ਮਾਰਕਫੈੱਡ ਪ੍ਰਬੰਧਕਾਂ ਦੀ ਅੜੀਅਲ ਨੀਤੀ ਖਿਲਾਫ਼ ਫੀਲਡ ਮੁਲਾਜ਼ਮਾਂ ਚ ਭਾਰੀ ਰੋਸ : ਹਰਪਾਲ ਸਿੰਘ ਸਿੱਧੂ

Saturday, Oct 03, 2026 - 06:21 PM (IST)

ਮਾਰਕਫੈੱਡ ਪ੍ਰਬੰਧਕਾਂ ਦੀ ਅੜੀਅਲ ਨੀਤੀ ਖਿਲਾਫ਼ ਫੀਲਡ ਮੁਲਾਜ਼ਮਾਂ ਚ ਭਾਰੀ ਰੋਸ : ਹਰਪਾਲ ਸਿੰਘ ਸਿੱਧੂ

ਬੁਢਲਾਡਾ (ਬਾਂਸਲ) : ਮਾਰਕਫੈੱਡ ਪ੍ਰਬੰਧਕਾਂ ਵੱਲੋਂ ਸੇਵਾਮੁਕਤ ਮੁਲਾਜ਼ਮਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਧੱਕੇ ਦੀ ਮਾਰਕਫੈੱਡ ਰਿਟਾਇਰਡ ਫੀਲਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ, ਪੰਜਾਬ ਦੇ ਸੂਬਾ ਪ੍ਰਧਾਨ ਹਰਪਾਲ ਸਿੰਘ ਸਿੱਧੂ ਵੱਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਨਯੋਗ ਅਦਾਲਤਾਂ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਬਜ਼ੁਰਗ ਮੁਲਾਜ਼ਮਾਂ ਨੂੰ ਜ਼ਲੀਲ ਕਰਨ ਵਾਲੇ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਦੇ ਗਲਤ ਅਤੇ ਇੱਕਤਰਫ਼ਾ ਫੈਸਲਿਆਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਉਨ੍ਹਾਂ ਖ਼ੁਲਾਸਾ ਕੀਤਾ ਕਿ ਫੀਲਡ ਮੁਲਾਜ਼ਮ ਗ੍ਰੈਚੁਟੀ ਅਤੇ ਲੀਵ ਇਨਕੈਸ਼ਮੈਂਟ ਦੇ ਕੇਸ ਅਦਾਲਤਾਂ ਤੋਂ ਜਿੱਤ ਚੁੱਕੇ ਹਨ। ਇਸ ਤੋਂ ਇਲਾਵਾ, 7 ਮਈ 2026 ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਦੇ ਇਤਿਹਾਸਕ ਹੁਕਮਾਂ ਦਾ ਹਵਾਲਾ ਦਿੰਦੇ ਹੋਏ ਮੁਲਾਜ਼ਮਾਂ ਸਿਰ ਮੜ੍ਹੀਆਂ ਗਈਆਂ ਸਾਰੀਆਂ ਝੂਠੀਆਂ ਚਾਰਜਸ਼ੀਟਾਂ ਨੂੰ ਰੱਦ ਕਰ ਦਿੱਤਾ ਸੀ। ਪ੍ਰੰਤੂ ਮਾਰਕਫੈੱਡ ਮੈਨੇਜਮੈਂਟ ਆਪਣੀ ਅੜੀਅਲ ਅਤੇ ਬਦਲਾਖੋਰੀ ਵਾਲੀ ਨੀਤੀ ਤੋਂ ਬਾਜ਼ ਨਹੀਂ ਆ ਰਹੀ। 

ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ, ਮਹਿਕਮਾ ਜਾਣ-ਬੁੱਝ ਕੇ ਕੇਸ ਨੂੰ ਲਟਕਾਉਣ ਅਤੇ ਮੁਲਾਜ਼ਮਾਂ ਨੂੰ ਮਾਨਸਿਕ ਤੌਰ ਤੇ ਤੋੜਨ ਲਈ ਡਬਲ ਬੈਂਚ ਅਤੇ ਸੁਪਰੀਮ ਕੋਰਟ ਜਾਣ ਦੀਆਂ ਗੱਲਾਂ ਕਰਕੇ ਜ਼ਲੀਲ ਕਰ ਰਿਹਾ ਹੈ। ਐਸੋਸੀਏਸ਼ਨ ਨੇ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਪੱਤਰ ਲਿਖ ਕੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ ਕਿ ਕੇਂਦਰ ਵੱਲੋਂ ਲਿਫਟਿੰਗ ਨਾ ਹੋਣ ਕਾਰਨ ਸੂਬੇ ਵਿਚ ਲਗਭਗ 40 ਲੱਖ ਮੀਟ੍ਰਿਕ ਟਨ ਕਣਕ ਦਾ ਸਟਾਕ ਰਾਈਸ ਮਿੱਲਾਂ ਤੇ ਮੰਡੀਆਂ ਦੇ ਫੜ੍ਹਾਂ ਵਿਚ ਜਗ੍ਹਾ ਘੇਰੀ ਬੈਠਾ ਹੈ, ਜਿਸ ਵਿਚੋਂ ਲਗਭਗ 17 ਲੱਖ ਮੀਟ੍ਰਿਕ ਟਨ ਕਣਕ ਅਜੇ ਵੀ ਬਾਹਰ ਖੁੱਲ੍ਹੇ ਵਿਚ ਪਈ ਖ਼ਰਾਬ ਹੋ ਰਹੀ ਹੈ। ਮੁੱਖ ਮੰਤਰੀ ਨੇ ਖ਼ੁਦ ਅਕਤੂਬਰ ਮਹੀਨੇ ਦੌਰਾਨ 15 ਲੱਖ ਮੀਟ੍ਰਿਕ ਟਨ ਕਣਕ ਦੀ ਤੁਰੰਤ ਲਿਫਟਿੰਗ ਅਤੇ 10 ਅਕਤੂਬਰ ਤੱਕ 6 ਲੱਖ ਮੀਟ੍ਰਿਕ ਟਨ ਚੌਲ ਨੂੰ ਖਾਲੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਨਵੀਂ ਫ਼ਸਲ ਲਈ ਜਗ੍ਹਾ ਬਣ ਸਕੇ। 

ਮੁਲਾਜ਼ਮ ਆਗੂਆਂ ਨੇ ਸਵਾਲ ਚੁੱਕਿਆ ਕਿ ਜਦੋਂ ਖ਼ੁਦ ਮੁੱਖ ਮੰਤਰੀ ਮੰਨ ਰਹੇ ਹਨ ਕਿ ਸਟੋਰੇਜ ਦੀ ਘਾਟ ਅਤੇ ਕੇਂਦਰ ਵੱਲੋਂ ਦੇਰੀ ਕਾਰਨ ਕਣਕ ਬਾਹਰ ਖੁੱਲ੍ਹੇ ਵਿਚ ਪਈ ਖ਼ਰਾਬ ਹੋ ਰਹੀ ਹੈ, ਤਾਂ ਮਾਰਕਫੈੱਡ ਦੇ ਅਧਿਕਾਰੀ ਬੇਮੌਸਮੀ ਬਰਸਾਤਾਂ, ਭਿਆਨਕ ਹੀਟ ਵੇਵਜ਼, ਨਸਾਇੰਟਿਫਿਕ ਪਲਾਂਥ ਮੈਨੇਜਮੈਂਟ ਅਤੇ ਟੁੱਟੇ-ਫੁੱਟੇ ਕਰੇਟਾਂ ਤੇ ਪਲਾਸਟਿਕ ਬਾਰਦਾਨੇ ਕਾਰਨ ਹੋਏ ਕੁਦਰਤੀ ਨੁਕਸਾਨ ਦਾ ਹਰਜਾਨਾ ਫੀਲਡ ਮੁਲਾਜ਼ਮਾਂ ਸਿਰ ਕਿਵੇਂ ਮੜ੍ਹ ਸਕਦੇ ਹਨ। ਜਥੇਬੰਦੀ ਨੇ ਖ਼ਾਸ ਤੌਰ ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਸਮੇਂ ਸਿਰ ਕਣਕ ਦੀ ਡਿਸਪੈਚਿੰਗ ਜਾਂ ਕਣਕ ਦੀ ਨਿਕਾਸੀ ਨਾ ਕਰਵਾਈ ਗਈ, ਤਾਂ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਖਰੀਦ ਏਜੰਸੀਆਂ ਦਾ ਫੀਲਡ ਸਟਾਫ਼ ਬਹੁਤ ਵੱਡੀਆਂ ਆਰਥਿਕ ਅਤੇ ਮਾਨਸਿਕ ਪਰੇਸ਼ਾਨੀਆਂ ਵਿੱਚੋਂ ਗੁਜ਼ਰੇਗਾ। ਇਸ ਮੌਕੇ ਹੁਕਮ ਚੰਦ ਫਾਜ਼ਿਲਕਾ, ਕੁਲਦੀਪ ਸਿੰਘ ਸੁਨਾਮ, ਜਰਨੈਲ ਸਿੰਘ ਮਾਨਸਾ, ਅੰਮ੍ਰਿਤ ਕੌਰ ਸੰਗਰੂਰ, ਸੁਰਜੀਤ ਸਿੰਘ ਬਠਿੰਡਾ, ਸਿਕੰਦਰ ਖਾਨ ਪਟਿਆਲਾ, ਗੁਰਚਰਨ ਸਿੰਘ ਮੋਗਾ, ਤਾਰਾ ਚੰਦ ਮੁਕਤਸਰ, ਟੋਨ ਕੁਮਾਰ ਫਾਜ਼ਿਲਕਾ, ਸੁਰਜੀਤ ਸਿੰਘ ਫਰੀਦਕੋਟ, ਕਸ਼ਮੀਰ ਸਿੰਘ ਅੰਮ੍ਰਿਤਸਰ, ਤਰਲੋਕ ਸਿੰਘ ਗੁਰਦਾਸਪੁਰ ਅਤੇ ਹੰਸ ਰਾਜ ਫਤਿਹਗੜ੍ਹ ਸਾਹਿਬ ਨੇ ਵੀ ਮਹਿਕਮੇ ਦੇ ਇਸ ਵਤੀਰੇ ਦੀ ਸਖ਼ਤ ਨਿੰਦਿਆ ਕੀਤੀ ਹੈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਰਕਫੈੱਡ ਨੇ ਆਪਣਾ ਅੜੀਅਲ ਰਵੱਈਆ ਨਾ ਬਦਲਿਆ, ਤਾਂ ਜਥੇਬੰਦੀ ਤਿੱਖਾ ਅਤੇ ਪੁਰਅਮਨ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।


author

Gurminder Singh

Content Editor

Related News