ਪਾਕਿਸਤਾਨ ''ਚ ਜ਼ੁਲਮ ਕਾਰਨ ਘਟ ਰਹੇ ਨੇ ਹਿੰਦੂ ਪਰਿਵਾਰ: ਵਿਜੇ ਚੋਪੜਾ

Thursday, Mar 12, 2020 - 04:54 PM (IST)

ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਜਦੋਂ 1947 'ਚ ਦੇਸ਼ ਦੀ ਵੰਡ ਹੋਈ ਸੀ ਤਾਂ ਪਾਕਿਸਤਾਨ ਵਿਚ ਰਹਿ ਗਏ ਹਿੰਦੂਆਂ-ਸਿੱਖਾਂ ਅਤੇ ਹੋਰ ਘੱਟ ਗਿਣਤੀ ਲੋਕਾਂ ਨੂੰ ਇਹ ਭਰੋਸਾ ਦਿੱਤਾ ਗਿਆ ਸੀ ਕਿ ਹਰ ਤਰ੍ਹਾਂ ਨਾਲ ਉਨ੍ਹਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਕੀਤੀ ਜਾਵੇਗੀ। ਸ਼ਾਇਦ ਕੁਝ ਸਮੇਂ ਲਈ ਅਜਿਹਾ ਹੋਇਆ ਵੀ ਪਰ ਜਦੋਂ ਉੱਥੇ ਕੱਟੜਵਾਦੀਆਂ ਦੀ ਚੜ੍ਹ ਮੱਚਣ ਲੱਗੀ ਤਾਂ ਘੱਟ ਗਿਣਤੀਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾਣ ਲੱਗਾ। ਜ਼ੁਲਮ ਦਾ ਕੁਹਾੜਾ ਸਿਰਫ ਹਿੰਦੂਆਂ-ਸਿੱਖਾਂ, ਬੋਧੀਆਂ, ਈਸਾਈਆਂ ਆਦਿ 'ਤੇ ਹੀ ਨਹੀਂ ਚੱਲਿਆ ਸਗੋਂ ਸ਼ੀਆਂ ਸਮੇਤ ਮੁਸਲਮਾਨਾਂ ਦੇ ਵੀ ਕਈ ਭਾਈਚਾਰਿਆਂ 'ਤੇ ਕਹਿਰ ਢਾਹਿਆ ਗਿਆ। ਇਕ ਸਮਾਂ ਅਜਿਹਾ ਵੀ ਆ ਗਿਆ ਜਦੋਂ ਤਸ਼ੱਦਦ ਦੀ ਸੂਈ ਸਿੱਧੀ ਹਿੰਦੂਆਂ-ਸਿੱਖਾਂ ਵੱਲ ਮੋੜ ਦਿੱਤੀ ਗਈ। 

ਉਨ੍ਹਾਂ ਦੀਆਂ ਧੀਆਂ-ਭੈਣਾਂ ਦੇ ਜਬਰੀ ਧਰਮ ਤਬਦੀਲ ਕਰ ਕੇ ਮੁਸਲਮਾਨਾਂ ਨਾਲ ਨਿਕਾਹ ਪੜ੍ਹਾਏ ਜਾਣ ਲੱਗੇ ਅਤੇ ਉਨ੍ਹਾਂ ਦੀਆਂ ਜ਼ਮੀਨਾਂ-ਜਾਇਦਾਦਾਂ ਵੀ ਹੜੱਪੀਆਂ ਜਾਣ ਲੱਗੀਆਂ। ਇਸ ਦੌਰਾਨ ਬਹੁਤ ਸਾਰੇ ਹਿੰਦੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਾਕਿਸਤਾਨ ਦੀ ਸਰਕਾਰ ਅਤੇ ਹੋਰ ਨੇਤਾਵਾਂ ਨੇ ਇਸ ਜ਼ੁਲਮ ਖਿਲਾਫ ਕੋਈ ਆਵਾਜ਼ ਨਹੀਂ ਚੁੱਕੀ ਤਾਂ ਵੱਡੀ ਗਿਣਤੀ 'ਚ ਹਿੰਦੂ ਪਰਿਵਾਰਾਂ ਨੇ ਆਪਣੇ ਹੱਸਦੇ-ਵੱਸਦੇ ਘਰ ਛੱਡ ਕੇ ਪਾਕਿਸਤਾਨ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ। ਇਸ ਦੌਰਾਨ ਆਪਣੇ ਆਲ੍ਹਣਿਆਂ 'ਚੋਂ ਉੱਜੜ ਕੇ ਹਜ਼ਾਰਾਂ ਲੋਕ ਦਿੱਲੀ ਦੇ ਸ਼ਰਨਾਰਥੀ ਕੈਂਪ 'ਚ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਗਏ, ਜਿਨ੍ਹਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪਰਿਵਾਰਾਂ ਨੂੰ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ 563ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡੀ ਗਈ ਜੋ ਕਿ ਹਾਲੈਂਡ ਵਾਸੀ ਸ਼੍ਰੀ ਵਿਜੇ ਢੀਂਗਰਾ (ਨੂਰਮਹਿਲ ਵਾਲੇ) ਅਤੇ ਪਰਿਵਾਰ ਵੱਲੋਂ ਭਿਜਵਾਈ ਗਈ ਸੀ। ਰੋਹਿਣੀ (ਦਿੱਲੀ) ਦੇ 11 ਸੈਕਟਰ 'ਚ ਸਥਿਤ ਸ਼ਰਨਾਰਥੀ ਕੈਂਪ ਦੇ 300 ਪਰਿਵਾਰਾਂ ਨੂੰ ਰਸੋਈ ਦੀ ਵਰਤੋਂ ਦਾ ਸਾਮਾਨ ਮੁਹੱਈਆ ਕਰਵਾਇਆ ਗਿਆ। 

ਰੋਹਿਣੀ ਦੇ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਕਿ ਪਾਕਿਸਤਾਨ 'ਚ ਹੋ ਰਹੇ ਘੋਰ ਜ਼ੁਲਮਾਂ ਅਤੇ ਸਰਕਾਰ ਦੀਆਂ ਘਟੀਆ ਨੀਤੀਆਂ ਕਾਰਣ ਹਿੰਦੂ ਪਰਿਵਾਰਾਂ ਦੀ ਗਿਣਤੀ ਤੇਜ਼ੀ ਨਾਲ ਘਟ ਰਹੀ ਹੈ। ਦੇਸ਼ ਦੀ ਵੰਡ ਵੇਲੇ ਪਾਕਿਸਤਾਨ ਵਿਚ ਹਿੰਦੂਆਂ ਦੀ ਜਿੰਨੀ ਆਬਾਦੀ ਸੀ, ਅੱਜ ਉਸ ਦਾ 8ਵਾਂ ਹਿੱਸਾ ਹੀ ਰਹਿ ਗਈ ਹੈ। ਉਨ੍ਹਾਂ ਨੇ ਦੇਸ਼ ਦੀ ਵੰਡ ਦੇ ਸਮੇਂ ਦੀ ਗੱਲ ਕਰਦੇ ਕਿਹਾ ਕਿ ਉਦੋਂ ਲੱਖਾਂ ਲੋਕ ਆਪਣੇ ਘਰ ਅਤੇ ਕਾਰੋਬਾਰ ਛੱਡ ਕੇ ਖਾਲੀ ਹੱਥ ਭਾਰਤ ਆਉਣ ਲਈ ਮਜਬੂਰ ਹੋ ਗਏ ਸਨ। ਜਿਹੜੇ ਲੋਕਾਂ ਦੀਆਂ ਪਾਕਿਸਤਾਨ ਵਿਚ ਬਦਾਮਾਂ ਦੀਆਂ ਦੁਕਾਨਾਂ ਸਨ, ਉਨ੍ਹਾਂ ਨੂੰ ਭਾਰਤ 'ਚ ਰੇਹੜੀਆਂ ਲਾਉਣੀਆਂ ਪਈਆਂ। ਅੱਜ ਫਿਰ ਪਾਕਿਸਤਾਨ ਨੂੰ ਛੱਡ ਕੇ ਆਉਣ ਵਾਲੇ ਹਿੰਦੂ ਪਰਿਵਾਰਾਂ ਲਈ ਉਸੇ ਤਰ੍ਹਾਂ ਦੇ ਹਾਲਾਤ ਬਣ ਗਏ ਹਨ। ਸ਼੍ਰੀ ਚੋਪੜਾ ਨੇ ਸ਼ਰਨਾਰਥੀ ਪਰਿਵਾਰਾਂ ਨੂੰ ਕਿਹਾ ਕਿ ਸਰਕਾਰਾਂ ਉਨ੍ਹਾਂ ਲਈ ਜ਼ਰੂਰ ਹੀ ਭਲਾਈ ਦੇ ਕਦਮ ਚੁੱਕਣਗੀਆਂ ਅਤੇ ਸਹਾਇਤਾ ਵੀ ਕਰਨਗੀਆਂ ਪਰ ਉਨ੍ਹਾਂ ਨੂੰ ਆਪ ਵੀ ਮਿਹਨਤ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਗੱਲ ਹੈ ਕਿ ਇਹ ਪਰਿਵਾਰ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਉਣ। ਇਸ ਕੰਮ 'ਚ ਸਮਾਜ ਸੇਵੀ ਸੰਸਥਾਵਾਂ ਵੀ ਉਨ੍ਹਾਂ ਦੀ ਮਦਦ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਢੀਂਗਰਾ (ਹਾਲੈਂਡ) ਨੇ ਜਿਸ ਤਰ੍ਹਾਂ ਪਹਿਲਕਦਮੀ ਕਰ ਕੇ ਸ਼ਰਨਾਰਥੀ ਪਰਿਵਾਰਾਂ ਲਈ ਰਾਸ਼ਨ ਭਿਜਵਾਇਆ ਹੈ, ਇਸ ਤਰ੍ਹਾਂ ਹੋਰ ਦਾਨਵੀਰ ਵੀ ਇਨ੍ਹਾਂ ਦਾ ਦੁੱਖ-ਦਰਦ ਵੰਡਾਉਣ ਲਈ ਅੱਗੇ ਆਉਣਗੇ। 

PunjabKesari

ਰਾਹਤ ਵੰਡ ਆਯੋਜਨ ਦੇ ਮੁੱਖ ਮਹਿਮਾਨ, ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸੂਫੀ ਗਾਇਕ ਸ਼੍ਰੀ ਹੰਸ ਰਾਜ ਹੰਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਵਿਚ ਹਿੰਦੂਆਂ ਅਤੇ ਹੋਰ ਲੋਕਾਂ ਦਾ ਜਬਰੀ ਧਰਮ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਜ਼ੁਲਮ ਢਾਹਿਆ ਜਾ ਰਿਹਾ ਹੈ, ਇਹ ਬਹੁਤ ਨਿੰਦਾਯੋਗ ਕਾਰਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਅੱਲ੍ਹਾ, ਭਗਵਾਨ ਕਦੀ ਮੁਆਫ ਨਹੀਂ ਕਰਨਗੇ।  ਉਨ੍ਹਾਂ ਕਿਹਾ ਕਿ ਜਿਹੜੇ ਪੀੜਤ ਪਰਿਵਾਰ ਭਾਰਤ ਆ ਗਏ ਹਨ, ਉਨ੍ਹਾਂ ਦਾ ਹਰ ਤਰ੍ਹਾਂ ਖਿਆਲ ਰੱਖਿਆ ਜਾਵੇਗਾ। ਸ਼੍ਰੀ ਹੰਸ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਲਈ ਰਾਹਤ ਸਮੱਗਰੀ ਭਿਜਵਾ ਕੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਮਨੁੱਖਤਾ ਦੇ ਨਜ਼ਰੀਏ ਤੋਂ ਬਹੁਤ ਵੱਡੀ ਸੇਵਾ ਕੀਤੀ ਹੈ। ਅਸਲ 'ਚ ਵਿਜੇ ਜੀ ਦਾ ਦਿਲ ਲੋੜਵੰਦਾਂ 'ਚ ਧੜਕਦਾ ਹੈ, ਇਸੇ ਲਈ ਉਨ੍ਹਾਂ ਨੂੰ 'ਗਰੀਬਾਂ ਦਾ ਮਸੀਹਾ' ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਪਰਿਵਾਰਾਂ ਦਾ ਵਸੇਬਾ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰੇਗੀ। ਸ਼੍ਰੀ ਹੰਸ ਨੇ ਕਿਹਾ ਕਿ ਉਹ ਖੁਦ ਵੀ ਪਾਕਿਸਤਾਨ ਤੋਂ ਆਏ ਭੈਣਾਂ-ਭਰਾਵਾਂ ਦਾ ਹਰ ਤਰ੍ਹਾਂ ਨਾਲ ਖਿਆਲ ਰੱਖਣਗੇ। 

ਭਾਰਤ 'ਚ ਸ਼ਰਨਾਰਥੀ ਪਰਿਵਾਰਾਂ ਨੂੰ ਨਵੇਂ ਮੌਕੇ ਮਿਲਣਗੇ-ਸ਼੍ਰੀਮਤੀ ਆਭਾ ਚੋਪੜਾ
ਪੰਜਾਬ ਕੇਸਰੀ ਗਰੁੱਪ ਦੀ ਡਾਇਰੈਕਟਰ ਸ਼੍ਰੀਮਤੀ ਆਭਾ ਚੋਪੜਾ ਨੇ ਇਸ ਮੌਕੇ ਸੰਬੋਧਨ ਕਰਦੇ ਕਿਹਾ ਕਿ ਪਾਕਿਸਤਾਨ ਵੱਲੋਂ ਸਤਾਏ ਹੋਏ ਹਿੰਦੂ ਪਰਿਵਾਰਾਂ, ਜਿਹੜੇ ਭਾਰਤ ਪਹੁੰਚ ਗਏ ਹਨ, ਨੂੰ ਇਥੇ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਮੌਕੇ ਮਿਲਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਵੇਲੇ ਸਾਡੇ ਪਰਿਵਾਰ ਸਮੇਤ ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਉੱਜੜ ਕੇ ਭਾਰਤ ਆਏ ਸਨ ਅਤੇ ਮਿਹਨਤ ਨਾਲ ਸਭ ਨੇ ਇਥੇ ਸਫਲਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਹੈ, ਕਾਰਜਸ਼ੀਲ ਰਹਿਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੰਵਾਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਿਰਫ ਸਰਕਾਰ 'ਤੇ ਆਸ ਧਰ ਕੇ ਨਹੀਂ ਬੈਠੇ ਰਹਿਣਾ ਚਾਹੀਦਾ ਸਗੋਂ ਜੀਵਨ 'ਚ ਸੰਘਰਸ਼ ਸ਼ੁਰੂ ਕਰ ਦੇਣਾ ਚਾਹੀਦਾ ਹੈ, ਸਫਲਤਾ ਜ਼ਰੂਰ ਮਿਲੇਗੀ। ਸ਼੍ਰੀਮਤੀ ਆਭਾ ਚੋਪੜਾ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਕੇਸਰੀ ਗਰੁੱਪ ਹਰ ਦੁੱਖ-ਸੁੱਖ 'ਚ ਉਨ੍ਹਾਂ ਦੇ ਨਾਲ ਖੜ੍ਹਾ ਹੈ। 

PunjabKesari

ਪਾਕਿਸਤਾਨ 'ਚ ਦਹਾਕਿਆਂ ਤੱਕ ਜ਼ੁਲਮ ਸਹਿੰਦੇ ਰਹੇ ਲੋਕ: ਵਜਿੰਦਰ ਗੁਪਤਾ
ਰੋਹਿਣੀ ਤੋਂ ਭਾਜਪਾ ਵਿਧਾਇਕ ਸ਼੍ਰੀ ਵਜਿੰਦਰ ਗੁਪਤਾ ਨੇ ਸ਼ਰਨਾਰਥੀ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕ ਦਹਾਕਿਆਂ ਤੱਕ ਪਾਕਿਸਤਾਨ 'ਚ ਕਹਿਰ ਸਹਿਣ ਕਰਦੇ ਰਹੇ ਹਨ। ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਲੱਖਾਂ ਹਿੰਦੂ-ਸਿੱਖ ਆਪਣਾ ਸਭ ਕੁਝ ਉਥੇ ਛੱਡ ਕੇ ਭਾਰਤ ਆ ਗਏ। ਜਿਹੜੇ ਲੋਕ ਉੱਥੇ ਰਹਿ ਗਏ, ਉਨ੍ਹਾਂ ਨਾਲ ਬਹੁਤ ਅੱਤਿਆਚਾਰ ਅਤੇ ਧੱਕਾ ਹੋਇਆ। ਧੀਆਂ-ਭੈਣਾਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਕੀਤਾ ਗਿਆ, ਲੋਕਾਂ ਤੋਂ ਜਜ਼ੀਆ ਵਸੂਲਿਆ ਜਾਂਦਾ ਰਿਹਾ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਵੀ ਹੜੱਪ ਲਈਆਂ।  ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰਾਂ ਨੂੰ ਮੌਕਾ ਮਿਲਿਆ ਹੈ, ਉਹ ਭਾਰਤ ਆ ਗਏ ਹਨ ਅਤੇ ਕਦੇ ਵੀ ਵਾਪਸ ਨਹੀਂ ਜਾਣਾ ਚਾਹੁੰਦੇ। ਸ਼੍ਰੀ ਗੁਪਤਾ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੀ ਦੇਖਭਾਲ ਕਰਨਾ ਅਤੇ ਮਦਦ ਕਰਨੀ ਸਾਡਾ ਫਰਜ਼ ਹੈ, ਜਿਸ ਨੂੰ ਅਸੀਂ ਜ਼ਰੂਰ ਨਿਭਾਵਾਂਗੇ। ਕਾਂਗਰਸ ਦੇ ਨੇਤਾ ਸ਼੍ਰੀ ਹਾਰੂਨ ਯੂਸਫ ਨੇ ਸ਼ਰਨਾਰਥੀ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ  ਜਾਵੇਗੀ, ਜਿਸ ਨਾਲ ਉਨ੍ਹਾਂ ਦਾ ਸ਼ਾਂਤੀਪੂਰਵਕ ਗੁਜ਼ਾਰਾ ਹੋ ਸਕੇ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਇਨ੍ਹਾਂ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਨੂੰ ਅਪਣੱਤ ਦਾ ਅਹਿਸਾਸ ਹੋ ਸਕੇ। 

ਪਾਕਿਸਤਾਨ ਦੀਆਂ ਕਰਤੂਤਾਂ ਤੋਂ ਪਰਦਾ ਚੁੱਕਿਆ ਗਿਐ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਜਿਸ ਤਰ੍ਹਾਂ ਹਿੰਦੂ ਅਤੇ ਸਿੱਖ ਪਰਿਵਾਰ ਹਿਜਰਤ ਕਰ ਕੇ ਭਾਰਤ ਆ ਰਹੇ ਹਨ, ਇਸ ਨਾਲ ਪਾਕਿਸਤਾਨ ਦੀਆਂ ਕਰਤੂਤਾਂ ਤੋਂ ਪਰਦਾ ਚੁੱਕਿਆ ਗਿਆ ਹੈ। ਇਹ ਗੱਲ ਸਾਹਮਣੇ ਆ ਗਈ ਹੈ ਕਿ ਪਾਕਿਸਤਾਨ ਹਰ ਵੇਲੇ ਭਾਰਤ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਘੜਦਾ ਰਹਿੰਦਾ ਹੈ, ਪਰ ਉਹ ਇਸ ਦੇਸ਼ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਇਥੇ ਸਭ ਇਕਜੁੱਟ ਹੋ ਕੇ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਤਿਆਰ ਰਹਿੰਦੇ ਹਨ। ਦਿੱਲੀ ਦੀ ਸਮਾਜ ਸੇਵਿਕਾ ਸ਼੍ਰੀਮਤੀ ਜੋਤੀ ਸ਼ਰਮਾ ਨੇ ਕਿਹਾ ਕਿ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ 'ਚੋਂ ਪਲਾਇਨ ਕਰ ਕੇ ਆਏ ਸ਼ਰਨਾਰਥੀਆਂ ਦੇ ਦਿੱਲੀ 'ਚ ਪੰਜ ਕੈਂਪ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਰਿਫਿਊਜੀ ਤਾਲਮੇਲ ਕਮੇਟੀ ਇਨ੍ਹਾਂ ਪਰਿਵਾਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਦਾ ਯਤਨ ਕਰ ਰਹੀ ਹੈ। ਜਿਥੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਰਹੇ ਹਨ, ਉੱਥੇ ਬੱਚਿਆਂ ਦੀ ਪੜ੍ਹਾਈ ਦਾ ਬੰਦੋਬਸਤ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਾਨਵੀਰਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਲੋੜਵੰਦਾਂ ਲਈ ਹੋਰ ਸਹਾਇਤਾ ਭਿਜਵਾਈ ਜਾਵੇ। ਇਸ ਮੌਕੇ 'ਤੇ ਰਾਹਤ ਸਮੱਗਰੀ ਦਾ ਟਰੱਕ ਲੈ ਕੇ ਪੁੱਜੇ ਸ਼੍ਰੀ ਵਿਜੇ ਢੀਂਗਰਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਤੋਂ ਇਲਾਵਾ ਭਾਜਪਾ ਦੇ ਅਨੀਤਾ ਰਾਣਾ, ਕਮਲਜੀਤ, ਅਸ਼ੋਕ, ਮਨਜੀਤ ਹੁੱਡਾ, ਅੰਜੁਮ ਖਾਨ, ਰੋਹਿਣੀ ਸ਼ਰਨਾਰਥੀ ਕੈਂਪ ਦੇ ਪ੍ਰਧਾਨ ਹਨੂੰਮਾਨ ਪ੍ਰਸਾਦ, ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ, ਵਿਪਨ ਜੈਨ, ਸੁਨੀਲ ਗੁਪਤਾ, ਸੁਰਿੰਦਰ ਸਿੰਗਲਾ, ਰਾਜ ਕੁਮਾਰ ਰਾਜੂ, ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਜਿੰਦਰ ਸ਼ਰਮਾ, ਪ੍ਰਦੀਪ ਕੁਮਾਰ, ਐੱਮ. ਪੀ. ਵਰਮਾ, ਬਟਾਲਾ ਤੋਂ ਵਿਜੇ ਪ੍ਰਭਾਕਰ (ਸ਼੍ਰੀ ਮਹਾਦੇਵ ਸੇਵਾ ਸਮਿਤੀ), ਪੰਜਾਬ ਕੇਸਰੀ ਦਫਤਰ ਬਟਾਲਾ ਦੇ ਇੰਚਾਰਜ ਯੋਗੇਸ਼ ਬੇਰੀ, ਦਿੱਲੀ ਤੋਂ ਸ਼੍ਰੀ ਪ੍ਰਦੀਪ ਅਰੋੜਾ, ਮਿੰਟੂ, ਸੁਨੀਲ ਸੰਲੋਕੀ, ਸ਼ਸ਼ੀ ਪ੍ਰਭਾ, ਕੁਸਮਲਤਾ, ਕੁੱਕੂ ਸ਼ਰਮਾ, ਸੋਨੂੰ ਸ਼ਰਮਾ, ਚਾਰੂ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ।


shivani attri

Content Editor

Related News