ਜੱਥੇਦਾਰ ਗੜਗੱਜ ਨੇ ਜੱਥੇਦਾਰ ਧਿਆਨ ਸਿੰਘ ਮੰਡ ਨਾਲ ਕੀਤੀ ਮੁਲਾਕਾਤ, ਜਾਣਿਆ ਹਾਲ
Monday, May 26, 2025 - 03:32 PM (IST)

ਫਿਰੋਜ਼ਪੁਰ (ਸੰਨੀ) : ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਫਿਰੋਜ਼ਪੁਰ ਪਹੁੰਚੇ। ਇੱਥੇ ਉਨ੍ਹਾਂ ਵੱਲੋਂ ਸਰਬੱਤ ਖਾਲਸਾ ਦੇ ਥਾਪੇ ਜੱਥੇਦਾਰ ਧਿਆਨ ਸਿੰਘ ਮੰਡ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਗਈ। ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਉਹ ਅੱਜ ਫਿਰੋਜ਼ਪੁਰ ਵਿਖੇ ਜੱਥੇਦਾਰ ਧਿਆਨ ਸਿੰਘ ਮੰਡ ਦਾ ਹਾਲ-ਚਾਲ ਜਾਣਨ ਲਈ ਪਹੁੰਚੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦੇ ਕਾਰਨ ਉਹ ਅੱਜ ਇੱਥੇ ਪੁੱਜੇ ਹਨ।
ਜੱਥੇਦਾਰ ਗੜਗੱਜ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਸਿੱਖ ਕੌਮ ਲਈ ਕਈ ਸ਼ਹਾਦਤਾਂ ਦਿੱਤੀਆਂ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਮੁਆਫ਼ੀ ਦੇਣ ਬਾਰੇ ਬੋਲਦਿਆਂ ਜੱਥੇਦਾਰ ਗੜਗੱਜ ਨੇ ਕਿਹਾ ਕਿ ਸਭ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਨ ਅਤੇ ਉਨ੍ਹਾਂ ਦੀ ਛਤਰ-ਛਾਇਆ ਨੂੰ ਮੰਨਦੇ ਹਨ ਅਤੇ ਮੰਨਦੇ ਰਹਿਣਗੇ। ਧਿਆਨ ਸਿੰਘ ਮੰਡ ਨੇ ਕਿਹਾ ਕਿ ਅੱਜ ਮੇਰਾ ਹਾਲ-ਚਾਲ ਜਾਨਣ ਲਈ ਜੱਥੇਦਾਰ ਸਾਹਿਬ ਪਹੁੰਚੇ ਹਨ। ਅਸੀਂ ਕਾਫੀ ਦੇਰ ਤੋਂ ਇਕੱਠੇ ਸੰਘਰਸ਼ ਕਰਦੇ ਰਹੇ ਹਾਂ ਅਤੇ ਇੱਕ-ਦੂਜੇ ਨੂੰ ਪਹਿਲਾਂ ਵੀ ਮਿਲਦੇ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਿਸੇ ਦਾ ਹਾਲ-ਚਾਲ ਜਾਨਣ ਲਈ ਆਉਂਦਾ ਹੈ ਤਾਂ ਉਸਦਾ ਸੁਆਗਤ ਕਰਨਾ ਸਾਡਾ ਫਰਜ਼ ਹੈ।