2 ਜੰਗਾਂ ਦੇ ਸੇਕ ਨੂੰ ਭੁਲਾ ਨਹੀਂ ਸਕੀ ਜੌੜੀਆਂ ਦੀ ਧਰਤੀ

Wednesday, Jan 27, 2021 - 03:32 PM (IST)

2 ਜੰਗਾਂ ਦੇ ਸੇਕ ਨੂੰ ਭੁਲਾ ਨਹੀਂ ਸਕੀ ਜੌੜੀਆਂ ਦੀ ਧਰਤੀ

ਜਲੰਧਰ (ਜੁਗਿੰਦਰ ਸੰਧੂ)— ਅਖਨੂਰ ਤਹਿਸੀਲ ਜੰਮੂ ਜ਼ਿਲ੍ਹੇ ਦਾ ਇਲਾਕਾ ਹੈ, ਜਿਹੜਾ ਇਤਿਹਾਸਿਕ ਅਤੇ ਭੂਗੋਲਿਕ ਨਜ਼ਰੀਏ ਤੋਂ ਬਹੁਤ ਮਹੱਤਵ ਰੱਖਦਾ ਹੈ। ਇਸ ਇਲਾਕੇ ’ਚੋਂ ਹੀ ਝਨਾਅ ਦਰਿਆ ਵਹਿੰਦਾ ਹੈ, ਜਿਹੜਾ ਕੁਝ ਦੂਰੀ ਤੈਅ ਕਰ ਕੇ ਪਾਕਿਸਤਾਨ ’ਚ ਦਾਖ਼ਲ ਹੋ ਜਾਂਦਾ ਹੈ। ਇਸ ਤਹਿਸੀਲ ਨਾਲ ਹੀ ਸਬੰਧਤ ਨੇ ਛੰਬ ਅਤੇ ਜੌੜੀਆਂ ਦੇ ਖੇਤਰ, ਜਿਨ੍ਹਾਂ ’ਚ 1965 ਅਤੇ 1971 ਦੀਆਂ ਜੰਗਾਂ ਦੌਰਾਨ ਪਾਕਿਸਤਾਨੀ ਫੌਜ ਨੇ ਭਾਰੀ ਕਹਿਰ ਵਰ੍ਹਾਇਆ ਸੀ। ਛੰਬ ਦੇ ਇਲਾਕੇ ’ਤੇ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਬਾਅਦ ’ਚ ਹੋਏ ਸਮਝੌਤੇ ਦੌਰਾਨ ਪੱਕੇ ਤੌਰ ’ਤੇ ਪਾਕਿਸਤਾਨ ਦਾ ਹਿੱਸਾ ਮੰਨ ਲਿਆ ਗਿਆ। ਦੋਹਾਂ ਲੜਾਈਆਂ ਦੌਰਾਨ ਜੌੜੀਆਂ ਦੇ ਖੇਤਰ ਨੂੰ ਵੀ ਭਾਰੀ ਤਬਾਹੀ ਸਹਿਣ ਕਰਨੀ ਪਈ, ਜਿਸ ਦਾ ਸੇਕ ਇਹ ਧਰਤੀ ਅੱਜ ਤੱਕ ਨਹੀਂ ਭੁਲਾ ਸਕੀ। ਲੋਕਾਂ ਨੂੰ ਆਪਣੇ ਪਰਿਵਾਰਿਕ ਮੈਂਬਰ ਵੀ ਗੁਆਉਣੇ ਪਏ ਅਤੇ ਬਹੁਤ ਸਾਰਾ ਮਾਲੀ ਨੁਕਸਾਨ ਵੀ ਸਹਿਣ ਕਰਨਾ ਪਿਆ।

ਜੌੜੀਆਂ ਖੇਤਰ ਦੀ ਤ੍ਰਾਸਦੀ ਇਹ ਰਹੀ ਕਿ ਦੋ ਜੰਗਾਂ ਦੀ ਮਾਰ ਸਹਿਣ ਕਰਨ ਤੋਂ ਬਾਅਦ ਇਸ ਦੀ ਵਿਕਾਸ ਦੀ ਗੱਡੀ ਲੀਹ ਤੋਂ ਅਜਿਹੀ ਥਿੜਕੀ ਕਿ ਅੱਜ ਤੱਕ ਸੰਭਲ ਨਹੀਂ ਸਕੀ। ਸਰਹੱਦ ਦੇ ਕੰਢੇ ਵੱਸਦੇ ਲੋਕ ਗੁਰਬਤ ਦਾ ਆਲਮ ਹੰਢਾ ਰਹੇ ਹਨ। ਉਨ੍ਹਾਂ ਦੇ ਸਿਰ ’ਤੇ ਹਰ ਵੇਲੇ ਪਾਕਿਸਤਾਨ ਦਾ ਖਤਰਾ ਮੰਡਰਾਉਂਦਾ ਰਹਿੰਦਾ ਹੈ, ਜਿਸ ਵਲੋਂ ਰੋਜ਼ਾਨਾ ਕਿਸੇ ਨਾ ਕਿਸੇ ਖੇਤਰ ’ਚ ਗੋਲੀਬਾਰੀ ਕੀਤੀ ਜਾਂਦੀ ਹੈ। ਅਮਨ-ਚੈਨ ਅਤੇ ਖੁਸ਼ਹਾਲੀ ਨੂੰ ਤਰਸਦੇ ਲੋਕਾਂ ਤੱਕ ਸਾਡੀਆਂ ਸਰਕਾਰਾਂ ਸਹੀ ਅਰਥਾਂ ’ਚ ਬੁਨਿਆਦੀ ਸਹੂਲਤਾਂ ਵੀ ਨਹੀਂ ਪਹੁੰਚਾ ਸਕੀਆਂ। ਜ਼ਿਆਦਾਤਰ ਲੋਕਾਂ ਦੇ ਸਾਹਮਣੇ ਹਰ ਵੇਲੇ ਪਰਿਵਾਰ ਪਾਲਣ ਅਤੇ ਰੋਜ਼ੀ-ਰੋਟੀ ਦਾ ਪ੍ਰਬੰਧ ਕਰਨ ਦੀ ਹੀ ਚਿੰਤਾ ਬਣੀ ਰਹਿੰਦੀ ਹੈ। ਉੱਚ ਤਾਲੀਮ ਜੌੜੀਆਂ ਖੇਤਰ ਦੇ ਲੋਕਾਂ ਤੋਂ ਬਹੁਤ ਉੱਚੀ ਹੀ ਰਹੀ ਸਗੋਂ ਉਨ੍ਹਾਂ ’ਚ ਬਹੁਤੇ ਤਾਂ ਮਿਡਲ ਅਤੇ ਹਾਈ ਸਕੂਲ ਦੀ ਪੜ੍ਹਾਈ ਵੀ ਨਹੀਂ ਕਰ ਸਕੇ।

ਮੁਸ਼ਕਿਲਾਂ ਅਤੇ ਮੁਸੀਬਤਾਂ ਭਰਿਆ ਜੀਵਨ ਗੁਜ਼ਾਰ ਰਹੇ ਸਰਹੱਦੀ ਖੇਤਰਾਂ ਦੇ ਪਰਿਵਾਰਾਂ ਨੂੰ ਸਹਾਇਤਾ ਪਹੁੰਚਾਉਣ ਲਈ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ 582ਵੇਂ ਟਰੱਕ ਦੀ ਰਾਹਤ ਸਮੱਗਰੀ ਬੀਤੇ ਦਿਨੀਂ ਜੌੜੀਆਂ ਖੇਤਰ ਦੇ ਸਰਹੱਦੀ ਪਿੰਡ ਪੰਜਤੂਤ ਵਿਖੇ ਵੰਡੀ ਗਈ। ਇਹ ਸਮੱਗਰੀ ਆਰ. ਕੇ. ਐੱਸ. ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ (ਮੋਗਾ) ਦੇ ਚੇਅਰਮੈਨ ਸ਼੍ਰੀ ਸੰਜੀਵ ਸੂਦ ਅਤੇ ਪ੍ਰਧਾਨ ਰਾਜੀਵ ਸੂਦ ਵੱਲੋਂ ਕੇਸ਼ਵ ਨਾਰਾਇਣ ਗੁਪਤਾ (ਤਲਵੰਡੀ ਭਾਈ) ਦੇ ਸਹਿਯੋਗ ਨਾਲ ਭਿਜਵਾਈ ਗਈ ਸੀ।
ਪਿੰਡ ਪੰਜਤੂਤ ਵਿਖੇ ਹੋਏ ਰਾਹਤ ਵੰਡ ਆਯੋਜਨ ਦੌਰਾਨ 250 ਪਰਿਵਾਰਾਂ ਨੂੰ ਕੰਬਲ, ਆਟਾ ਅਤੇ ਖੰਡ ਆਦਿ ਦੀ ਵੰਡ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਸ਼੍ਰੀ ਵਰਿੰਦਰ ਸ਼ਰਮਾ ਯੋਗਾਚਾਰੀਆ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਬੈਠੇ ਲੋਕ ਵੀ ਦੇਸ਼ ਦੀਆਂ ਸਰਹੱਦਾਂ ਦੇ ਪਹਿਰੇਦਾਰ ਹਨ, ਜਿਹੜੇ ਦਿਨ-ਰਾਤ ਬਿਨਾਂ ਹਥਿਆਰਾਂ ਦੇ ਦੁਸ਼ਮਣ ਦਾ ਸਾਹਮਣਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਨਾ ਸਿਰਫ ਦੇਸ਼ ਭਗਤ ਹਨ ਸਗੋਂ ਬਹਾਦਰ ਵੀ ਹਨ, ਜਿਹੜੇ ਹਰ ਦੁੱਖ-ਸੁੱਖ ਨੂੰ ਬਰਦਾਸ਼ਤ ਕਰ ਕੇ ਦੇਸ਼ ਦੀ ਆਨ ਅਤੇ ਸ਼ਾਨ ਲਈ ਦ੍ਰਿੜ ਇਰਾਦੇ ਨਾਲ ਡਟੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਸਾਡੀ ਸਰਕਾਰ ਸਰਹੱਦੀ ਖੇਤਰਾਂ ਦੇ ਪਰਿਵਾਰਾਂ ਤੱਕ ਨਾ ਸਹੂਲਤਾਂ ਪਹੁੰਚਾ ਸਕੀ ਹੈ ਅਤੇ ਨਾ ਹੀ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਕੋਈ ਸਥਾਈ ਪ੍ਰਬੰਧ ਕਰ ਸਕੀ ਹੈ। ਅਜਿਹੀ ਸਥਿਤੀ ’ਚ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਇਨ੍ਹਾਂ ਪਰਿਵਾਰਾਂ ਦਾ ਦਰਦ ਪਛਾਣਿਆ ਅਤੇ 21 ਸਾਲਾਂ ਤੋਂ ਲਗਾਤਾਰ ਇਨ੍ਹਾਂ ਲਈ ਰਾਹਤ ਸਮੱਗਰੀ ਭਿਜਵਾ ਰਹੇ ਹਨ।

PunjabKesari

ਪੀੜਤ ਪਰਿਵਾਰਾਂ ਨੂੰ ਰਾਹਤ ਮੁਹਿੰਮ ਦਾ ਸਹਾਰਾ ਹੈ : ਪ੍ਰਸਿੰਨੀ ਦੇਵੀ
ਬੀ. ਐੱਸ. ਐੱਫ. ਦੇ ਕਮਾਂਡੈਂਟ ਜਨਰਲ ਕਰਨੈਲ ਸਿੰਘ ਦੀ ਧਰਮ ਪਤਨੀ ਸ਼੍ਰੀਮਤੀ ਪ੍ਰਸਿੰਨੀ ਦੇਵੀ ਨੇ ਜਿਥੇ ਸਮੱਗਰੀ ਵੰਡਣ ’ਚ ਅਗਵਾਈ ਕੀਤੀ, ਉਥੇ ਹੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਕੇਸਰੀ ਗਰੁੱਪ ਦੀ ਰਾਹਤ ਮੁਹਿੰਮ ਦਾ ਬਹੁਤ ਵੱਡਾ ਸਹਾਰਾ ਹੈ। ਇਸ ਨਾਲ ਇਨ੍ਹਾਂ ਲੋਕਾਂ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਹੌਸਲਾ ਵੀ ਬੁਲੰਦ ਹੁੰਦਾ ਹੈ। ਲੋਕ ਇਹ ਵੀ ਮਹਿਸੂਸ ਕਰਦੇ ਹਨ ਕਿ ਮੁਸ਼ਕਲ ਭਰੇ ਹਾਲਾਤ ’ਚ ਦੇਸ਼ ਵਾਸੀ ਉਨ੍ਹਾਂ ਦੇ ਨਾਲ ਖੜ੍ਹੇ ਹਨ। ਪ੍ਰਸਿੰਨੀ ਦੇਵੀ ਨੇ ਕਿਹਾ ਕਿ ਸਰਹੱਦੀ ਖੇਤਰਾਂ ’ਚ ਗਰੀਬੀ ਅਤੇ ਬੇਰੁਜ਼ਗਾਰੀ ਦੀ ਇੰਨੀ ਜ਼ਿਆਦਾ ਮਾਰ ਹੈ ਕਿ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਪਰਿਵਾਰ ਸਮੇਤ ਜੂਝਣਾ ਪੈਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਇਸ ਖੇਤਰ ’ਚ ਹੋਰ ਸਮੱਗਰੀ ਭਿਜਵਾਈ ਜਾਵੇ।

ਦੋ ਪੀੜ੍ਹੀਆਂ ਦਾ ਜੀਵਨ ਬਰਬਾਦ ਹੋ ਗਿਆ : ਜਗਦੀਸ਼ ਰਾਜ
ਪਿੰਡ ਪੰਜਤੂਤ ਦੇ ਸਰਪੰਚ ਸ਼੍ਰੀ ਜਗਦੀਸ਼ ਰਾਜ ਨੇ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਸਾਜਿਸ਼ਾਂ ਕਾਰਣ ਆਜ਼ਾਦੀ ਤੋਂ ਬਾਅਦ ਦੀਆਂ ਦੋ ਪੀੜ੍ਹੀਆਂ ਦਾ ਜੀਵਨ ਬਰਬਾਦ ਹੋ ਗਿਆ। ਇਸ ਸਮੇਂ ਦੌਰਾਨ ਖੇਤਰ ਦੇ ਲੋਕਾਂ ਨੂੰ ਸਿੱਖਿਆ ਪ੍ਰਾਪਤ ਕਰਨ ਅਤੇ ਤਰੱਕੀ ਆਦਿ ਦੇ ਮੌਕੇ ਹੀ ਨਹੀਂ ਮਿਲ ਸਕੇ, ਜਿਸ ਹਾਲਤ ’ਚ ਇਹ ਪਰਿਵਾਰ 1947 ਦੌਰਾਨ ਰਹਿੰਦੇ ਸਨ, ਅੱਜ ਵੀ ਲਗਭਗ ਉਸੇ ਤਰ੍ਹਾਂ ਦੀ ਸਥਿਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ’ਚ ਵੀ ਹਾਲਾਤ ਸੁਖਾਵੇਂ ਨਹੀਂ ਹੁੰਦੇ ਤਾਂ ਇਸ ਦਾ ਆਉਣ ਵਾਲੀਆਂ ਪੀੜ੍ਹੀਆਂ ’ਤੇ ਵੀ ਮਾੜਾ ਅਸਰ ਪਵੇਗਾ। ਸਰਪੰਚ ਜਗਦੀਸ਼ ਰਾਜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਰਹੱਦੀ ਖੇਤਰਾਂ ਲਈ ਤਰਜੀਹ ਦੇ ਆਧਾਰ ’ਤੇ ਵਿਕਾਸ ਕਾਰਜ ਕਰਨੇ ਚਾਹੀਦੇ ਹਨ।

ਸਮਾਜ ਸੇਵਾ ਦਾ ਮਾਰਗ ਸਭ ਤੋਂ ਉੱਤਮ ਹੈ : ਰਜਿੰਦਰ ਸ਼ਰਮਾ
ਜਲੰਧਰ ਦੇ ਸਮਾਜ ਸੇਵੀ ਰਜਿੰਦਰ ਸ਼ਰਮਾ (ਭੋਲਾ ਜੀ) ਨੇ ਇਸ ਮੌਕੇ ਕਿਹਾ ਕਿ ਸਮਾਜ ਸੇਵਾ ਦਾ ਮਾਰਗ ਸਭ ਤੋਂ ਉੱਤਮ ਹੈ ਅਤੇ ਇਸ ’ਤੇ ਚੱਲਦਿਆਂ ਸਾਨੂੰ ਹਮੇਸ਼ਾ ਲੋੜਵੰਦਾਂ ਅਤੇ ਆਰਥਿਕ ਤੌਰ ’ਤੇ ਪੱਛੜੇ ਪਰਿਵਾਰਾਂ ਦੀ ਭਲਾਈ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਪਰਿਵਾਰਾਂ ਦੇ ਦੁੱਖਾਂ-ਤਕਲੀਫਾਂ ਦਾ ਕੋਈ ਅੰਤ ਨਹੀਂ ਹੈ। ਪੰਜਾਬ ਕੇਸਰੀ ਗਰੁੱਪ ਦੇਸ਼ ਦਾ ਇਕਲੌਤਾ ਅਦਾਰਾ ਹੈ, ਜਿਹੜਾ ਇਨ੍ਹਾਂ ਲੋਕਾਂ ਦਾ ਦੁੱਖ-ਦਰਦ ਵੰਡਾਉਣ ਲਈ ਜੁਟਿਆ ਹੋਇਆ ਹੈ। ਸ਼ਰਮਾ ਨੇ ਕਿਹਾ ਕਿ ਦੇਸ਼ ਦੀਆਂ ਦਾਨੀ ਸੰਸਥਾਵਾਂ ਅਤੇ ਸ਼ਖਸੀਅਤਾਂ ਨੂੰ ਇਸ ਮੁਹਿੰਮ ’ਚ ਵਧ-ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ।

ਸਰਹੱਦੀ ਸਹਾਇਤਾ ਤੋਂ ਵਾਂਝੀ ਕ੍ਰਿਸ਼ਨਾ ਦੇਵੀ
ਪਿੰਡ ਪੰਜਤੂਤ ਦੀ ਰਹਿਣ ਵਾਲੀ ਕ੍ਰਿਸ਼ਨਾ ਦੇਵੀ ਬੀਤੇ 10 ਸਾਲਾਂ ਤੋਂ ਸਰਕਾਰੀ ਸਹਾਇਤਾ ਨੂੰ ਤਰਸ ਰਹੀ ਹੈ ਪਰ ਉਸ ਨੂੰ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਉਸ ਦਾ ਘਰਵਾਲਾ ਵਿਕਾਸ ਨਾਥ ਉਦੋਂ ਅਧਰੰਗ ਦੇ ਅਟੈਕ ਕਾਰਣ 5-6 ਸਾਲ ਮੰਜੇ ’ਤੇ ਪੈਣ ਉਪਰੰਤ ਸਵਰਗਵਾਸ ਹੋ ਗਿਆ ਸੀ। ਉਦੋਂ ਤੋਂ ਉਹ ਆਪਣੇ 6 ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਲਈ ਦਿਨ-ਰਾਤ ਮਿਹਨਤ ਕਰਦੀ ਹੈ। ਉਸ ਨੇ ਦੱਸਿਆ ਕਿ 1000 ਰੁਪਏ ਵਿਧਵਾ ਪੈਨਸ਼ਨ ਮਿਲਦੀ ਹੈ ਪਰ ਉਸ ਨਾਲ ਚੁੱਲ੍ਹਾ ਬਾਲਣਾ ਬਹੁਤ ਮੁਸ਼ਕਿਲ ਹੈ। ਜਦੋਂ ਗੋਲੀਬਾਰੀ ਹੁੰਦੀ ਹੈ ਤਾਂ ਉਸ ਦੀ ਮਿਹਨਤ ਮਜ਼ਦੂਰੀ ਵੀ ਬੰਦ ਹੋ ਜਾਂਦੀ ਹੈ। ਕਈ ਵਾਰ ਅਜਿਹੀ ਸਥਿਤੀ ਬਣ ਜਾਂਦੀ ਹੈ ਕਿ ਮੰਗ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਉਸ ਨੇ ਕਿਹਾ ਕਿ ਸਰਕਾਰ ਉਸ ਦੇ ਪਰਿਵਾਰ ਨੂੰ ਵਿਸ਼ੇਸ਼ ਸਹਾਇਤਾ ਦੇਵੇ।

ਭਰ ਜਵਾਨੀ ’ਚ ਵਿਧਵਾ ਹੋ ਗਈ ਬਬਿਤਾ
ਪਿੰਡ ਠੰਗਰ ਦੀ ਰਹਿਣ ਵਾਲੀ 25 ਸਾਲਾ ਬਬਿਤਾ ਨੇ ਦੱਸਿਆ ਕਿ ਉਸ ਦਾ ਵਿਆਹ 2013 ’ਚ ਹੋਇਆ ਸੀ ਜਦੋਂ ਕਿ 2014 ਦੇ ਅਖੀਰ ’ਚ ਇਕ ਟਰੱਕ ਨਾਲ ਹਾਦਸਾ ਵਾਪਰਨ ਕਰ ਕੇ ਉਸਦਾ ਪਤੀ ਕਮਲ ਕੁਮਾਰ ਸੋਨੂੰ ਸਦਾ ਲਈ ਵਿੱਛੜ ਗਿਆ। ਉਸ ਵੇਲੇ ਉਸ ਦਾ ਬੱਚਾ 2-3 ਮਹੀਨਿਆਂ ਦਾ ਹੀ ਸੀ। ਪਤੀ ਦੀ ਮੌਤ ਕਾਰਨ ਪਰਿਵਾਰ ’ਤੇ ਰੋਜ਼ੀ-ਰੋਟੀ ਦਾ ਸੰਕਟ ਆ ਗਿਆ, ਜਿਸ ਲਈ ਉਹ ਦਰ-ਦਰ ਦੀਆਂ ਠੋਕਰਾ ਖਾ ਰਹੀ ਹੈ। ਉਸ ਨੂੰ ਚਿੰਤਾ ਹੈ ਕਿ ਘੋਰ ਗਰੀਬੀ ’ਚ ਉਹ ਆਪਣੇ ਬੱਚੇ ਨੂੰ ਕਿਵੇਂ ਪੜ੍ਹਾਈ ਕਰਵਾਏਗੀ। ਉਸ ਨੇ ਮੰਗ ਕੀਤੀ ਕਿ ਸਰਕਾਰ ਉਸ ਦੀ ਤੁਰੰਤ ਮਾਲੀ ਮਦਦ ਕਰੇ।


author

shivani attri

Content Editor

Related News