ਤਾਰ-ਵਾੜ ''ਚ ਉਲਝ ਗਏ ਜੈਦਪੁਰ ਵਾਸੀਆਂ ਦੇ ਸੁਪਨੇ

02/19/2020 6:14:03 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪੰਜਾਬ ਦੇ ਪਠਾਨਕੋਟ ਜ਼ਿਲੇ ਨਾਲ ਸਬੰਧਤ ਪਿੰਡ ਜੈਦਪੁਰ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਸਰਹੱਦ ਕੰਢੇ ਲੱਗੀ ਤਾਰ-ਵਾੜ ਇਸ ਦੇ ਘਰਾਂ ਨਾਲੋਂ ਖਹਿ ਕੇ ਲੰਘਦੀ ਹੈ। ਪਿੰਡ ਦੇ ਵਿਹੜਿਆਂ 'ਚੋਂ ਪਾਕਿਸਤਾਨੀ ਖੇਤਾਂ 'ਚ ਕੰਮ ਕਰਦੇ ਕਿਸਾਨ ਦਿਖਾਈ ਦੇ ਜਾਂਦੇ ਹਨ ਅਤੇ ਕਈ ਵਾਰ ਤਾਂ ਉਹ ਜੈਦਪੁਰ ਦੀਆਂ ਜ਼ਮੀਨਾਂ ਵਿਚ ਵੀ ਦਾਖਲ ਹੋ ਕੇ ਫਸਲਾਂ ਦਾ ਨੁਕਸਾਨ ਕਰ ਜਾਂਦੇ ਹਨ ਅਤੇ ਜੋ ਚੀਜ਼ ਹੱਥ ਲੱਗੇ, ਉਹ ਲੈ ਵੀ ਜਾਂਦੇ ਹਨ। ਪਿੰਡ ਦੇ ਲੋਕਾਂ ਨੇ ਦੱਸਿਆ ਸੀ ਕਿ ਪਿਛਲੇ ਦਿਨੀਂ ਕੁਝ ਪਾਕਿਸਤਾਨੀ ਇਕ ਕਿਸਾਨ ਨਾਲ ਕੁੱਟਮਾਰ ਵੀ ਕਰ ਗਏ ਸਨ। ਕਾਰਨ ਇਹ ਹੈ ਕਿ ਪਾਕਿਸਤਾਨ ਵਾਲੇ ਪਾਸੇ ਤਾਰ-ਵਾੜ ਨਾ ਹੋਣ ਕਰਕੇ ਲੋਕ ਖੁੱਲ੍ਹੇਆਮ ਘੁੰਮਦੇ ਰਹਿੰਦੇ ਹਨ ਜਦੋਂ ਕਿ ਭਾਰਤ ਵਾਲੇ ਪਾਸੇ ਦੀ ਤਾਰ-ਵਾੜ ਜ਼ੀਰੋ ਲਾਈਨ ਤੋਂ ਕਿਤੇ ਅੱਧਾ ਕਿਲੋਮੀਟਰ ਅਤੇ ਕਿਤੇ ਇਕ-ਡੇਢ ਕਿਲੋਮੀਟਰ ਪਿੱਛੇ ਲਾਈ ਗਈ ਹੈ।

ਕਿਸਾਨਾਂ ਦੀਆਂ ਸੈਂਕੜੇ ਏਕੜ ਜ਼ਮੀਨਾਂ ਤਾਰ-ਵਾੜ ਦੇ ਅੰਦਰ ਹੋਣ ਕਾਰਣ ਉਨ੍ਹਾਂ ਨੂੰ ਸੁਰੱਖਿਆ ਫੋਰਸਾਂ ਦੀਆਂ ਹਦਾਇਤਾਂ ਦਾ ਪਾਲਣ ਕਰਨਾ ਪੈਂਦਾ ਹੈ ਅਤੇ ਉਹ ਇਕ ਨਿਸ਼ਚਿਤ ਸਮੇਂ ਦੌਰਾਨ ਹੀ ਖੇਤੀ ਨੂੰ ਦੇਖਣ ਲਈ ਜਾ ਸਕਦੇ ਹਨ। ਬੱਚੇ ਅਤੇ ਔਰਤਾਂ ਤਾਂ ਆਪਣੇ ਖੇਤਾਂ 'ਚ ਜਾ ਹੀ ਨਹੀਂ ਸਕਦੇ। ਇਸ ਸਥਿਤੀ 'ਚ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਕਈ ਵਾਰ ਤਾਂ ਫਸਲ ਦੀ ਕਾਸ਼ਤ ਕਰਨੀ ਜਾਂ ਕਟਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ। ਜੋ ਹਕੀਕਤ  ਹੈ ਉਸ ਅਨੁਸਾਰ ਪਿੰਡ ਵਾਸੀਆਂ ਦੇ ਸੁਪਨੇ ਇਸ ਤਾਰ-ਵਾੜ 'ਚ ਉਲਝ ਕੇ ਰਹਿ ਗਏ ਹਨ ਅਤੇ ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨੂੰ ਲਗਾਤਾਰ ਇਨ੍ਹਾਂ ਕੰਡਿਆਲੇ ਰਾਹਾਂ 'ਤੇ ਹੀ ਤੁਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਇਸ ਇਲਾਕੇ ਦੇ ਸਰਹੱਦੀ ਪਿੰਡਾਂ ਵਿਚ ਜਾਣ ਦਾ ਮੌਕਾ ਉਦੋਂ ਮਿਲਿਆ ਜਦੋਂ ਪੰਜਾਬ ਕੇਸਰੀ ਦੀ ਰਾਹਤ ਟੀਮ 559ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਜੈਦਪੁਰ ਗਈ ਸੀ। ਇਹ ਸਮੱਗਰੀ ਸ਼੍ਰਮਣ ਜੈਨ ਸਵੀਟਸ ਪਰਿਵਾਰ ਨੇ ਲੁਧਿਆਣਾ ਤੋਂ ਭਿਜਵਾਈ ਸੀ। ਇਸ ਮੌਕੇ ਸਰਹੱਦੀ ਪਿੰਡਾਂ ਨਾਲ ਸਬੰਧਤ 300 ਤੋਂ ਵੱਧ ਪਰਿਵਾਰਾਂ ਨੂੰ ਰਜਾਈਆਂ ਦੀ ਵੰਡ ਕੀਤੀ ਗਈ। ਇਸ ਮੌਕੇ 'ਤੇ ਪ੍ਰਭਾਵਿਤ ਪਰਿਵਾਰਾਂ ਨੂੰ ਸੰਬੋਧਨ ਕਰਦੇ ਪਠਾਨਕੋਟ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸ. ਪ੍ਰਿਥਵੀ ਸਿੰਘ ਨੇ ਕਿਹਾ ਕਿ ਸਰਹੱਦੀ ਪਿੰਡਾਂ 'ਚ ਰਹਿਣ ਵਾਲੇ ਲੋਕ ਮੁਸੀਬਤਾਂ ਦਾ ਸਾਹਮਣਾ ਵੀ ਹੱਸ ਕੇ ਕਰਦੇ ਹਨ। ਇਹ ਮਿੱਟੀ ਘੱਟੇ 'ਚ ਕੰਮ ਕਰਨ ਦੇ ਬਾਵਜੂਦ ਸੱਚਾਈ ਅਤੇ ਈਮਾਨਦਾਰੀ 'ਤੇ ਪਹਿਰਾ ਦੇਣ ਵਾਲੇ ਸਿੱਧੇ ਸਾਦੇ ਲੋਕ ਹੁੰਦੇ ਹਨ। ਇਹ ਆਪਣੀ ਗੱਲ ਸਿੱਧੇ ਅਤੇ ਸਪੱਸ਼ਟ ਸ਼ਬਦਾਂ 'ਚ ਕਰਦੇ ਹਨ, ਜਦੋਂ ਕਿ ਆਮ ਲੋਕ ਅਸਲੀਅਤ ਤੋਂ ਦੂਰ ਲਿਫਾਫੇਬਾਜ਼ੀ ਵਿਚ ਭਰੋਸਾ ਰੱਖਦੇ ਹਨ।

ਸਹਾਇਕ ਕਮਿਸ਼ਨਰ ਨੇ ਕਿਹਾ ਕਿ ਅੱਜ ਲੋੜ ਹੈ ਕਿ ਦੇਸ਼ ਦੀ ਤਰੱਕੀ ਲਈ ਅਸੀਂ ਤਲਖ ਹਕੀਕਤਾਂ ਦਾ ਸਾਹਮਣਾ ਕਰੀਏ ਅਤੇ ਮਸਲਿਆਂ ਨੂੰ ਨਜਿੱਠਣ ਦੇ ਰਾਹ ਚੱਲੀਏ। ਅੱਜ ਪਦਾਰਥਵਾਦੀ ਨਹੀਂ ਅਧਿਆਤਮਕ ਪੱਧਰ 'ਤੇ ਤਰੱਕੀ ਦੀ ਲੋੜ ਹੈ। ਗੱਲਾਂ 'ਚ ਨਹੀਂ ਅਮਲ 'ਚ ਭਰੋਸਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣਾ ਘਰ-ਬਾਰ, ਕੰਮ-ਕਾਜ ਛੱਡ ਕੇ ਦੂਜਿਆਂ ਦੇ ਭਲੇ ਲਈ ਯਤਨ ਕਰਨਾ ਕਿਸੇ ਵਿਰਲੇ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬ ਕੇਸਰੀ ਪਰਿਵਾਰ ਇਸ ਰਸਤੇ 'ਤੇ ਚੱਲ ਕੇ ਵਿਲੱਖਣ ਮਿਸਾਲ ਕਾਇਮ ਕਰ ਰਿਹਾ ਹੈ।
ਭਗਵਾਨ ਮਹਾਵੀਰ ਸੇਵਾ ਸੰਸਥਾ ਲੁਧਿਆਣਾ ਦੇ ਪ੍ਰਧਾਨ ਸ਼੍ਰੀ ਰਾਕੇਸ਼ ਜੈਨ ਨੇ ਇਸ ਮੌਕੇ ਕਿਹਾ ਕਿ ਪਾਕਿਸਤਾਨੀ ਗੋਲੀਬਾਰੀ ਅਤੇ ਅੱਤਵਾਦ ਤੋਂ ਪੀੜਤ ਪਰਿਵਾਰਾਂ ਦਾ ਦੁੱਖ-ਸੁਖ ਵੰਡਾਉਣਾ ਸਾਡਾ ਫਰਜ਼ ਹੈ। ਇਨਸਾਨ ਦਾ ਅਸਲ ਕੰਮ ਸੇਵਾ ਦੇ ਮਾਰਗ 'ਤੇ ਚੱਲਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੀ ਹੁੰਦਾ ਹੈ। ਉਨ੍ਹਾਂ ਨੇ ਉੱਥੇ ਜੁੜੇ ਪਰਿਵਾਰਾਂ ਨੂੰ ਕਿਹਾ ਕਿ ਸਭ ਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਹਮੇਸ਼ਾ ਉਸਾਰੂ ਸੋਚ ਰੱਖਣੀ ਚਾਹੀਦੀ ਹੈ।

ਵਿਕਾਸ ਤੋਂ ਵਾਂਝੇ ਰਹਿ ਜਾਂਦੇ ਨੇ ਸਰਹੱਦੀ ਇਲਾਕੇ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਰਹੱਦੀ ਖੇਤਰਾਂ 'ਚ ਹਾਲਾਤ ਇੰਨੇ ਨਾਜ਼ੁਕ ਅਤੇ ਚਿੰਤਾਜਨਕ ਹੁੰਦੇ ਹਨ ਕਿ ਉਹ ਇਲਾਕੇ ਵਿਕਾਸ ਤੋਂ ਵਾਂਝੇ ਰਹਿ ਜਾਂਦੇ ਹਨ। ਸਰਹੱਦਾਂ ਤੋਂ ਦੂਰ ਸਥਿਤ ਪਿੰਡਾਂ ਅਤੇ ਸ਼ਹਿਰਾਂ 'ਚ ਜਿਸ ਗਤੀ ਨਾਲ ਵਿਕਾਸ ਹੁੰਦਾ ਹੈ ਅਤੇ ਬੁਨਿਆਦੀ ਸਹੂਲਤਾਂ ਮਿਲਦੀਆਂ ਹਨ, ਉਹ ਸਭ ਇਥੋਂ ਦੇ ਲੋਕਾਂ ਨੂੰ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਬਹੁਤੇ ਸਰਹੱਦੀ ਪਿੰਡਾਂ 'ਚ ਸੜਕਾਂ ਹੀ ਨਹੀਂ ਹਨ ਜਾਂ ਉਨ੍ਹਾਂ ਦੀ ਹਾਲਤ ਬੇਹੱਦ ਖਰਾਬ ਹੈ। ਸਿਹਤ ਅਤੇ ਸਿੱਖਿਆ  ਦੇ ਮਾਮਲੇ 'ਚ ਵੀ ਇੱਥੋਂ ਦੇ ਲੋਕ ਪਿਛੜ ਜਾਂਦੇ ਹਨ।

ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਵੱਡੀ ਤ੍ਰਾਸਦੀ ਇਹ ਹੁੰਦੀ ਹੈ ਕਿ ਇਨ੍ਹਾਂ ਲੋਕਾਂ ਲਈ  ਪਾਕਿਸਤਾਨ ਵੱਲੋਂ ਸੰਕਟ ਪੈਦਾ ਕੀਤਾ ਜਾਂਦਾ ਹੈ, ਜਿਸ ਕਾਰਨ ਇਹ ਅਸੁਰੱਖਿਅਤ ਮਹਿਸੂਸ ਕਰਦੇ ਹਨ ਅਤੇ ਆਰਥਕ ਮੰਦਹਾਲੀ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਇਨ੍ਹਾਂ ਇਲਾਕਿਆਂ 'ਚ ਕੋਈ ਵੱਡਾ ਉਦਯੋਗ ਜਾਂ ਕਾਰੋਬਾਰ ਨਾ ਹੋਣ ਕਰ ਕੇ ਸਰਹੱਦੀ ਪਰਿਵਾਰ ਹੱਥਾਂ ਦੀ ਮਿਹਨਤ ਜਾਂ ਛੋਟੇ-ਮੋਟੇ ਕੰਮਾਂ 'ਤੇ ਹੀ ਨਿਰਭਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਸਰਕਾਰਾਂ ਨੂੰ ਤਰਜੀਹ ਦੇ ਆਧਾਰ 'ਤੇ ਸਰਹੱਦੀ ਪਿੰਡਾਂ ਦਾ ਵਿਕਾਸ ਕਰਨਾ ਚਾਹੀਦਾ ਹੈ।

PunjabKesari

ਲੋਕਾਂ ਦੀ ਸੁਰੱਖਿਆ ਲਈ ਪੁਲਸ ਵਚਨਬੱਧ ਹੈ : ਐੱਸ. ਪੀ. ਸ਼ਰਮਾ
ਪਠਾਨਕੋਟ ਜ਼ਿਲੇ ਦੇ ਐੱਸ. ਪੀ. ਆਪਰੇਸ਼ਨ ਸ਼੍ਰੀ ਹੇਮ ਪੁਸ਼ਪ ਸ਼ਰਮਾ ਨੇ ਸਰਹੱਦੀ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਕਿਸਤਾਨ ਦੀਆਂ ਘਟੀਆ ਹਰਕਤਾਂ ਕਾਰਣ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਨ੍ਹਾਂ ਦੀ ਸੁਰੱਖਿਆ ਲਈ  ਪੰਜਾਬ ਪੁਲਸ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਿਕਸੇ ਵੀ ਮੁਸ਼ਕਲ ਜਾਂ ਸਮੱਸਿਆ ਸਬੰਧੀ ਬਿਨਾਂ ਕਿਸੇ ਝਿਜਕ ਦੇ ਸਬੰਧਤ ਪੁਲਸ ਥਾਣੇ ਜਾਂ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਕਿਸੇ ਵੀ ਨਾਜ਼ੁਕ ਸਥਿਤੀ ਵਿਚ ਤੁਰੰਤ ਲੋਕਾਂ ਦੀ ਮਦਦ ਕੀਤੀ ਜਾਵੇਗੀ।

ਸ਼੍ਰੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸਰਹੱਦੀ ਖੇਤਰ 'ਚ ਉਹ ਕਿਸੇ ਤਰ੍ਹਾਂ ਦੀ ਸ਼ੱਕੀ ਸਰਗਰਮੀ ਦੇਖਣ ਤਾਂ ਤੁਰੰਤ ਪੁਲਸ ਨੂੰ ਸੂਚਿਤ ਕਰਨ। ਪ੍ਰਸ਼ਾਸਨ ਭਾਵੇਂ ਕਿੰਨਾ ਵੀ ਚੌਕਸ ਹੋਵੇ ਪਰ ਲੋਕਾਂ ਦੇ ਸਹਿਯੋਗ ਬਗੈਰ ਅੱਤਵਾਦੀਆਂ ਦੀ ਘੁਸਪੈਠ ਜਾਂ ਸਮੱਗਲਿੰਗ ਆਦਿ ਨੂੰ ਪੂਰੀ ਤਰ੍ਹਾਂ ਨਹੀਂ ਰੋਕਿਆ ਜਾ ਸਕੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੇ ਧੰਦੇ ਵਿਚ ਸ਼ਾਮਲ ਹੋਵੇ ਤਾਂ ਉਸ ਬਾਰੇ ਵੀ ਸੂਚਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਸਭ ਮਿਲ-ਜੁਲ ਕੇ ਹੀ ਸਮੱਸਿਆਵਾਂ 'ਤੇ ਕਾਬੂ ਪਾ ਸਕਦੇ ਹਾਂ।
ਪਿੰਡ ਦੇ ਕਿਸਾਨ ਹਰਜੀਤ ਸਿੰਘ ਨੇ ਇਲਾਕੇ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਤਾਰ-ਵਾੜ ਤੋਂ ਅੰਦਰਲੀਆਂ ਜ਼ਮੀਨਾਂ ਦੇ ਨੁਕਸਾਨ ਲਈ 10 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ ਪਰ ਪਿਛਲੇ ਤਿੰਨ ਸਾਲਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਇਕ ਪੈਸਾ ਵੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਰਹੱਦੀ ਪਰਿਵਾਰਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਇਸ ਮੌਕੇ 'ਤੇ ਲੁਧਿਆਣਾ ਤੋਂ ਸ਼੍ਰੀਮਤੀ ਰਮਾ ਜੈਨ, ਵਜਿੰਦਰ ਜੈਨ ਸ਼ੰਟੀ-ਨੀਰੂ ਜੈਨ, ਸੁਨੀਲ ਗੁਪਤਾ, ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਾਜਨ ਚੋਪੜਾ, ਸਰਪੰਚ ਸੰਤੋਸ਼ ਕੁਮਾਰੀ, ਪ੍ਰਤੀਨਿਧੀ ਦੀਪਕ ਕੁਮਾਰ, ਚੇਅਰਮੈਨ ਬਲਾਕ ਸੰਮਤੀ ਤਰਸੇਮ ਲਾਲ, ਸੁਮਿਤ ਠਾਕਰ, ਰੋਮੇਸ਼ ਠਾਕਰ ਸਰਪੰਚ, ਤਾਰਾਗੜ੍ਹ ਮੰਡਲ ਦੇ ਪ੍ਰਧਾਨ ਸ਼੍ਰੀ ਗਣੇਸ਼ਵਰ ਸਿੰਘ, ਪ੍ਰਿੰਸੀਪਲ ਅਵਤਾਰ, ਕਮਲ ਕੁਮਾਰ ਅਤੇ ਪੰਜਾਬ ਕੇਸਰੀ ਦਫਤਰ ਪਠਾਨਕੋਟ ਦੇ ਇੰਚਾਰਜ ਸ਼੍ਰੀ ਸੰਜੀਵ ਸ਼ਾਰਦਾ, ਬ੍ਰਾਹਮਣ ਪ੍ਰਤੀਨਿਧੀ ਸਭਾ ਮੁਕੇਰੀਆਂ ਦੇ ਸਾਬਕਾ ਪ੍ਰਧਾਨ ਰਾਮ ਤਿਲਕ ਲੁਭਾਇਆ, ਵਿਪਨ ਸ਼ਰਮਾ, ਸੁਮੇਸ਼ ਸ਼ਰਮਾ, ਦਿਨੇਸ਼ ਭਨੋਟ, ਕੇਸ਼ਵ ਸ਼ਰਮਾ, ਰਾਜਨ ਸ਼ਰਮਾ, ਦਰਸ਼ਨ ਸ਼ਰਮਾ ਅਤੇ ਮੋਨਿਕਾ ਮੈਡਮ ਵੀ ਮੌਜੂਦ ਸਨ।


shivani attri

Content Editor

Related News