ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਮੁਸੀਬਤ! 5 ਦਸੰਬਰ ਨੂੰ ਲੈ ਕੇ ਹੋਇਆ ਵੱਡਾ ਐਲਾਨ
Wednesday, Dec 03, 2025 - 11:09 AM (IST)
ਅੰਮ੍ਰਿਤਸਰ (ਆਰ. ਗਿੱਲ)- ਪੰਜਾਬ ਦੇ ਕਿਸਾਨ ਸੰਗਠਨ ਕਿਸਾਨ ਮਜ਼ਦੂਰ ਮੋਰਚਾ (ਭਾਰਤ) ਚੈਪਟਰ ਪੰਜਾਬ ਨੇ ਕੇਂਦਰ ਸਰਕਾਰ ਦੇ ਵਿਵਾਦਿਤ ਬਿਜਲੀ (ਸੋਧ) ਬਿਲ 2025 ਦੇ ਖਰੜੇ ਨੂੰ ਪੂਰੀ ਤਰ੍ਹਾਂ ਰੱਦ ਕਰਵਾਉਣ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰਦਾਰ ਵਿਰੋਧ ਦੀ ਤਿਆਰੀ ਕਰ ਲਈ ਹੈ। ਸੰਗਠਨ ਨੇ 5 ਦਸੰਬਰ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੂਰੇ ਪੰਜਾਬ ’ਚ 19 ਜ਼ਿਲ੍ਹਿਆਂ ਦੇ 26 ਰੇਲਵੇ ਸਟੇਸ਼ਨਾਂ ਅਤੇ ਮੁੱਖ ਰੇਲ ਮਾਰਗਾਂ ’ਤੇ ਪ੍ਰਤੀਕਾਤਮਕ ‘ਰੇਲ ਰੋਕੋ’ ਅਭਿਆਨ ਚਲਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕਿਸਾਨ ਰੇਲ ਪਟੜੀਆਂ ’ਤੇ ਸ਼ਾਂਤਮਈ ਧਰਨਾ ਦੇ ਕੇ ਯਾਤਰੀਆਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਦਾ ਵਾਅਦਾ ਕੀਤਾ ਗਿਆ ਹੈ ਪਰ ਸਰਕਾਰ ਨੂੰ ਆਪਣੀਆਂ ਮੰਗਾਂ ਮੰਨਣ ਦੀ ਸਖ਼ਤ ਚਿਤਾਵਨੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਿਆਕੜਾਂ ਲਈ ਵੱਡੀ ਖ਼ਬਰ! ਅੰਮ੍ਰਿਤਸਰ ’ਚ ਹੋ ਚੁੱਕੀ 21 ਦੀ ਮੌਤ, ਜਲੰਧਰ ’ਚ ਵਿਗੜਣ ਲੱਗੇ ਹਾਲਾਤ
ਕਿਸਾਨ ਆਗੂਆਂ ਨੇ ਕਿਹਾ ਕਿ ਇਹ ਅਭਿਆਨ ਕੇਂਦਰ ਦੀਆਂ ‘ਕਾਰਪੋਰੇਟ-ਪੱਖੀ’ ਬਿਜਲੀ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਵੱਲੋਂ ਜਨਤਕ ਜ਼ਮੀਨਾਂ-ਜਾਇਦਾਦਾਂ ਨੂੰ ਜਬਰੀ ਵੇਚਣ ਵਿਰੁੱਧ ਹੈ। ਮੁੱਖ ਮੰਗਾਂ ਵਿਚ ਬਿਜਲੀ ਬਿਲ ਨੂੰ ਪੂਰੀ ਤਰ੍ਹਾਂ ਰੱਦ ਕਰਨਾ, ਪ੍ਰੀਪੇਡ ਮੀਟਰ ਹਟਾ ਕੇ ਪੁਰਾਣੇ ਮੀਟਰ ਲਗਵਾਉਣਾ, ਸਰਕਾਰੀ ਜਾਇਦਾਦਾਂ ਦੇ ਜਬਰੀ ਨਿੱਜੀਕਰਨ ਨੂੰ ਰੋਕਣਾ ਅਤੇ ਕਿਸਾਨ-ਮਜ਼ਦੂਰਾਂ ਦੇ ਹੋਰ ਬਾਕੀ ਮਸਲੇ ਹੱਲ ਕਰਨੇ ਸ਼ਾਮਲ ਹਨ। ਸੰਗਠਨ ਦੇ ਕਨਵੀਨਰ ਸਰਵਨ ਸਿੰਘ ਪੰਧੇਰ ਨੇ ਕਿਹਾ, ‘ਜੇਕਰ ਇਹ ਬਿੱਲ ਪਾਸ ਹੋ ਗਿਆ ਤਾਂ 80 ਫ਼ੀਸਦੀ ਘਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਦਾ ਖ਼ਤਰਾ ਹੈ। ਅਸੀਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕ ਲਈ ਸੜਕਾਂ ’ਤੇ ਉਤਰਾਂਗੇ। ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਅੰਦੋਲਨ ਹੋਰ ਵਿਆਪਕ ਰੂਪ ਲੈ ਲਵੇਗਾ।’
ਇਹ ਅਭਿਆਨ ਪੰਜਾਬ ਦੇ ਰੇਲ ਨੈੱਟਵਰਕ ਨੂੰ ਪ੍ਰਭਾਵਿਤ ਕਰ ਸਕਦਾ ਹੈ, ਖ਼ਾਸਕਰ ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ ਅਤੇ ਅੰਮ੍ਰਿਤਸਰ-ਜੰਮੂ ਰੇਲ ਲਾਈਨ ’ਤੇ। ਸੰਗਠਨ ਨੇ ਸਪੱਸ਼ਟ ਕੀਤਾ ਹੈ ਕਿ ਸੜਕਾਂ ਜਾਮ ਨਹੀਂ ਕੀਤੀਆਂ ਜਾਣਗੀਆਂ, ਤਾਂ ਜੋ ਆਮ ਜਨਤਾ ਨੂੰ ਘੱਟੋ-ਘੱਟ ਪ੍ਰੇਸ਼ਾਨੀ ਹੋਵੇ। ਪਿਛਲੇ ਦਿਨੀਂ ਕਿਸਾਨ ਸੰਗਠਨਾਂ ਨੇ ਚੰਡੀਗੜ੍ਹ ਵਿਚ ਵੱਡੀਆਂ ਰੈਲੀਆਂ ਕੀਤੀਆਂ ਸਨ, ਜਿੱਥੇ ਇਸ ਬਿੱਲ ਨੂੰ ‘ਕਿਸਾਨ ਵਿਰੋਧੀ’ ਕਿਹਾ ਗਿਆ ਸੀ। ਮਾਹਿਰਾਂ ਅਨੁਸਾਰ ਇਹ ਬਿੱਲ ਬਿਜਲੀ ਖੇਤਰ ਨੂੰ ਆਧੁਨਿਕ ਬਣਾਉਣ ਦਾ ਦਾਅਵਾ ਕਰਦਾ ਹੈ ਪਰ ਬਿਲਿੰਗ ਚਾਰਜਿਜ਼ ਅਤੇ ਨੈੱਟਵਰਕ ਡੁਪਲੀਕੇਸ਼ਨ ਰੋਕਣ ਵਰਗੇ ਪ੍ਰਬੰਧ ਕਿਸਾਨਾਂ ’ਤੇ ਵਾਧੂ ਬੋਝ ਪਾ ਸਕਦੇ ਹਨ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਵਿਰੋਧ ਦੀਆਂ ਮੁੱਖ ਥਾਵਾਂ
ਕਿਸਾਨ ਮਜ਼ਦੂਰ ਮੋਰਚੇ ਨੇ 19 ਜ਼ਿਲ੍ਹਿਆਂ ਵਿਚ ਹੇਠ ਲਿਖੀਆਂ 26 ਥਾਵਾਂ ’ਤੇ ਰੇਲ ਜਾਮ ਕਰਨ ਦੀ ਯੋਜਨਾ ਬਣਾਈ ਹੈ।
1. ਜ਼ਿਲ੍ਹਾ ਅੰਮ੍ਰਿਤਸਰ : ਦਿੱਲੀ-ਅੰਮ੍ਰਿਤਸਰ ਮੁੱਖ ਮਾਰਗ – ਦੇਵੀਦਾਸਪੁਰਾ ਤੇ ਮਜੀਠਾ ਸਟੇਸ਼ਨ
2. ਜ਼ਿਲ੍ਹਾ ਗੁਰਦਾਸਪੁਰ : ਅੰਮ੍ਰਿਤਸਰ-ਜੰਮੂ ਰੇਲ ਮਾਰਗ – ਬਟਾਲਾ, ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਸਟੇਸ਼ਨ
3. ਜ਼ਿਲ੍ਹਾ ਪਠਾਨਕੋਟ : ਪਰਮਾਨੰਦ ਫਾਟਕ
4. ਜ਼ਿਲ੍ਹਾ ਤਰਨਤਾਰਨ : ਤਰਨਤਾਰਨ ਰੇਲਵੇ ਸਟੇਸ਼ਨ
5. ਜ਼ਿਲ੍ਹਾ ਫਿਰੋਜ਼ਪੁਰ : ਬਸਤੀ ਟੈਂਕਾਂ ਵਾਲੀ, ਮੱਲਾਂ ਵਾਲਾ ਤੇ ਤਲਵੰਡੀ ਭਾਈ
6. ਜ਼ਿਲ੍ਹਾ ਕਪੂਰਥਲਾ : ਡਡਵਿੰਡੀ ਨੇੜੇ (ਸੁਲਤਾਨਪੁਰ ਲੋਧੀ)
7. ਜ਼ਿਲ੍ਹਾ ਜਲੰਧਰ : ਜਲੰਧਰ ਕੈਂਟ
8. ਜ਼ਿਲਾ ਹੁਸ਼ਿਆਰਪੁਰ : ਟਾਂਡਾ (ਜੰਮੂ-ਜਲੰਧਰ ਮਾਰਗ) ਤੇ ਪੁਰਾਣਾ ਭੰਗਾਲਾ ਸਟੇਸ਼ਨ
9. ਜ਼ਿਲ੍ਹਾ ਪਟਿਆਲਾ : ਸ਼ੰਭੂ ਤੇ ਬਾੜਾ (ਨਾਭਾ)
10. ਜ਼ਿਲ੍ਹਾ ਸੰਗਰੂਰ : ਸੁਨਾਮ ਸ਼ਹੀਦ ਊਧਮ ਸਿੰਘ ਵਾਲਾ
11. ਜ਼ਿਲ੍ਹਾ ਫਾਜ਼ਿਲਕਾ : ਫਾਜ਼ਿਲਕਾ ਰੇਲਵੇ ਸਟੇਸ਼ਨ
12. ਜ਼ਿਲ੍ਹਾ ਮੋਗਾ : ਮੋਗਾ ਰੇਲਵੇ ਸਟੇਸ਼ਨ
13. ਜ਼ਿਲ੍ਹਾ ਬਠਿੰਡਾ : ਰਾਮਪੁਰਾ ਰੇਲ ਸਟੇਸ਼ਨ
14. ਜ਼ਿਲ੍ਹਾ ਮੁਕਤਸਰ : ਮਲੋਟ ਤੇ ਮੁਕਤਸਰ
15. ਜ਼ਿਲ੍ਹਾ ਮਾਲੇਰਕੋਟਲਾ : ਅਹਿਮਦਗੜ੍ਹ
16. ਜ਼ਿਲ੍ਹਾ ਮਾਨਸਾ : ਮਾਨਸਾ ਰੇਲਵੇ ਸਟੇਸ਼ਨ
17. ਜ਼ਿਲਾ ਲੁਧਿਆਣਾ : ਸਾਹਨੇਵਾਲ ਰੇਲਵੇ ਸਟੇਸ਼ਨ
18. ਜ਼ਿਲ੍ਹਾ ਫਰੀਦਕੋਟ : ਫਰੀਦਕੋਟ ਰੇਲਵੇ ਸਟੇਸ਼ਨ
19. ਜ਼ਿਲ੍ਹਾ ਰੋਪੜ : ਰੋਪੜ ਰੇਲਵੇ ਸਟੇਸ਼ਨ
ਇਹ ਵੀ ਪੜ੍ਹੋ: ਲਓ ਜੀ ਆ ਗਈਆਂ ਦਸੰਬਰ ਦੀਆਂ ਛੁੱਟੀਆਂ! ਪੰਜਾਬ 'ਚ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਪਿਛਲੇ ਕਿਸਾਨ ਅੰਦੋਲਨਾਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਸੰਗਠਨ ਨੇ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀਂ ਸੁਣੇਗੀ। ਸੂਬਾ ਸਰਕਾਰ ਨੇ ਹਾਲੇ ਤੱਕ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਪਰ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀ ਸੰਭਾਵਨਾ ਹੈ। ਇਹ ਅਭਿਆਨ ਪੰਜਾਬ ਦੀ ਰਾਜਨੀਤੀ ਵਿਚ ਨਵਾਂ ਮੋੜ ਲਿਆ ਸਕਦਾ ਹੈ, ਜਿਥੇ ਬਿਜਲੀ ਤੇ ਖੇਤੀ ਮਸਲੇ ਹਮੇਸ਼ਾ ਸੰਵੇਦਨਸ਼ੀਲ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਅਹਿਮ! Yellow Alert ਜਾਰੀ, ਮੌਸਮ ਵਿਭਾਗ ਨੇ 4 ਦਸੰਬਰ ਤੱਕ ਕਰ 'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
