋਰਟ ਲਈ ਜਾਵੇਗੀ ਅਤੇ ਪਰਿਵਾਰ ਦੀ ਜੋ ਵੀ ਸੰਭਵ ਸਹਾਇਤਾ ਕੀਤੀ ਜਾ ਸਕਦੀ ਹੋਵੇਗੀ, ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਵੇਗੀ।


Related News