ਮਾਮਲਾ ਪਤਨੀ ਦੇ ਚਰਿੱਤਰ ''ਤੇ ਇਲਜ਼ਾਮ ਲਾਉਣ ਦਾ, ਉਲਾਂਭਾ ਦੇਣ ''ਤੇ ਕੀਤੀ ਕੁੱਟਮਾਰ

Tuesday, May 14, 2019 - 02:24 PM (IST)

ਮਾਮਲਾ ਪਤਨੀ ਦੇ ਚਰਿੱਤਰ ''ਤੇ ਇਲਜ਼ਾਮ ਲਾਉਣ ਦਾ, ਉਲਾਂਭਾ ਦੇਣ ''ਤੇ ਕੀਤੀ ਕੁੱਟਮਾਰ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਝਬਾਲ 'ਚ ਦੁਕਾਨਦਾਰ ਨੂੰ ਉਸ ਦੀ ਪਤਨੀ ਦੇ ਚਰਿੱਤਰ 'ਤੇ ਉਂਗਲ ਚੁੱਕਣ ਵਾਲਿਆਂ ਵਿਰੁੱਧ ਉਲਾਂਭਾ ਦੇਣਾ ਇਸ ਕਦਰ ਮਹਿੰਗਾ ਪਿਆ ਕਿ ਦੂਜੀ ਧਿਰ ਦੇ ਲੋਕਾਂ ਨੇ ਉਸ ਦੀ ਅਤੇ ਉਸਦੀ ਪਤਨੀ ਦੀ ਕੁੱਟਮਾਰ ਕਰ ਦਿੱਤੀ। ਪੀੜਤ ਦੁਕਾਨਦਾਰ ਵਲੋਂ ਕੁੱਟਮਾਰ ਦੀ ਸ਼ਿਕਾਇਤ ਪੁਲਸ ਨੂੰ ਦੇਣ 'ਤੇ ਉਕਤ ਲੋਕਾਂ ਨੇ ਬਾਹਰੋਂ ਬੰਦੇ ਬੁਲਾ ਕੇ ਦੁਕਾਨਦਾਰ ਦੀ ਦੁਕਾਨ ਦਾ ਸਾਮਾਨ ਭੰਨ ਦਿੱਤਾ। ਬਾਬਾ ਬੁੱਢਾ ਜੀ ਕਾਲਜ, ਬੀੜ ਸਾਹਿਬ ਨੇੜੇ ਕੰਟੀਨ ਚਲਾ ਰਹੇ ਬਲਜੀਤ ਸਿੰਘ ਪੁੱਤਰ ਤੇਗਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਕੰਟੀਨ ਦੇ ਸਾਹਮਣੇ ਇਕ ਰਵੀ ਨਾਮੀ ਵਿਅਕਤੀ ਦੀ ਬੱਚਿਆਂ ਦੇ ਖਿਡਾਉਣਿਆਂ ਦੀ ਦੁਕਾਨ ਹੈ। ਰਵੀ ਦੀ ਪਤਨੀ ਉਸਦੀ ਪਤਨੀ ਦੇ ਚਰਿੱਤਰ ਬਾਰੇ ਆਪਣੇ ਪਤੀ ਰਵੀ ਨਾਲ ਗਲਤ ਇਲਜ਼ਾਮ ਲਾ ਕੇ ਰੋਜ਼ਨਾ ਉਨ੍ਹਾਂ ਨੂੰ ਬੁਰਾ ਭਲਾ ਬੋਲ ਰਹੀ ਸੀ। 

ਇਸ ਸਬੰਧੀ ਜਦੋਂ ਉਹ ਅਤੇ ਉਸਦੀ ਪਤਨੀ ਕੁਲਜੀਤ ਕੌਰ ਰਵੀ ਨੂੰ ਉਲਾਂਭਾ ਦੇਣ ਗਏ ਤਾਂ ਦੁਕਾਨ 'ਤੇ ਮੌਜੂਦ ਰਵੀ ਦੀ ਪਤਨੀ ਅਤੇ ਲੜਕੇ ਮੌਂਟੂ ਨੇ ਉਨ੍ਹਾਂ ਨਾਲ ਬੁਰਾ ਵਿਵਹਾਰ ਕੀਤਾ। ਆਪਣੀ ਦੁਕਾਨ 'ਚ ਵਾਪਸ ਆਉਣ ਤੋਂ ਬਾਅਦ ਰਵੀ ਨੇ ਉਸ ਦੀ ਅਤੇ ਉਸ ਦੀ ਪਤਨੀ ਦੀ ਕੁੱਟਮਾਰ ਕਰਦਿਆਂ ਉਸਦੇ ਕਕਾਰਾਂ ਦੀ ਬੇਅਦਬੀ ਕੀਤੀ। ਇਸ ਸਬੰਧੀ ਉਹ ਜਦੋਂ ਥਾਣਾ ਝਬਾਲ ਵਿਖੇ ਸ਼ਿਕਾਇਤ ਦਰਜ ਕਰਾਉਣ ਲਈ ਗਏ ਤਾਂ ਕਥਿਤ ਦੋਸ਼ੀਆਂ ਨੇ ਬਾਹਰੋਂ ਬੰਦੇ ਬੁਲਾ ਕੇ ਬੇਸਬਲਾਂ ਅਤੇ ਹਾਕੀਆਂ ਨਾਲ ਉਸਦੀ ਦੁਕਾਨ 'ਤੇ ਪਈਆਂ 2 ਕੈਂਡੀਆਂ ਅਤੇ ਇਕ ਫਰਿੱਜ ਨੂੰ ਤੋੜਦੇ ਹੋਏ ਮਿਠਿਆਈਆਂ ਖਰਾਬ ਕਰ ਦਿੱਤੀਆਂ। ਬਲਜੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਉਸਦਾ ਕਰੀਬ ਪੌਣੇ ਦੋ ਲੱਖ ਰੁਪਏ ਦਾ ਨੁਕਸਾਨ ਕਰ ਦਿੱਤਾ ਹੈ। ਥਾਣਾ ਮੁੱਖੀ ਝਬਾਲ ਇੰਸਪੈਕਟਰ ਬਲਜੀਤ ਸਿੰਘ ਵੜੈਚ ਨੇ ਦੱਸਿਆ ਕਿ ਮਾਮਲੇ ਸਬੰਧੀ ਏ.ਐੱਸ.ਆਈ. ਗੁਰਮੀਤ ਸਿੰਘ ਮੱਲ੍ਹ ਮੋਹਰੀ ਵਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ, ਸੱਚਾਈ ਸਾਹਮਣੇ ਆਉਣ 'ਤੇ ਉਕਤ ਲੋਕਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


author

rajwinder kaur

Content Editor

Related News