ਅਕਾਲੀਆਂ ਨੇ ਕੀਤਾ ਬੀ. ਡੀ. ਪੀ. ਓ. ਗੰਡੀਵਿੰਡ ਦਫਤਰ ਅੱਗੇ ਰੋਸ ਪ੍ਰਦਰਸ਼ਨ

12/14/2018 11:20:21 AM

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) : ਕਾਂਗਰਸ ਸਰਕਾਰ ਨੇ ਗੁੰਡਾਗਰਦੀ ਦੇ ਸਭ ਹੱਦਾਂ ਬੰਨ੍ਹੇ ਟੱਪਦਿਆਂ ਪਹਿਲਾਂ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਲੋਕਤੰਤਰ ਦਾ ਸ਼ਰੇਆਮ ਕਤਲ ਕਰਦਿਆਂ ਧੱਕੇਸ਼ਾਹੀ ਕਰਕੇ ਆਪਣੇ ਉਮੀਦਵਾਰ ਜਿਤਾਏ ਸਨ, ਉਸੇ ਹੀ ਲੀਹ 'ਤੇ ਮੁੜ ਚੱਲਦਿਆਂ ਕਾਂਗਰਸ ਇਨ੍ਹਾਂ ਪੰਚਾਇਤੀ ਚੋਣਾਂ ਨੂੰ ਵੀ ਹਾਈਜੈਕ ਕਰਨਾ ਚਾਹੁੰਦੀ ਹੈ। ਇਹ ਪ੍ਰਗਟਾਵਾ ਸਾਬਕਾ ਚੇਅਰਮੈਨ ਤੇ ਸੀਨੀਅਰ ਅਕਾਲੀ ਆਗੂ ਹਰਵੰਤ ਸਿੰਘ ਝਬਾਲ ਨੇ ਬੀ.ਡੀ.ਪੀ.ਓ. ਗੰਡੀਵਿੰਡ ਵਿਖੇ ਅਕਾਲੀਆਂ ਦੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕੀਤਾ। ਹਰਵੰਤ ਸਿੰਘ ਝਬਾਲ ਨੇ ਕਾਂਗਰਸ ਸਰਕਾਰ ਦੇ ਹਲਕਾ ਵਿਧਾਇਕ ਤੇ ਅਕਾਲੀ ਦਲ ਨਾਲ ਸਬੰਧਤ ਪਿੰਡਾਂ ਅੰਦਰ ਸਰਪੰਚ/ਪੰਚ ਦੀ ਚੋਣ ਲੜ ਰਹੇ ਉਮੀਦਵਰਾਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਵਿਧਾਇਕ ਵਲੋਂ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ, ਕਿ ਅਕਾਲੀ ਦਲ ਨਾਲ ਸਬੰਧਤ ਕਿਸੇ ਵੀ ਉਮੀਦਵਾਰ ਨੂੰ ਚੁੱਲ੍ਹਾ ਟੈਕਸ ਦੀ ਰਸੀਦ ਅਤੇ ਐੱਨ. ਓ. ਸੀ.(ਦੋਸ਼ ਮੁਕਤ ਸਰਟੀਫਿਕੇਟ) ਨਾ ਦਿੱਤਾ ਜਾਵੇ। ਇਸ ਮੌਕੇ ਅਕਾਲੀ ਆਗੂਆਂ ਅਜਮੇਰ ਸਿੰਘ ਕਾਕਾ ਛਾਪਾ, ਸਾਬਕਾ ਸਰਪੰਚ ਪਰਮਜੀਤ ਸਿੰਘ ਗੱਗੋਬੂਆ, ਸਾਬਕਾ ਸਰਪੰਚ ਬਲਜੀਤ ਸਿੰਘ ਛਿੱਛਰੇਵਾਲ, ਸਾਬਕਾ ਸਰਪੰਚ ਜਸਵਿੰਦਰ ਸਿੰਘ ਬਾਊ ਛੀਨਾ, ਸਾਬਕਾ ਸਰਪੰਚ ਹੈਰੀ ਬੁਰਜ, ਸਾਬਕਾ ਸਰਪੰਚ ਪ੍ਰਤਾਪ ਸਿੰਘ ਰਸੂਲਪੁਰ, ਸਾਬਕਾ ਸਰਪੰਚ ਕਿੰਦਾ ਚਾਹਲ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਾਪੁਰ, ਸਾਬਕਾ ਸਰਪੰਚ ਬਗੀਚਾ ਸਿੰਘ ਲਹੀਆਂ, ਸਾਬਕਾ ਸਰਪੰਚ ਗੁਰਸੰਗਤ ਸਿੰਘ ਮਾਣਕਪੁਰਾ, ਸਾਬਕਾ ਸਰਪੰਚ ਲਖਵਿੰਦਰ ਸਿੰਘ ਹਵੇਲੀਆਂ ਆਦਿ ਨੇ ਦੱਸਿਆ ਕਿ ਬਲਾਕ ਗੰਡੀਵਿੰਡ 'ਚੋਂ ਬੀ. ਡੀ. ਪੀ. ਓ. ਸਾਹਿਬ ਸਮੇਤ ਪੰਚਾਇਤ ਸਕੱਤਰ ਅਤੇ ਜੇ. ਈ. ਆਦਿ ਸਭ ਇਸ ਕਰਕੇ ਗਾਇਬ ਹੋ ਗਏ ਹਨ ਕਿ ਅੱਜ ਉਹ ਚੁੱਲ੍ਹਾ ਟੈਕਸ ਦੀਆਂ ਰਸੀਦਾਂ ਅਤੇ ਐੱਨ.ਓ. ਸੀ. ਲੈਣ ਲਈ ਪੁੱਜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨਾਲ ਉਕਤ ਅਧਿਕਾਰੀਆਂ ਵਲੋਂ ਦੁਰਵਿਵਹਾਰ ਕਰਦਿਆਂ ਕਈ-ਕਈ ਘੰਟੇ ਉਡੀਕ ਕਰਾਉਣ ਤੋਂ ਬਾਅਦ ਕੰਪਿਊਟਰ ਜਾਂ ਪ੍ਰਿੰਟਰ ਖਰਾਬ ਹੋਣ ਦਾ ਬਹਾਨਾ ਲਾ ਕੇ ਵਾਪਸ ਭੇਜਿਆ ਜਾ ਰਿਹਾ ਹੈ। ਉਕਤ ਆਗੂਆਂ ਨੇ ਦੱਸਿਆ ਕਿ ਉਹ ਸਵੇਰੇ 8:30 ਵਜੇ ਦੇ ਆ ਕੇ ਬੀ. ਡੀ. ਪੀ. ਓ. ਦਫਤਰ 'ਚ ਬੈਠੇ ਹੋਏ ਹਨ ਪਰ ਉਨ੍ਹਾਂ ਦੀ ਅਧਿਕਾਰੀਆਂ ਵਲੋਂ ਕੋਈ ਗੱਲ ਨਹੀਂ ਸੁਣੀ ਗਈ ਅਤੇ ਸਿਆਸੀ ਫੁਰਮਾਨ ਆਉਣ ਤੋਂ ਬਾਅਦ ਬੀ. ਡੀ. ਪੀ. ਓ. ਸਾਹਿਬ ਕਰੀਬ 1:30 ਵਜੇ ਉਨ੍ਹਾਂ ਨੂੰ ਦਫਤਰ 'ਚ ਹੀ ਬੈਠਿਆਂ ਛੱਡ ਕੇ ਪੰਚਾਇਤ ਸਕੱਤਰਾਂ ਅਤੇ ਜੇ. ਈਜ਼ ਸਮੇਤ ਕਿੱਧਰੇ ਚੱਲੇ ਗਏ ਹਨ ਅਤੇ ਹੁਣ ਉਨ੍ਹਾਂ ਦਾ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝ ਰਹੇ ਹਨ। ਅਕਾਲੀ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸ਼ੁੱਕਰਵਾਰ ਤਕ ਉਨ੍ਹਾਂ ਨੂੰ ਰਸੀਦਾਂ ਅਤੇ ਸਰਟੀਫਿਕੇਟ ਨਾ ਦਿੱਤੇ ਗਏ ਤਾਂ ਉਹ ਹਲਕਾ ਤਰਨਤਾਰਨ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਸਰਪ੍ਰਸਤੀ ਅਤੇ ਸਾਬਕਾ ਚੇਅਰਮੈਨ ਹਰਵੰਤ ਸਿੰਘ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਦਫਤਰ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕਾਬਲ ਸਿੰਘ, ਗੁਰਵਿੰਦਰ ਸਿੰਘ ਛਿੱਛਰੇਵਾਲ, ਕਾਬਲ ਸਿੰਘ ਰਸੂਲਪੁਰ, ਸਤਨਾਮ ਸਿੰਘ ਛਿੱਛਰੇਵਾਲ, ਪਰਦੀਪ ਸਿੰਘ ਕਸੇਲ, ਅਰਸਾਲ ਸਿੰਘ ਕਸੇਲ, ਜਸਬੀਰ ਸਿੰਘ ਮਾਣਕਪੁਰਾ, ਰਾਂਝਾ ਸਰਾਂ, ਕੁਲਵਿੰਦਰ ਸਿੰਘ ਚਾਹਲ, ਲਖਵਿੰਦਰ ਸਿੰਘ ਛਿੱਛਰੇਵਾਲ, ਸਕੱਤਰ ਸਿੰਘ, ਦਿਲਬਾਗ ਸਿੰਘ ਸਾਬਕਾ ਸਰਪੰਚ ਭੁੱਸੇ, ਪਰਮਜੀਤ ਸਿੰਘ ਗੱਗੋਬੂਆ, ਗੁਰਵੰਤ ਸਿੰਘ ਗੱਗੋਬੂਆ ਅਤੇ ਨਿਰਵੈਲ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ।

ਨਾ ਕੋਈ ਸਿਆਸੀ ਦਬਾਅ, ਨਾ ਹੀ ਕਿਸੇ ਨੂੰ ਦਿੱਤਾ ਜੁਆਬ : ਬੀ. ਡੀ. ਪੀ. ਓ. ਲਖਬੀਰ ਸਿੰਘ
ਬੀ. ਡੀ. ਪੀ. ਓ. ਲਖਬੀਰ ਸਿੰਘ ਨੇ ਉਕਤ ਲੋਕਾਂ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਨਾ ਉਨ੍ਹਾਂ 'ਤੇ ਕੋਈ ਸਿਆਸੀ ਦਬਾਅ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਵਲੋਂ ਕਿਸੇ ਵਿਸ਼ੇਸ਼ ਪਾਰਟੀ ਦੇ ਉਮੀਦਵਾਰ ਨੂੰ ਕਿਸੇ ਕਿਸਮ ਦੀ ਰਸੀਦ ਜਾਂ ਸਰਟੀਫਿਕੇਟ ਦੇਣ ਤੋਂ ਮਨ੍ਹਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਵੇਰੇ 8:30 ਤੋਂ ਦੁਪਹਿਰ 1:30 ਵਜੇ ਤਕ ਦਫਤਰ ਹੀ ਰਹੇ ਹਨ ਅਤੇ ਇਸ ਅਰਸੇ ਦੌਰਾਨ ਉਨ੍ਹਾਂ ਕੋਲ ਕੋਈ ਵੀ ਉਮੀਦਵਾਰ ਨਹੀਂ ਪੁੱਜਾ ਹੈ। ਉਨ੍ਹਾਂ ਨੇ ਫੋਨ ਨਾ ਚੁੱਕਣ ਦੇ ਦੋਸ਼ ਸਬੰਧੀ ਪੱਖ ਰੱਖਦਿਆਂ ਕਿਹਾ ਕਿ ਉਹ ਡੀ. ਸੀ. ਸਾਹਿਬ ਨਾਲ ਇਲੈਕਸ਼ਨ ਸਬੰਧੀ ਹੋ ਰਹੀ ਮੀਟਿੰਗ ਵਿਚ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੁਕਰਵਾਰ ਨੂੰ ਉਹ ਸਾਰਾ ਦਿਨ ਦਫਤਰ 'ਚ ਮੌਜੂਦ ਹਨ, ਉਮੀਦਵਾਰ ਦਫਤਰ ਪਹੁੰਚ ਕਰਕੇ ਲੋੜੀਂਦੇ ਦਸਤਾਵੇਜ ਪ੍ਰਾਪਤ ਕਰ ਸਕਦੇ ਹਨ।

ਅਕਾਲੀ ਦੇ ਰਹੇ ਹਨ ਪੰਚਾਇਤੀ ਚੋਣਾਂ ਨੂੰ ਸਿਆਸੀ ਰੰਗਤ : ਡਾ. ਅਗਨੀਹੋਤਰੀ 
ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਨੇ ਅਕਾਲੀਆਂ ਦੇ ਉਕਤ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਅਕਾਲੀ ਦਲ (ਬ) ਦਾ ਪਿੰਡਾਂ ਅੰਦਰੋਂ ਵਜ਼ੂਦ ਹੁਣ ਖਤਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ ਹਨ, ਜਿਸ ਕਰਕੇ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਾਂਗ ਹੋਈ ਸ਼ਰਮਨਾਕ ਹਾਰ ਵਾਂਗ ਪੰਚਾਇਤੀ ਚੋਣਾਂ 'ਚ ਵੀ ਬੁਰੀ ਤਰ੍ਹਾਂ ਹਾਰ ਦਾ ਸਾਹਮਣੇ ਪਹਿਲਾਂ ਤੋਂ ਹੀ ਦ੍ਰਿਸ਼ ਵੇਖ ਕੇ ਅਕਾਲੀ ਬੁਖਲਾਹਟ 'ਚ ਆ ਗਏ ਹਨ ਅਤੇ ਪੰਚਾਇਤੀ ਚੋਣਾਂ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕਰਦਿਆਂ ਅਜਿਹੇ ਬੇਬੁਨਿਆਦ ਦੋਸ਼ ਲਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣ ਪਿੰਡ ਪੱਧਰ ਦੀ ਚੋਣ ਹੈ ਅਤੇ ਇਨ੍ਹਾਂ ਚੋਣਾਂ 'ਚ ਪਿੰਡਾਂ ਦੇ ਲੋਕ ਧੜੇਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਦੀ ਤਰੱਕੀ ਅਤੇ ਵਿਕਾਸ ਲਈ ਆਪਣੀ ਪਸੰਦ ਦੇ ਵਿਅਕਤੀ ਨੂੰ ਪਿੰਡ ਦੀ ਨੁਮਾਇੰਦਗੀ ਲਈ ਵੋਟਾਂ ਪਾਉਂਦੇ ਹਨ, ਜਿਸ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੁੰਦਾ ਹੈ।


Baljeet Kaur

Content Editor

Related News