ਪਾਵਰਕਾਮ ਦੇ ਜੇ. ਈ. ਦੀ ਸ਼ੱਕੀ ਹਾਲਾਤ ’ਚ ਮੌਤ
Saturday, Jul 18, 2026 - 10:43 AM (IST)
ਭੀਖੀ (ਤਾਇਲ) : ਪਾਰਵਕਾਮ ਦੇ ਉਪਮੰਡਲ ਦਫ਼ਤਰ ਭੀਖੀ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਗੁਰਜੀਤ ਸਿੰਘ ਵਾਸੀ ਕਿਸ਼ਨਗੜ੍ਹ ਫਰਮਾਹੀ ਹਾਲ ਅਬਾਦ ਭੀਖੀ ਦੀ ਲੰਘੀਂ ਰਾਤ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਥਾਣਾ ਮੁਖੀ ਗੁਰਮੇਲ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਇੰਦਰਜੀਤ ਸਿੰਘ ਨੇ ਬਿਆਨ ਦਰਜ ਕਰਵਾਏ ਹਨ ਕਿ ਬੀਤੀ ਰਾਤ ਮੇਰੇ ਗੁਆਂਢੀ ਨੇ ਮੈਨੂੰ ਦੱਸਿਆ ਕਿ ਤੇਰੇ ਪਿਤਾ ਜੀ ਮੋਟਰਸਾਈਕਲ ਨਾਲ ਕੂੜਾ ਡੰਪ ਕੋਲ ਕਾਫੀ ਜ਼ਖਮੀ ਹਾਲਤ ’ਚ ਪਏ ਹਨ ਤਾਂ ਮੈਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ਵਿਖੇ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ।
ਜਦ ਅਸੀਂ ਪਟਿਆਲਾ ਨੂੰ ਲੈ ਕੇ ਜਾ ਰਹੇ ਸੀ ਤਾਂ ਅਚਾਨਕ ਉਨ੍ਹਾਂ ਦੀ ਭਵਾਨੀਗੜ੍ਹ ਕੋਲ ਪੁੱਜਣ ’ਤੇ ਹਾਲਾਤ ਖ਼ਰਾਬ ਹੋ ਗਏ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਦੁਰਘਟਨਾ ਪਿੱਛੇ ਕੋਈ ਹੋਰ ਵਜ੍ਹਾ ਸਾਹਮਣੇ ਆਉਂਦੀ ਹੈ ਤਾਂ ਉਹ ਬਣਦੀ ਕਾਰਵਾਈ ਕਰਵਾਉਣ ਲਈ ਜ਼ਿੰਮੇਵਾਰ ਹੋਣਗੇ ਅਤੇ ਫਿਲਹਾਲ ਅਸੀਂ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਦੇ ਬਿਆਨਾਂ ’ਤੇ ਭੀਖੀ ਪੁਲਸ ਨੇ ਅਧੀਨ ਧਾਰਾ 194 ਬੀ. ਐੱਨ. ਐੱਸ. ਐੱਸ. ਤਹਿਤ ਕਾਰਵਾਈ ਕੀਤੀ ਹੈ।
