ਸਾਥੋਂ ਦੂਰ ਤੁਰ ਗਿਆ ਪੰਜਾਬੀ ਅਦਬ ਦਾ ਮਹਾਨਾਇਕ ਜਸਵੰਤ ਸਿੰਘ ਕੰਵਲ

02/01/2020 6:18:49 PM

ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ) : ਪੰਜਾਬੀ ਸਾਹਿਤ ਦੇ ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਅੱਜ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਨਾ ਨਾਮ ਜਾਨਣ ਦੀ ਇੱਛਾ ਸੀ ਅਤੇ ਨਾ ਇਹ ਪੁੱਛਣ ਦੀ ਲੋੜ ਕਿ ਤੁਸੀ ਆਏ ਕਿੱਥੋਂ ਹੋ? ਉਨ੍ਹਾਂ ਲਈ ਇਹੋ ਮਾਇਨੇ ਰੱਖਦਾ ਸੀ ਕਿ ਕੋਈ ਉਨ੍ਹਾਂ ਦੇ ਵਿਹੜੇ ਆਇਆ ਹੈ ਅਤੇ ਹੁਣ ਫਿਰ ਕੋਈ ਸੰਵਾਦ ਤੁਰੇਗਾ।

ਮੋਗਾ ਦੇ ਪਿੰਡ ਢੁੱਡੀਕੇ ਦੀ ਸੜਕ ਹੀ ਉਨ੍ਹਾਂ ਦਾ ਸਿਰਨਾਵਾਂ ਹੈ। ਜਗਰਾਓਂ ਲੰਘ ਕੇ ਇਹ ਸੜਕ ਉਨ੍ਹਾਂ ਦੇ ਨਾਂ ਵਾਲੇ ਪਤੇ 'ਤੇ ਹੀ ਤੁਹਾਨੂੰ ਪਹੁੰਚਾ ਦਿੰਦੀ ਹੈ ਅਤੇ ਤੁਹਾਨੂੰ ਇੰਝ ਹੀ ਮਹਿਸੂਸ ਹੁੰਦਾ ਹੈ ਕਿ ਇਕ ਸਦੀ ਤੁਹਾਡੇ ਸਾਹਮਣੇ ਭਰਪੂਰ ਜ਼ਿੰਦਾਦਿਲੀ ਨਾਲ ਤੁਹਾਨੂੰ ਉਡੀਕ ਰਹੀ ਹੈ ਕਿਉਂਕਿ ਉਸ ਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਯਕੀਨਨ ਅਗਲੀ ਸਦੀ ਦੇ ਸ਼ਾਹਸਵਾਰ ਹਨ।

27 ਜੂਨ ਨੂੰ 99 ਸਾਲ ਦੀ ਉਮਰ ਪੂਰੀ ਕਰਕੇ 100ਵੇਂ ਵਰ੍ਹੇ 'ਚ ਦਾਖਲ ਹੋਣ ਵਾਲੇ ਜਸਵੰਤ ਸਿੰਘ ਕੰਵਲ ਪੰਜਾਬੀ ਅਦਬ ਦੇ ਅਜਿਹੇ ਅਦੀਬ ਸਨ, ਜੋ ਆਪਣੀ ਹੀ ਸ਼ਤਾਬਦੀ ਦੇ ਰੂ-ਬ-ਰੂ ਜਿਊਂਦੇ ਜਾਗਦੇ ਖੜ੍ਹੇ ਸਨ। ਉਨ੍ਹਾਂ ਦਾ ਜਾਣਾ ਪੰਜਾਬੀ ਅਦਬ ਦੇ ਇੱਕ ਯੁੱਗ ਦੀ ਵਿਦਾਈ ਹੈ। ਉਨ੍ਹਾਂ ਦੀਆਂ ਗੱਲਾਂ 'ਚ ਝੌਰਾ ਸੀ ਪੰਜਾਬ ਦੇ ਗਰਕ ਹੋ ਜਾਣ ਦਾ ਪਰ ਉਮੀਦ ਸੀ ਕਿ ਕੁਝ ਬੇਹਤਰ ਯਕੀਨਨ ਹੋਵੇਗਾ।
ਜਦੋਂ ਮੈਂ ਮਿਲਿਆ ਸੀ ਤਾਂ ਇਕ ਵਿੱਘੇ 'ਚ ਫੈਲੇ ਘਰ ਦੇ ਬਰਾਂਡੇ 'ਚ ਬੈਠੇ ਜਸਵੰਤ ਸਿੰਘ ਕੰਵਲ ਅਖਬਾਰ ਪੜ੍ਹ ਰਹੇ ਸਨ। ਇਹ ਪਿਆਰਾ ਸੰਜੋਗ ਹੈ ਜਦੋਂ 11 ਜਨਵਰੀ ਤੋਂ ਪ੍ਰੋਫੈਸਰਾਂ ਦੇ ਪ੍ਰੋਫੈਸਰ ਪ੍ਰੋ. ਪ੍ਰੀਤਮ ਸਿੰਘ (ਭੂਤਵਾੜਾ) ਦੀ ਜਨਮ ਸ਼ਤਾਬਦੀ ਮਨਾਈ ਜਾ ਰਹੀ ਸੀ। ਅਗਸਤ ਤੋਂ ਅੰਮ੍ਰਿਤਾ ਪ੍ਰੀਤਮ ਦੀ ਜਨਮ ਸ਼ਤਾਬਦੀ ਵੀ ਸ਼ੁਰੂ ਹੋ ਜਾਣੀ ਸੀ। ਸਮੇਂ ਦੀ ਉਸੇ ਚਾਲ 'ਚ ਪੰਜਾਬੀ ਅਦਬ 'ਚ ਤੁਰ ਗਏ ਸਾਥੀਆਂ ਨੂੰ ਯਾਦ ਕਰਦਿਆਂ ਇਕ ਅਦੀਬ ਜਿਊਂਦਾ ਜਾਗਦਾ ਆਪਣੀ ਜਨਮ ਸ਼ਤਾਬਦੀ ਨਾਲ ਪੰਜਾਬੀ ਅਦਬ 'ਚ 2018 ਦੇ ਉਨ੍ਹਾਂ ਖੂਬਸੂਰਤ ਵਰ੍ਹਿਆਂ 'ਚ ਸਾਂਝ ਪਾ ਰਿਹਾ ਸੀ। ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਦੇ ਪੁੱਤਰ ਸਰਬਜੀਤ ਸਿੰਘ ਨਾਲ ਫੌਨ 'ਤੇ ਗੱਲ ਹੋਈ ਸੀ। ਉਨ੍ਹਾਂ ਮੁਤਾਬਕ ਕਿਸੇ ਤਰ੍ਹਾਂ ਦੀ ਮੁਲਾਕਾਤ ਰਿਕਾਰਡ ਕਰਨੀ ਔਖੀ ਹੈ।ਅਸੀਂ ਉਨ੍ਹਾਂ ਦੀ ਇੰਟਰਵਿਊ ਕਰਨਾ ਵੀ ਨਹੀਂ ਚਾਹੁੰਦੇ ਸਾਂ।
ਬੱਸ ਪੰਜਾਬੀ ਅਦਬ ਦੇ ਇਸ ਅਦੀਬ ਨੂੰ ਆਹਮੋ-ਸਾਹਮਣੇ ਮਿਲ ਕੇ ਉਨ੍ਹਾਂ ਦੀਆਂ ਰਮਜ਼ਾਂ ਸਮਝਣੀਆਂ ਚਾਹੁੰਦੇ ਸਾਂ।
ਕਹਿੰਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ 'ਚ ਇਕਸਾਰਤਾ ਨਹੀਂ ਰਹੀ। ਉਮਰ ਦਾ ਤਕਾਜ਼ਾ ਸੀ।ਇੱਕ ਯੁੱਗ ਦਾ ਅੰਤ ਹੈ।ਪਰ ਜਾਪਦਾ ਇਹ ਸੀ ਕਿ ਅਜੇ ਵੀ ਕਿੰਨਾ ਕੁਝ ਮਨ ਦੀ ਬੁੱਕਲ 'ਚ ਸੰਭਾਲੀ ਉਹ ਕੁਝ ਕਹਿ ਰਹੇ ਸਨ।ਬੱਸ ਹੁਣ ਇਸ ਮੌਕੇ ਉਨ੍ਹਾਂ ਦੀਆਂ ਰਮਜ਼ਾਂ ਸਮਝਣ ਦੀ ਲੋੜ ਹੈ।

ਲਾਲ ਸਿੰਘ ਦਿਲ ਕਹਿੰਦੇ ਹਨ :-
ਤੂੰ ਮਿਲੇ !
ਇਹ ਗੱਲ ਛੋਟੀ ਨਹੀਂ ....
ਉਹ ਪੰਜਾਬੀ ਦੇ ਅਜਿਹੇ ਅਜੀਬ ਸਨ ਜੋ ਆਪਣੀ ਹੀ ਸ਼ਤਾਬਦੀ ਦੇ ਰੂਬਰੂ ਖੜ੍ਹੇ ਸਨ। ਜਸਵੰਤ ਸਿੰਘ ਕੰਵਲ  ਨੂੰ ਵੇਖਣ ਦਾ ਸਭ ਦਾ ਆਪੋ-ਆਪਣਾ ਨਜ਼ਰੀਆ ਹੈ। ਉਨ੍ਹਾਂ ਦੇ ਸਾਹਿਤ ਨੂੰ ਪੜ੍ਹਨਾ ਉਨ੍ਹਾਂ ਦੇ ਸਾਹਿਤ ਨੂੰ ਸਮਝਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਇਹ ਉਨ੍ਹਾਂ ਦੇ ਜਨਮ ਸ਼ਤਾਬਦੀ ਵੇਲੇ ਕਵਰ ਕੀਤੀ ਸਟੋਰੀ ਦੇ 'ਚੋਂ ਦੋ ਸਾਲ ਪਹਿਲਾਂ ਦੀ ਲਿਖੀ ਸਟੋਰੀ ਸਾਂਝੀ ਕਰ ਰਿਹਾ ਹਾਂ ਜੋ ਮੇਰਾ ਯਕੀਨ ਹੈ ਕਿ ਤੁਹਾਨੂੰ ਉਨ੍ਹਾਂ ਦੀ ਆਤਮਾ ਤੱਕ ਲੈ ਜਾਵੇਗੀ

ਜਨਮ ਦਿਨ
ਤੁਸੀਂ 100ਵੇਂ ਵਰ੍ਹੇ 'ਚ ਦਾਖਲ ਹੋ ਰਹੇ ਹੋ ਬਾਪੂ ਜੀ, ਜ਼ਿੰਦਗੀ ਕੀ ਕਹਿੰਦੀ ਹੈ? ਇਸ ਜਵਾਬ 'ਚ ਚਿਹਰੇ 'ਤੇ
ਝੁਰੜੀਆਂ ਭਰਿਆ ਹਾਸਾ ਅਤੇ ਸਾਡੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ।
ਕਹਿੰਦੇ, ਅਜੇ ਰਹਿੰਦੇ ਸੱਤ ਅੱਠ ਦਿਨ…ਹੋਰ ਸੁਣਾਓ!”
ਇਹ ਕਹਿਕੇ ਫੇਰ ਹੱਸਦੇ ਹਨ।(ਅਸੀਂ ਉਨ੍ਹਾਂ ਨੂੰ 21 ਜੂਨ ਨੂੰ ਮਿਲੇ ਸੀ) ਮੈਨੂੰ ਮੇਰੇ ਕੁਝ ਮਿੱਤਰ ਯਾਦ ਆਉਂਦੇ ਹਨ।ਅਸੀਂ ਸਾਹਿਤ ਸਭਾ ਬਣਾਈ ਸੀ।ਉਨ੍ਹਾਂ ਦਾ ਸੁਨੇਹਾ ਮਿਲਿਆ ਸੀ ਕਿ ਅਸੀਂ ਆਵਾਂਗੇ।ਮੈਨੂੰ ਉਨ੍ਹਾਂ ਦੀ
ਉਡੀਕ ਹੈ।ਮੈਂ ਜਦੋਂ ਪਿੱਛੇ ਵੇਖਦਾਂ ਹਾਂ ਤਾਂ 1935 ਤੋਂ ਮੈਂ ਤੁਰਿਆ ਹੋਇਆ ਹਾਂ।ਜਿਹੜੇ ਰਾਹ ਪੈਂਦਾ ਹਾਂ ਉਹੀ ਰਾਹ ਮੁੱਕ ਜਾਂਦਾ ਹੈ ਪਰ ਅਹਿਸਾਸ ਜ਼ਿੰਦਾ ਹੈ।ਬੰਦਾ ਵੱਡਾ ਬਣਨ ਲਈ ਬੜੇ ਹੰਭਲੇ ਮਾਰਦਾ ਹੈ।ਉਹ ਬੇਈਮਾਨੀਆਂ ਵੀ ਕਰਦਾ ਹੈ।ਇਹ ਰਲੀਆਂ-ਮਿਲੀਆਂ ਆਦਤਾਂ ਬੰਦੇ 'ਚੋਂ ਨਹੀਂ ਜਾਂਦੀਆਂ।ਦਰਅਸਲ ਆਪਣਾ ਆਪ ਗਵਾਏ ਬਿਨਾਂ,ਬੀਜ ਪਾਏ ਬਿਨਾਂ ਫਸਲ ਨਹੀਂ ਹੁੰਦੀ।

ਸਮੇਂ ਦਾ ਤਕਾਜ਼ਾ
ਮੁਲਾਕਾਤ ਅੱਧ 'ਚ ਪਹੁੰਚੀ ਤਾਂ ਪੁੱਛਦੇ ਕੀ ਕੰਮ ਕਰਦੇ ਹੋ? ਸਾਥੋਂ ਜਾਣ ਕੇ ਕੰਵਲ ਕਹਿੰਦੇ ਹਨ ਕਿ ਪੱਤਰਕਾਰ ਤਾਂ ਬਹੁਤ ਵੱਡਾ ਆਦਮੀ ਹੁੰਦੈ,ਜੇ ਤੁਹਾਡੇ ਕੋਲ ਸੱਚ ਹੈ ਤਾਂ ਪੱਤਰਕਾਰ ਵੱਡਾ ਆਦਮੀ ਹੈ ਪਰ ਜੇ ਸੱਚ ਖੁਰ ਗਿਆ ਤਾਂ ਪੱਲੇ ਸਵਾਹ ਹੀ ਰਹਿ ਜਾਂਦੀ ਹੈ।ਚੰਗੇ ਯਤਨ ਕਰੋ ਤੁਸੀ ਕੱਲ੍ਹ ਦੀ ਉਮੀਦ ਹੋ।ਤੁਸੀ ਕੋਈ ਹੋਰ ਦਿਲਚਸਪ ਗੱਲ ਜਹੀ ਸੁਣਾਓ।ਮੇਰੇ ਕੋਲ ਹੋਰ ਪੰਜ ਦਿਨ ਹੈਗੇ ਨੇ ਉਸ ਤੋਂ ਬਾਅਦ ਮੈਂ ਬੇਗਾਨਾ ਹਾਂ।
ਬਾਪੂ ਜਸਵੰਤ ਸਿੰਘ ਕੰਵਲ ਜਾਣਦੇ ਹਨ ਕਿ ਉਮਰ ਦਾ ਫੈਸਲਾ ਹੋ ਚੁੱਕਾ ਹੈ।ਤਾਰੀਖ਼ ਦਾ ਜਸ਼ਨ ਅਤੇ ਖ਼ਬਰਾਂ ਦੀਆਂ ਸੁਰਖੀਆਂ ਵੀ ਕਦੋਂ ਕਿਹੜੇ ਮੌਕੇ ਤੱਕ ਹਨ।ਕਹਿੰਦੇ,“ਮੇਰੀਆਂ ਗੱਲਾਂ ਬਹੁਤੀਆਂ ਯਥਾਰਥੀ ਨਹੀਂ।ਵਕਤ ਪਾਸ ਕਰੀ ਜਾਂਦਾ ਹਾਂ।ਇਹਨਾਂ ਗੱਲਾਂ ਨੂੰ ਨਾ ਸਰਕਾਰ ਸੁਣਦੀ ਹੈ ਅਤੇ ਨਾ ਵੱਡੇ ਲੋਕ ਸੁਣਦੇ ਹਨ।ਮਨ ਦਾ ਚੈਨ ਥੌੜ੍ਹਾ ਜਿਹਾ ਲਿਖ ਪੜ੍ਹਕੇ ਆ ਜਾਂਦਾ ਹੈ ਉਹਦੇ ਨਾਲ ਹੀ ਗੁਰੂ ਦਾ ਸ਼ੁਕਰੀਆ ਅਦਾ ਕਰੀ ਜਾਈਦਾ ਹੈ।”

ਪੰਜਾਬ
ਸਮਾਂ, ਸਰਕਾਰ ਅਤੇ ਅਸਾਂ ਪੰਜਾਬ ਨੂੰ ਕਿਤੇ ਹੋਰ ਪਾਸੇ ਪਾ ਦਿੱਤਾ ਹੈ।ਪੰਜਾਬ ਗਰਕ ਹੋਇਆ ਪਿਆ ਹੈ।ਪੰਜਾਬ ਮੁੱਕ ਰਿਹਾ ਹੈ,ਮੁਕਾਇਆ ਜਾ ਰਿਹਾ ਹੈ।ਸਰਕਾਰਾਂ ਕੋਲੋ ਉਮੀਦ ਨਹੀਂ ਹੈ।ਆਮ ਲੋਕਾਂ ਕੋਲ ਅਹਿਸਾਸ ਹੈ।ਬੱਸ ਉਹ ਜੁੜਦੇ ਨਹੀਂ,ਜੁੜਕੇ  ਇੱਕ ਥਾਂ ਖਲੋਂਦੇ ਨਹੀਂ।ਇਹ ਨਹੀਂ ਕਿ ਉਮੀਦ ਨਹੀਂ ਹੈ। ਹਰ ਬੰਦੇ ਤੋਂ ਉਮੀਦ ਹੈ।ਪੱਕੇ ਚੋਰ ਤੋਂ ਵੀ ਉਮੀਦ ਹੈ ਕਿਉਂ ਕਿ ਉਹਦੇ ਕੋਲ ਵੀ ਇਨਸਾਨੀ ਜਿਸਮ ਹੈ। ਜਿਸ ਦਿਨ ਉਹਨੂੰ ਚੰਗੇ ਬੰਦੇ ਮਿਲ ਗਏ ਉਹ ਵੀ ਸਹੀ ਰਾਹ ਫੜ੍ਹ ਲਵੇਗਾ।ਫਲਸਫੇ,ਵਿਚਾਰਧਾਰਾਵਾਂ ਇਹ ਮੱਖਣ ਦੀ ਤਰ੍ਹਾਂ ਰਿੜਕਣਾ ਪੈਂਦਾ ਹੈ।

ਮੁਹੱਬਤ ਜਮ੍ਹਾ ਜ਼ਿੰਦਗੀ
ਜਸਵੰਤ ਸਿੰਘ ਕੰਵਲ ਦੀ ਜ਼ਿੰਦਗੀ 'ਚ ਦੋ ਜਨਾਨੀਆਂ ਦਾ ਖਾਸ ਥਾਂ ਰਿਹਾ ਹੈ। ਇਸ ਬਾਰੇ ਉਹ ਸਪੱਸ਼ਟ ਰਹਿੰਦੇ ਹਨ। ਉਨ੍ਹਾਂ ਦੀਆਂ ਗੱਲਾਂ ਦਾ ਹਰ ਜ਼ਿਕਰ ਜਸਵੰਤ ਗਿੱਲ 'ਤੇ ਆ ਕੇ ਮੁੱਕ ਜਾਂਦਾ ਹੈ। ਕਹਿੰਦੇ ਹਨ ਕਿ ਦੋ ਜਨਾਨੀਆਂ ਮੇਰੀ ਜ਼ਿੰਦਗੀ 'ਚ ਖਾਸ ਰਹੀਆਂ ਹਨ। ਡਾ.ਜਸਵੰਤ ਗਿੱਲ ਮੇਰੇ ਗੁਣਾਂ ਨੂੰ ਸਮਝਦੀ ਸੀ। ਉਹਨੇ ਮੈਨੂੰ ਕਦੀ ਛੱਡਿਆ ਨਹੀਂ।ਇਹ ਘਰ ਉਹਦੇ ਲਈ ਪਾਇਆ ਸੀ। ਹੁਣ ਇਸ ਘਰ ਮੈਂ ਰਹਿੰਦਾ ਹਾਂ। ਉਹ ਕਹਿੰਦੀ ਸੀ ਕਿ ਮੇਰੀ ਮਜਬੂਰੀ ਹੈ ਮੈਂ ਤੈਨੂੰ ਛੱਡ ਨਹੀਂ ਸਕਦੀ ਅਤੇ ਮੇਰੀ ਮਜਬੂਰੀ ਸੀ ਮੈਂ ਪਿੰਡੋਂ ਜਾ ਨਹੀਂ ਸਕਦਾ ਸੀ। ਮੇਰੀ ਘਰ ਵਾਲੀ ਅਤੇ ਜਸਵੰਤ ਮੈਨੂੰ ਸਾਹ ਸਾਹ ਯਾਦ ਆਉਂਦੀਆਂ ਹਨ। ਮੇਰੀ ਘਰ ਵਾਲੀ ਤਾਂ ਮੇਰੀ ਆਗੂ ਸੀ।
ਨਾਕਾਮ-ਏ-ਤਮੰਨਾ ਦਿਲ ਇਸ ਸੋਚ ਮੇਂ ਰਹਿਤਾ ਹੈ
ਯੂੰ ਹੋਤਾ ਤੋ ਕਿਆ ਹੋਤਾ ਯੂੰ ਹੋਤਾ ਤੋ ਕਿਆ ਹੋਤਾ
ਜਸਵੰਤ ਸਿੰਘ ਕੰਵਲ ਦੇ ਨਾਵਲਾਂ 'ਚ ਮੁਹੱਬਤ ਦਾ ਬਿਆਨ ਉਸੇ ਰਵਾਨੀ 'ਚ ਆਉਂਦਾ ਰਿਹਾ ਹੈ।ਮੁਹੱਬਤ ਜ਼ਿੰਦਗੀ ਅਤੇ ਰਿਸ਼ਤਿਆਂ ਦੀ ਇਸ ਘੁੰਮਨਘੇਰੀ ਦਾ ਬਿਆਨ ਦੁਨੀਆਦਾਰੀ 'ਚ ਪਤਾ ਨਹੀਂ ਕਿਵੇਂ ਹੋਵੇ ਪਰ ਉਮਰਾਂ ਦੇ ਇਸ ਪੰਧ 'ਤੇ ਉਹਨਾਂ ਦੀਆਂ ਗੱਲਾਂ ਬਾਪੂ ਕੰਵਲ ਦਾ ਹਲਫ਼ਨਾਮਾ ਹੈ।ਉਮਰਾਂ ਦੇ ਲੰਮੇ ਫਾਸਲੇ 'ਚ ਸਾਹ ਖੇਰੂ ਹੋਣ ਦੀ ਕੋਈ ਸ਼ਿੱਦਤ ਨਾਲ ਉਡੀਕ ਕਰਦਾ ਹੈ।ਕਿਉਂਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਅਗਲੇ ਜਹਾਨੀ ਆਪਣੀ ਮੁਹੱਬਤ ਨੂੰ ਫਿਰ ਤੋਂ ਮਿਲੇਗਾ।ਉਹਦੇ ਜਾਣ ਪਿੱਛੋਂ ਉਹਨੇ ਬਾਕੀ ਦਿਨ ਕਿਸੇ ਤਪੱਸਵੀ ਵਾਂਗ ਕੱਟੇ ਹਨ।  

ਪ੍ਰਕਾਸ਼ਕ ਦੀਆਂ ਯਾਦਾਂ 'ਚੋਂ
ਭਾਈ ਸੇਵਾ ਸਿੰਘ ਹੁਣਾਂ 1940 ਨੂੰ ਸਿੰਘ ਬ੍ਰਦਰਜ਼ ਦੀ ਸ਼ੁਰੂਆਤ ਕੀਤੀ। ਭਾਈ ਸੇਵਾ ਸਿੰਘ ਦੇ ਪੋਤਰੇ ਗੁਰਸਾਗਰ ਸਿੰਘ ਹੁਣ ਸਿੰਘ ਬ੍ਰਦਰਜ਼ ਪ੍ਰਕਾਸ਼ਣ ਦਾ ਕੰਮ ਵੇਖਦੇ ਹਨ। ਗੁਰਸਾਗਰ ਸਿੰਘ ਦੱਸਦੇ ਹਨ ਜਸਵੰਤ ਸਿੰਘ ਕੰਵਲ ਨੂੰ ਪੜ੍ਹਣਾ ਪੰਜਾਬ ਨੂੰ ਪੜ੍ਹਣਾ ਵੀ ਹੈ। ਉਨ੍ਹਾਂ ਦਿਨਾਂ 'ਚ ਮੇਰੇ ਵੱਡਿਆਂ ਨਾਲ ਕੰਵਲ ਸਾਹਬ ਦੀ ਬਹੁਤ ਸਾਂਝ ਰਹੀ ਹੈ। ਉਨ੍ਹਾਂ ਦਿਨਾਂ 'ਚ ਜਸਵੰਤ ਸਿੰਘ ਕੰਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨੌਕਰੀ ਕਰਦੇ ਸਨ। ਉਨ੍ਹਾਂ ਦੀ ਪਹਿਲੀ ਕਿਤਾਬ ਜੀਵਨ ਕਲੀਆਂ ਅਸੀਂ ਛਾਪੀ ਸੀ। ਪੰਜਾਬੀ ਅਦਬ 'ਚ ਨਾਵਲ ਦੇ ਬਾਦਸ਼ਾਹ ਨਾਨਕ ਸਿੰਘ ਸਨ। ਬਤੌਰ ਪ੍ਰਕਾਸ਼ਕ ਸਾਹਿਤ ਦੇ ਬਾਜ਼ਾਰ ਨੂੰ ਸਮਝਣਾ ਵੀ ਸਾਡਾ ਕੰਮ ਹੈ ਅਤੇ ਪੰਜਾਬੀ ਅਦਬ ਦੇ ਅਦੀਬਾਂ ਨਾਲ ਤੁਰਨਾ ਤਾਂ ਸਾਡਾ ਬੋਨਸ ਹੈ।

ਜਸਵੰਤ ਸਿੰਘ ਹੁਣਾਂ ਦਾ ਪਹਿਲਾਂ ਨਾਵਲ 'ਸੱਚ ਨੂੰ ਫਾਂਸੀ' ਛਪਿਆ ਸੀ। ਉਨ੍ਹਾਂ ਦੇ ਜੀਵਨ ਕਲੀਆਂ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਸੀ ਕਿ ਉਹ ਨਾਵਲ ਨੂੰ ਬਹੁਤ ਸੋਹਣਾ ਤਰਾਸ਼ ਸਕਦੇ ਹਨ। ਇਹ ਸ਼ਾਇਦ 1959 ਦੇ ਸਾਲਾਂ ਦੀਆਂ ਗੱਲਾਂ ਹਨ। ਉਨ੍ਹਾਂ ਦੇ ਦੂਜੇ ਨਾਵਲ 'ਪਾਲੀ' ਨੇ ਤਾਂ ਕਮਾਲ ਹੀ ਕਰ ਦਿੱਤਾ ਸੀ। ਗੁਰਸਾਗਰ ਸਿੰਘ ਕਹਿੰਦੇ ਹਨ ਕਿ ਪੰਜਾਬੀ ਅਦੀਬ ਹੋਣ ਦਾ ਉਨ੍ਹਾਂ ਦਾ ਸਿਖਰ ਉਨ੍ਹਾਂ ਦੇ ਪਾਠਕਾਂ ਦੀ ਨਜ਼ਰ ਤੋਂ ਸਮਝ ਆਉਂਦਾ ਹੈ। ਸੋਚੋ 'ਰਾਤ ਬਾਕੀ ਹੈ' ਕਿਹੋ ਜਿਹਾ ਨਾਵਲ ਹੋਵੇਗਾ ਕਿ ਪਾਠਕ ਡਾ.ਜਸਵੰਤ ਗਿੱਲ ਉਨ੍ਹਾਂ ਨਾਲ ਜੁੜ ਗਈ।
ਗੱਲਾਂ, ਸੰਵਾਦ ਅਤੇ ਫਿਰ ਕਹਾਣੀ ਮੁਹੱਬਤ ਤੱਕ ਪਹੁੰਚੀ।
ਜੋ ਬਿਆਨ ਗੁਰਸਾਗਰ ਸਿੰਘ ਕਰਦੇ ਹਨ ਇਸ ਨੂੰ ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਪੰਜਾਬੀ ਅਦਬ 'ਚ ਖਾਸ ਨਾਮ ਰੱਖਦੇ ਤਿੰਨ ਪ੍ਰਕਾਸ਼ਕ ਅਜਿਹੇ ਹਨ ਜਿੰਨ੍ਹਾਂ ਲੱਗਭਗ ਉਨ੍ਹਾਂ ਦੀਆਂ ਸਾਰੀਆਂ ਕਿਤਾਬਾਂ ਛਾਪੀਆਂ ਹਨ। ਆਰਸੀ, ਲੋਕਗੀਤ ਅਤੇ ਸੰਗਮ ਪ੍ਰਕਾਸ਼ਣ ਨੇ ਉਨ੍ਹਾਂ ਦੀਆਂ ਕਿਤਾਬਾਂ ਨੂੰ ਛਾਪਿਆ ਹੈ। ਸੰਗਮ ਦੇ ਅਸ਼ੋਕ ਗਰਗ ਦੱਸਦੇ ਹਨ ਕਿ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਨੂੰ ਲੈਕੇ ਪੜ੍ਹਣ ਵਾਲਿਆਂ ਦੀ ਗਜ਼ਬ ਦੀ ਦੀਵਾਨਗੀ ਵੇਖਣ ਨੂੰ ਮਿਲਦੀ ਹੈ।

ਆਲੋਚਨਾ ਦੇ ਪੱਖ ਤੋਂ
ਜਸਵੰਤ ਸਿੰਘ ਕੰਵਲ ਬਾਰੇ ਸਮਝ ਰੱਖਣ ਵਾਲੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਲੈ ਕੇ ਇੱਕ ਮਤ ਨਹੀਂ ਹਨ। ਪੰਜਾਬੀ ਅਦਬ ਦੇ ਅਨੁਵਾਦਕ ਪਰਵੇਸ਼ ਸ਼ਰਮਾ ਕਹਿੰਦੇ ਹਨ ਕਿ ਉਨ੍ਹਾਂ ਦੀ ਇਹ ਖੂਬੀ ਹੈ ਕਿ ਨਾਵਲ 'ਚ ਖਾਸ ਤਰ੍ਹਾਂ ਦਾ ਕਥਾ ਰਸ ਹੈ। ਜਿਵੇਂ ਮਨਮੋਹਨ ਦੇ ਨਾਵਲ ਨਿਰਵਾਣ ਜਾਂ ਜਸਬੀਰ ਮੰਡ ਦੇ ਨਾਵਲ 'ਚ ਇੰਟਲੈਕਚੁਅਲ ਮਸ਼ੱਕਤ ਹੈ। ਕੰਵਲ ਦੀਆਂ ਰਚਨਾਵਾਂ ਨੇ ਨਾਨਕ ਸਿੰਘ ਵਾਂਗੂ ਵੱਡਾ ਪਾਠਕ ਵਰਗ ਖੜ੍ਹਾ ਕੀਤਾ ਹੈ।

ਇੱਕ ਸੰਦਰਭ ਇਹ ਹੈ ਕਿ ਜਸਵੰਤ ਸਿੰਘ ਕੰਵਲ 'ਤੇ ਮੌਕਪ੍ਰਸਤੀ ਦੇ ਇਲਜ਼ਾਮ ਵੀ ਲੱਗਦੇ ਹਨ ਕਿ ਉਹ ਆਪਣੀਆਂ ਰਚਨਾਵਾਂ 'ਚ ਸਮੇਂ ਦੇ ਹਿਸਾਬ ਨਾਲ ਬਦਲਦੇ ਰਹੇ ਹਨ। ਜਿਵੇਂ ਨਕਸਲਬਾੜੀ ਲਹਿਰ ਨੂੰ ਲੈ ਕੇ ਉਨ੍ਹਾਂ ਦਾ ਨਾਵਲ 'ਲਹੂ ਦੀ ਲੋਅ' ਹੈ ਤਾਂ ਖ਼ਾਲਿਸਤਾਨੀ ਲਹਿਰ ਨੂੰ ਲੈਕੇ 'ਨਵਾਂ ਜਫ਼ਰਨਾਮਾ' ਹੈ। ਕੁਝ ਪਾਠਕ ਉਨ੍ਹਾਂ ਦੇ ਨਾਵਲਾਂ ਨੂੰ ਵਧੀਆ ਮੰਨਦੇ ਹਨ ਅਤੇ ਕੁਝ ਪਾਠਕ ਉਨ੍ਹਾਂਦੀਆਂ 1984 ਤੋਂ ਬਾਅਦ ਪੰਜਾਬ ਦੇ ਮਸਲਿਆਂ ਨੂੰ ਕੇਂਦਰ 'ਚ ਰੱਖਕੇ ਲਿਖੇ ਲੇਖਾਂ ਦੀਆਂ ਕਿਤਾਬਾਂ ਨੂੰ ਪੜ੍ਹਣਾ ਪਸੰਦ ਕਰਦੇ ਹਨ।

ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਰਵਿੰਦਰ ਸਿੰਘ ਭੱਠਲ ਜਸਵੰਤ ਸਿੰਘ ਕੰਵਲ ਨੂੰ ਹੋਰ ਨਜ਼ਰੀਏ ਤੋਂ ਵੇਖਦੇ ਹਨ। ਉਨ੍ਹਾਂ ਮੁਤਾਬਕ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦਾ ਕਥਾਨਕ ਮੌਕਾਪ੍ਰਸਤ ਨਹੀਂ ਪ੍ਰਗਤੀਸ਼ੀਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਹਾਸ਼ੀਏ 'ਤੇ ਖੜ੍ਹੇ ਦੱਬੇ ਕੁਚਲੇ ਲੋਕਾਂ ਦੇ ਹੱਕ ਨੂੰ ਰਚਨਾਵਾਂ ਦਾ ਵਿਸ਼ਾ ਰੱਖਿਆ। ਉਹਦੇ ਪਾਤਰ ਆਮ ਲੋਕ ਹਨ। ਜਿਵੇਂ ਇਹ ਵੀ ਬਹਿਸ ਤੁਰਦੀ ਹੈ ਕਿ ਉਨ੍ਹਾਂ ਦਾ ਕੇਂਦਰ ਸਦਾ ਪੰਜਾਬ ਰਿਹਾ ਹੈ ਪਰ ਮੇਰੇ ਮੁਤਾਬਕ ਉਨ੍ਹਾਂ ਦੇ ਅਜਿਹੇ ਨਾਵਲ ਵੀ ਹਨ ਜਿਨਵਾਂ ਦਾ ਕਥਾ ਕੇਂਦਰ ਪੰਜਾਬ ਤੋਂ ਬਾਹਰ ਦਾ ਹੈ। 1998 ਦਾ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ 'ਤੌਸ਼ਾਲੀ ਦੀ ਹੰਸੋ' ਨਾਵਲ ਕਾਲਿੰਗਾ ਦਾ ਹੈ। ਪ੍ਰੋ. ਭੱਠਲ ਮੁਤਾਬਕ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਦੀ ਔਰਤ ਪਾਤਰ ਬਹੁਤ ਮਜ਼ਬੂਤ ਰਹੀ ਹੈ।

ਪੰਜਾਬੀ ਯੂਨੀਵਰਸਿਟੀ ਤੋਂ ਡਾਕਟਰ ਸੁਰਜੀਤ ਕਹਿੰਦੇ ਹਨ ਕਿ ਮੇਰੇ ਮੁਤਾਬਕ ਇਹਨੂੰ ਇੰਝ ਵੇਖਣਾ ਚਾਹੀਦਾ ਹੈ ਕਿ ਕੰਵਲ ਸਾਹਬ ਮਧਰੀ ਕਿਸਾਨੀ ਦਾ ਬੁਲਾਰਾ ਹੈ। ਜਿਵੇਂ-ਜਿਵੇਂ ਕਿਸਾਨੀ ਨੇ ਆਪਣੇ ਰਾਹ ਬਦਲੇ ਉਵੇਂ ਹੀ ਕੰਵਲ ਦੇ ਨਾਵਲਾਂ ਦੇ ਵਿਸ਼ੇ ਬਦਲਦੇ ਗਏ ਹਨ। ਮੁਜ਼ਾਹਰਾ ਲਹਿਰ ਤੋਂ ਨਕਸਲਾਈਟ ਹੁੰਦੇ ਹੋਏ, ਖਾਲਿਸਤਾਨੀ ਤੱਕ ਅਤੇ ਇਸ ਤੋਂ ਬਾਅਦ ਜਦੋਂ ਪੰਜਾਬ ਬਾਹਰ ਨੂੰ ਪਰਵਾਸ ਕਰਦਾ ਹੈ ਤਾਂ ਉਨ੍ਹਾਂ ਦਾ ਨਾਵਲ ਇੱਕ ਹੈਲਨ ਹੋਰ ਆਉਂਦਾ ਹੈ। ਯਾਨਿ ਕਿ ਜਿਵੇਂ ਜਿਵੇਂ ਕਿਸਾਨੀ ਜਿਹੜੇ ਹਲਾਤ 'ਚ ਗੁਜ਼ਰਦੀ ਹੈ ਉਨ੍ਹਾਂ ਦਾ ਸਾਹਿਤ ਉਨ੍ਹਾਂ ਨਾਲ ਤੁਰਦਾ ਹੈ। ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਵੀ ਉਨ੍ਹਾਂ ਦਾ ਨਜ਼ਰੀਆ ਉਦੋਂ ਪੇਸ਼ ਹੁੰਦਾ ਹੈ ਜਦੋਂ ਇਹ ਪੰਜਾਬ ਦੀ ਕਿਸਾਨੀ ਦਾ ਸੰਕਟ ਬਣਦਾ ਹੈ। ਇਸੇ ਕਾਰਨ ਉਨ੍ਹਾਂ ਨੂੰ ਪੜ੍ਹਣ ਵਾਲਾ ਪਾਠਕ ਵੀ ਪੰਜਾਬ ਦਾ ਇਹੋ ਵਰਗ ਹੈ। ਕਿਉਂ ਕਿ ਇਸੇ ਪਾਠਕ ਕੋਲ ਪੰਜਾਬੀ ਜਿਉਂਦੀ ਜਾਗਦੀ ਹੈ।ਜਿਹੜਾ ਬੰਦਾ ਪਿੰਡ ਤੋਂ ਸ਼ਹਿਰ ਆਇਆ ਉਹਦੇ ਸ਼ਹਿਰ ਦਾਖਲ ਹੁੰਦਿਆ ਹੀ ਉਹ ਪੰਜਾਬੀ ਜ਼ੁਬਾਨ ਤੋਂ ਟੁੱਟਦਾ ਹੈ।ਜਸਵੰਤ ਸਿੰਘ ਕੰਵਲ ਦਾ ਪਾਠਕ ਵੀ ਪਿੰਡਾਂ ਦਾ ਸਾਹ ਲੈਂਦਾ ਬੰਦਾ ਹੈ ਅਤੇ ਉਹਦੇ ਵਿਸ਼ੇ ਵੀ ਮਧਰੀ ਕਿਸਾਨੀ 'ਚੋਂ ਆਏ ਹਨ।

ਅਖੀਰ
ਜਸਵੰਤ ਸਿੰਘ ਕੰਵਲ ਕਹਿੰਦੇ ਹਨ ਕਿ ਹੋਰ ਸੁਣਾਓ। ਜਵਾਬ ਹੈ ਬਹੁਤ ਵਧੀਆ। ਕਹਿੰਦੇ ਹਨ ਕਿ ਬਹੁਤ ਵਧੀਆ ਲਈ ਕੋਸ਼ਿਸ਼ ਕਰੋ। ਕੋਸ਼ਿਸ਼ਾਂ ਨੂੰ ਅਮਲੀ ਜਾਮਾ ਪਹਿਨਾਓ। ਉਨ੍ਹਾਂ ਦੀਆਂ ਗੱਲਾਂ 'ਚ ਪੰਜਾਬ, ਪੰਜਾਬ ਦੀਆਂ ਫਿਕਰਾਂ, ਨਵੀਂ ਪੀੜ੍ਹੀ ਤੋਂ ਉਮੀਦ ਅਤੇ ਮੁਹੱਬਤ ਦੇ ਬਿਆਨ ਵਾਰ-ਵਾਰ ਆਉਂਦੇ ਹਨ। ਪੂਰੀ ਗੱਲਬਾਤ 'ਚ ਜੋ ਮਹਿਸੂਸ ਹੋਇਆ ਉਹ ਇਹ ਹੈ 100 ਵੇਂ ਵਰ੍ਹੇ 'ਚ ਦਾਖਲ ਹੋਣ ਵਾਲਾ ਪੰਜਾਬੀ ਦਾ ਇਹ ਅਦੀਬ ਆਪਣੇ ਲਿਖੇ ਨਾਲ ਸਾਨੂੰ ਆਪਣੀ ਗੱਲ ਕਹਿ ਗਿਆ ਹੈ। ਹੁਣ ਅਗਲਾ ਹੰਭਲਾ ਅਗਲੀ ਪੀੜ੍ਹੀ ਦਾ ਹੈ। ਆਪਣੇ 'ਚ ਜਿਊਂਦੀ ਜਾਗਦੀ ਇੱਕ ਸਦੀ ਨਵੀਂ ਸਦੀ ਨਾਲ ਗੱਲ ਕਰ ਰਹੀ ਹੈ। ਉਨ੍ਹਾਂ ਗੱਲਾਂ ਨੂੰ ਕਿਵੇਂ ਫੜ੍ਹਣਾ ਹੈ ਬੱਸ ਨੁਕਤਾ ਇਹੋ ਹੀ ਹੈ। ਕੰਵਲ ਵਾਰ ਵਾਰ ਦੁਹਰਾਉਂਦੇ ਹਨ।

ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ
ਤੁਮ ਜੋ ਆਏ ਤੋਂ ਮੰਜ਼ਿਲੇ ਲਾਏ


Shyna

Content Editor

Related News