ਦੀਵਾਲੀ ਮੌਕੇ ਜਥੇਦਾਰ ਹਵਾਰਾ ਦਾ ਸੰਦੇਸ਼ : ਪੰਥਕ ਧਿਰਾਂ ਨੂੰ ਦਿੱਤਾ ਇਹ ਸੁਨੇਹਾ
Saturday, Oct 22, 2022 - 08:10 PM (IST)
ਅੰਮ੍ਰਿਤਸਰ (ਅਨਜਾਣ) : ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਪੰਥਕ ਧਿਰਾਂ ਨੂੰ ਦੀਵਾਲੀ ਮੌਕੇ ਸੰਦੇਸ਼ ਭੇਜਿਆ ਗਿਆ ਹੈ। ਜਥੇਦਾਰ ਹਵਾਰਾ ਵੱਲੋਂ ਭੇਜੇ ਗਏ ਸੰਦੇਸ਼ ਨੂੰ ਪੜ੍ਹਦਿਆਂ ਜਥੇਦਾਰ ਹਵਾਰਾ ਦੇ ਧਰਮ ਪਿਤਾ ਬਾਪੂ ਜਗਤਾਰ ਸਿੰਘ ਨੇ ਕਿਹਾ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਪੰਥਕ ਮਸਲਿਆਂ ਪ੍ਰਤੀ ਚੱਲ ਰਹੇ ਵੱਖੋ-ਵੱਖਰੇ ਸੰਘਰਸ਼ ਬੰਦ ਕਰਕੇ ਇਕ ਪਲੇਟ ਫਾਰਮ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ-ਛਾਇਆ ਹੇਠ ਇਕੱਤਰ ਹੋ ਕੇ ਧਰਮ ਯੁੱਧ ਮੋਰਚੇ ਦੀ ਤਰਜ਼ 'ਤੇ ਸੰਘਰਸ਼ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਇਹ ਸੰਦੇਸ਼ ਅੰਮ੍ਰਿਤਸਰ ਦੇ ਇਕ ਹੋਟਲ ਵਿਖੇ ਸਮੁੱਚੀਆਂ ਸਿੱਖ ਜਥੇਬੰਦੀਆਂ ਵੱਲੋਂ ਹੋਈ ਇਕੱਤਰਤਾ 'ਚ ਪੜ੍ਹਿਆ ਗਿਆ।
ਇਕੱਤਰਤਾ ਉਪਰੰਤ ਬੋਲਦਿਆਂ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਨੇ ਜਥੇਦਾਰ ਹਵਾਰਾ ਵੱਲੋਂ ਅਪੀਲ ਕਰਦਿਆਂ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਕੌਮ ਨੇ ਕੁੱਝ ਨਹੀਂ ਖੱਟਿਆ, ਕੇਵਲ ਗਵਾਇਆ ਹੀ ਗਵਾਇਆ ਹੈ। ਇਸ ਦਾ ਕਾਰਨ ਇਕ ਮੰਚ 'ਤੇ ਇਕੱਠੇ ਨਾ ਹੋ ਕੇ ਵੱਖੋ-ਵੱਖਰਾ ਸੰਘਰਸ਼ ਕਰਨਾ ਹੈ। ਉਨ੍ਹਾਂ ਕਿਹਾ ਇਕ ਹਕੀਕਤ ਹੈ ਕਿ ਕੌਮ ਅੱਜ ਇਕ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੀ ਹੈ ਤੇ ਦੇਸ਼ ਦੇ ਦੁਸ਼ਮਣਾਂ ਵੱਲੋਂ ਬਹੁਤ ਡੂੰਘੀ ਸਾਜਿਸ਼ ਤਹਿਤ ਸਿੱਖ ਨੌਜਵਾਨਾਂ ਨੂੰ ਨਸ਼ਿਆਂ, ਪੱਤਿਤਪੁਣਾ ਤੇ ਗੈਂਗਸਟਰ ਕਲਚਰ ਵੱਲ ਧੱਕਿਆ ਜਾ ਰਿਹਾ ਹੈ, ਜਿਸ 'ਤੇ ਬਹੁਤ ਗੰਭੀਰਤਾ ਨਾਲ ਚਿੰਤਨ ਕਰਨ ਦੀ ਲੋੜ ਹੈ। ਸਿੱਖੀ ਦਾ ਧੁਰਾ ਪੰਜਾਬ ਦੇ ਆਪਣੇ ਘਰ 'ਚ ਸਿੱਖ ਕੌਮ ਮਾਨੋਰਟੀ ਵੱਲ ਵੱਧ ਰਹੀ ਹੈ। ਬੇਅਦਬੀਆਂ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ ਦਾ ਮਸਲਾ, ਬਹਿਬਲ ਕਲਾਂ ਦੇ ਸ਼ਹੀਦਾਂ ਤੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮਸਲਾ ਆਦਿ ਪ੍ਰਮੁੱਖ ਮਸਲੇ ਹਨ। ਉਨ੍ਹਾਂ ਕਿਹਾ ਕਿ ਹੁਣ ਹੋਰ ਅਜ਼ਮਾਇਸ਼ ਕਰਕੇ ਤੇ ਨਵੇਂ ਤਜ਼ਰਬੇ ਕਰਕੇ ਸਾਨੂੰ ਕੌਮ ਦੀ ਤਾਕਤ ਦਾ ਨੁਕਸਾਨ ਨਹੀਂ ਕਰਨਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ - ਮਾਲਵੇ 'ਚ ਬਣਨ ਵਾਲੇ ਸੱਚਾ ਸੌਦਾ ਦੇ ਡੇਰੇ ਨੂੰ ਲੈ ਕੇ ਭੜਕੇ ਅੰਮ੍ਰਿਤਪਾਲ ਸਿੰਘ, ਕਹੀਆਂ ਇਹ ਗੱਲਾਂ
ਉਨ੍ਹਾਂ ਸਮੁੱਚੀ ਸਿੱਖ ਕੌਮ ਤੇ ਗੁਰੂ ਭੈਅ 'ਚ ਰਹਿਣ ਵਾਲੀਆਂ ਤੇ ਕੌਮ ਦਾ ਦਰਦ ਰੱਖਣ ਵਾਲੀਆਂ ਜਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਹੋਰ ਸੋਚਣ ਦਾ ਵੇਲਾ ਨਹੀਂ, ਆਓ 24 ਸਤੰਬਰ ਨੂੰ ਪੰਥਕ ਧਿਰਾਂ ਦੀ ਚੰਡੀਗੜ੍ਹ ਵਿਖੇ ਹੋਣ ਵਾਲੀ ਇਕੱਤਰਤਾ 'ਚ ਇੱਕਜੁੱਟ ਹੋ ਕੇ ਵੱਡਾ ਸੰਘਰਸ਼ ਵਿੱਢ ਕੇ ਕੌਮ ਦੇ ਮਸਲੇ ਹੱਲ ਕਰਵਾਉਣ ਲਈ ਯਤਨਸ਼ੀਲ ਹੋਈਏ। ਇਸ ਮੌਕੇ ਭਾਈ ਬਲਦੇਵ ਸਿੰਘ ਵਡਾਲਾ, ਭਾਈ ਦਿਲਬਾਗ ਸਿੰਘ ਸਰਬੱਤ ਖਾਲਸਾ, ਭਾਈ ਪਾਲ ਸਿੰਘ, ਜਥੇਦਾਰ ਮਹਾਰਾਜ ਸਿੰਘ ਨਿਹੰਗ ਸਿੰਘ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਮਹਾਂਬੀਰ ਸਿੰਘ ਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।