ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸਾਂਬਾ ਦੇ ਰਾਮਗੜ੍ਹ ਸੈਕਟਰ ’ਚ ਵੰਡੀ ਗਈ 775ਵੇਂ ਟਰੱਕ ਦੀ ਰਾਹਤ ਸਮੱਗਰੀ
Monday, Feb 19, 2024 - 05:55 PM (IST)
ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਭਾਰਤ-ਪਾਕਿ ਸਰਹੱਦ ’ਤੇ ਸਥਿਤ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ‘ਪੰਜਾਬ ਕੇਸਰੀ’ ਗਰੁੱਪ ਵੱਲੋਂ ਚਲਾਈ ਜਾ ਰਹੀ ਰਾਹਤ ਮੁਹਿੰਮ ਤਹਿਤ ਬੀਤੇ ਦਿਨੀਂ 775ਵਾਂ ਰਾਹਤ ਸਮੱਗਰੀ ਦਾ ਟਰੱਕ ‘ਜੰਮੂ-ਕਸ਼ਮੀਰ’ ਦੇ ਸਰਹੱਦੀ ਜ਼ਿਲ੍ਹਾ ਸਾਂਬਾ ਦੇ ਰਾਮਗੜ੍ਹ ਸੈਕਟਰ ’ਚ ਵੰਡਿਆ ਗਿਆ| ਇਸ ਦੌਰਾਨ ਆਯੋਜਿਤ ਸਮਾਰੋਹ ’ਚ ਜੋ ਰਾਹਤ ਸਮੱਗਰੀ ਵੰਡੀ ਗਈ, ਉਹ ਸਮਾਜ ਸੇਵਕ ਸੁਰੇਸ਼ ਧੀਰ ਰਾਜਾ ਦੀ ਪ੍ਰੇਰਣਾ ਸਦਕਾ ਕੁਲਦੀਪ ਓਸਵਾਲ ਹੌਜਰੀ ਦੇ ਮੁਖੀ ਕੁਲਦੀਪ ਜੈਨ ਵਲੋਂ ਲੁਧਿਆਣਾ ਤੋਂ ਭਿਜਵਾਈ ਗਈ, ਜਿਸ ’ਚ 200 ਪਰਿਵਾਰਾਂ ਲਈ ਰਜਾਈਆਂ ਸਨ|
ਸਮਾਰੋਹ ਦੀ ਪ੍ਰਧਾਨਗੀ ਜੰਮੂ-ਕਸ਼ਮੀਰ ਭਾਜਪਾ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਸਰਵਜੀਤ ਸਿੰਘ ਜੌਹਲ ਨੇ ਕੀਤੀ ਜਦਕਿ ਸੁੰਦਰਬਣੀ ਤੋਂ ਬਲਾਕ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੈਨ ਅਰੁਣ ਸ਼ਰਮਾ ਮੁੱਖ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਏ। ਵੰਡ ਦੀ ਵਿਵਸਥਾ ਸਤੀਸ਼ ਭਾਰਤੀ ਅਤੇ ਸ਼ਿਵ ਚੌਧਰੀ ਵਲੋਂ ਕੀਤੀ ਗਈ|
ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ‘ਪੰਜਾਬ ਕੇਸਰੀ’ ਪਿਛਲੇ 25 ਸਾਲਾਂ ਤੋਂ ਸੇਵਾ ਦਾ ਇਹ ਕਾਰਜ ਲਗਾਤਾਰ ਕਰ ਰਿਹਾ ਹੈ ਅਤੇ ਸ਼੍ਰੀ ਵਿਜੇ ਚੋਪੜਾ ਦਾ ਕਹਿਣਾ ਹੈ ਕਿ ਜਦੋਂ ਤੱਕ ਜੰਮੂ-ਕਸ਼ਮੀਰ ਦੇ ਹਾਲਾਤ ਆਮ ਨਹੀਂ ਹੋ ਜਾਂਦੇ, ਇਹ ਸਿਲਸਿਲਾ ਜਾਰੀ ਰਹੇਗਾ। ਅਰੁਣ ਸ਼ਰਮਾ ਨੇ ਕਿਹਾ ਕਿ ਅਸੀਂ ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਪਿਛਲੇ 25 ਸਾਲਾਂ ਤੋਂ ਚੱਲ ਰਹੀ ਹੈ। ਰਾਹਤ ਵੰਡ ਟੀਮ ਦੀ ਮੈਂਬਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਮਹਾਮੰਤਰੀ ਡਿੰਪਲ ਸੂਰੀ ਨੇ ਕਿਹਾ ਕਿ ‘ਪੰਜਾਬ ਕੇਸਰੀ’ ਦੀ ਪ੍ਰੇਰਣਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਭਵਿੱਖ ’ਚ ਵੀ ਹਰ ਸੰਭਵ ਸਹਾਇਤਾ ਪਹੁੰਚਾਈ ਜਾਵੇਗੀ।