ਬਰਫੀਲੀਆਂ ਪਹਾੜੀਆਂ ''ਤੇ ਵਹਿ ਰਹੇ ਨੇ ਵਿਧਵਾਵਾਂ ਦੇ ਹੰਝੂ

01/06/2020 5:46:46 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਰਾਜੌਰੀ ਜ਼ਿਲਾ ਜੰਮੂ ਦਾ ਅਜਿਹਾ ਬਦਨਸੀਬ ਇਲਾਕਾ ਹੈ, ਜਿਸ ਦੇ ਸੈਂਕੜੇ ਪਿੰਡ ਜ਼ੀਰੋ ਲਾਈਨ ਦੇ ਕੰਢੇ ਸਥਿਤ ਹਨ ਅਤੇ ਇਨ੍ਹਾਂ ਪਿੰਡਾਂ 'ਚੋਂ ਪੜ੍ਹੀ ਜਾ ਸਕਦੀ ਹੈ ਅੱਤਵਾਦ ਦੇ ਕਹਿਰ ਦੀ ਉਹ ਕਹਾਣੀ, ਜਿਹੜੀ ਪਾਕਿਸਤਾਨ ਦੀ ਧਰਤੀ 'ਤੇ ਉਸੇ ਵਲੋਂ ਘੜੀਆਂ ਕਲਮਾਂ ਨਾਲ ਲਿਖੀ ਗਈ। ਇਸ ਕਾਲੀ ਲਿਖਤ 'ਚ ਦਰਜ ਹੈ ਸੈਂਕੜੇ ਵਿਧਵਾਵਾਂ ਦੀਆਂ ਚਿੱਟੀਆਂ ਚੁੰਨੀਆਂ  ਦੀ ਦਾਸਤਾਨ, ਜਿਨ੍ਹਾਂ ਦੇ ਸੁਹਾਗ ਅਸਾਲਟਾਂ ਨੇ ਖੋਹ ਲਏ ਅਤੇ ਉਹ ਆਪਣੀ ' ਿਜ਼ੰਦਾ ਲਾਸ਼' ਦੇ ਮੋਢਿਆਂ 'ਤੇ ਜ਼ਿੰਦਗੀ ਦਾ ਬੋਝ ਢੋਣ ਲਈ ਦਰ-ਦਰ ਦੀਆਂ ਠੋਹਕਰਾਂ ਖਾ ਰਹੀਆਂ ਹਨ।

ਇਸ ਜ਼ਿਲੇ 'ਚ ਥਾਨਾਮੰਡੀ ਅਤੇ ਸ਼ਾਹਦਰਾ ਸ਼ਰੀਫ ਦੇ ਬਰਫੀਲੀਆਂ ਪਹਾੜੀਆਂ 'ਚ ਘਿਰੇ ਖੇਤਰ ਨਾਲ ਸਬੰਧਤ ਬਹੁਤੇ ਪਿੰਡਾਂ ਨੂੰ ਤਾਂ ਅੱਤਵਾਦ ਅਤੇ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਗੋਲੀਬਾਰੀ ਦੀ ਦੋਹਰੀ ਮਾਰ ਪਈ, ਜਿਸ ਕਾਰਨ ਬਹੁਤ ਸਾਰੇ ਨੌਜਵਾਨਾਂ  ਦੀਆਂ ਜਾਨਾਂ ਗਈਆਂ। ਇਨ੍ਹਾਂ ਨਾਲ ਸਬੰਧਤ ਪਰਿਵਾਰ ਅੱਜ ਲਾਵਾਰਸਾਂ ਵਰਗਾ ਜੀਵਨ ਹੰਢਾਅ ਰਹੇ ਹਨ ਅਤੇ ਵਿਧਵਾ ਔਰਤਾਂ ਬਰਫੀਲੀਆਂ ਪਹਾੜੀਆਂ 'ਤੇ ਖੂਨ ਦੇ ਹੰਝੂ ਰੋਣ ਲਈ ਮਜਬੂਰ ਹਨ। ਉਨ੍ਹਾਂ ਦਾ ਦਰਦ ਸੁਣਨ ਵਾਲਾ ਵੀ  ਕੋਈ ਨਹੀਂ ਅਤੇ ਵੰਡਾਉਣ  ਲਈ ਤਾਂ ਕਿਸ ਨੇ ਬਹੁੜਨਾ ਹੈ। ਲੋਕਾਂ ਕੋਲ ਆਪਣੇ ਕੰਮ-ਧੰਦੇ ਕੋਈ ਨਹੀਂ ਹਨ ਅਤੇ ਔਰਤਾਂ-ਮਰਦ ਮਜ਼ਦੂਰੀ ਦੇ ਸਹਾਰੇ ਹੀ ਗੁਜ਼ਾਰਾ ਕਰ ਰਹੇ ਹਨ। ਮਜ਼ਦੂਰੀ ਕਰਕੇ ਵੀ ਇਕ ਔਰਤ ਮਹੀਨੇ  ਦਾ 2-3 ਹਜ਼ਾਰ ਹੀ ਕਮਾ ਸਕਦੀ ਹੈ, ਜਿਸ ਨਾਲ ਜੀਵਨ ਦੀਆਂ ਲੋੜਾਂ ਪੂਰੀਆਂ ਹੋਣੀਆਂ ਸੰਭਵ ਨਹੀਂ। ਪੜ੍ਹਾਈ ਦੀ ਉਮਰ ਵਾਲੇ ਬੱਚੇ ਗਲੀਆਂ 'ਚ ਵਿਹਲੇ ਘੁੰਮਦੇ ਰਹਿੰਦੇ ਹਨ।

ਇਲਾਕੇ ਦੇ ਇਕ ਜਾਣਕਾਰ ਨੇ ਦੱਸਿਆ ਕਿ ਥਾਨਾਮੰਡੀ ਨਾਲ ਸਬੰਧਤ 7-8 ਪਿੰਡਾਂ 'ਚ ਹੀ 900 ਦੇ ਕਰੀਬ ਵਿਧਵਾਵਾਂ ਅਤੇ 1100 ਦੇ ਕਰੀਬ ਅਪਾਹਜ ਲੋਕ ਹਨ, ਜਿਹੜੇ ਆਪਣੀ ਜ਼ਿੰਮੇਵਾਰੀ ਸੰਭਾਲਣ ਤੋਂ ਅਸਮਰਥ ਹਨ। ਇਨ੍ਹਾਂ 'ਚੋਂ ਹੀ 350 ਦੇ ਕਰੀਬ ਵਿਧਵਾਵਾਂ ਅਤੇ ਅੰਗਹੀਣਾਂ ਲਈ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਅਧੀਨ 543ਵੇਂ ਟਰੱਕ ਦੀ ਸਮੱਗਰੀ ਭਿਜਵਾਈ ਗਈ ਸੀ, ਜਿਹੜੀ ਰਾਜੌਰੀ ਤੋਂ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਸ਼੍ਰੀ ਵਰਿੰਦਰ ਮਲਹੋਤਰਾ ਅਤੇ ਥਾਨਾਮੰਡੀ ਦੇ ਨੌਜਵਾਨ ਸਮਾਜ ਸੇਵੀ ਇਮਰਾਨ ਖਾਨ ਦੀ ਦੇਖ-ਰੇਖ ਹੇਠ ਵੰਡੀ ਗਈ। ਇਹ ਰਾਹਤ ਸਮੱਗਰੀ ਲੋਕ ਚੇਤਨਾ ਮੰਚ ਫਿਰੋਜ਼ਪੁਰ ਵਲੋਂ ਭਿਜਵਾਈ ਗਈ ਸੀ। ਥਾਨਾਮੰਡੀ 'ਚ ਹੋਏ ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਨਗਰ ਪਾਲਿਕਾ ਕਮੇਟੀ ਦੇ ਪ੍ਰਧਾਨ ਜਨਾਬ ਸ਼ਕੀਲ ਅਹਿਮਦ ਮੀਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਇਲਾਕੇ ਦੇ ਅੱਤਵਾਦ ਪੀੜਤਾਂ, ਵਿਧਵਾਵਾਂ ਅਤੇ ਅੰਗਹੀਣ ਲੋਕਾਂ ਲਈ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਮੁਹਿੰਮ ਅਧੀਨ ਰਾਸ਼ਨ ਅਤੇ ਕੱਪੜੇ ਆਦਿ ਭਿਜਵਾਏ ਗਏ ਹਨ।

PunjabKesari

ਉਨ੍ਹਾਂ ਦੱਸਿਆ ਕਿ ਥਾਨਾਮੰਡੀ ਦੇ 13 ਵਾਰਡਾਂ ਅਤੇ ਨਾਲ ਲੱਗਦੇ ਕੁਝ ਪਿੰਡਾਂ 'ਚ 2000 ਤੋਂ ਵੱਧ ਗਿਣਤੀ 'ਚ ਵਿਧਵਾਵਾਂ ਅਤੇ ਅਪਾਹਜ ਲੋਕ ਰਹਿੰਦੇ ਹਨ। ਇਸ ਤੋਂ ਪਹਿਲਾਂ ਪੀੜਤ ਪਰਿਵਾਰਾਂ ਲਈ ਸਰਕਾਰ ਵੱਲੋਂ ਰਿਲੀਫ ਭਿਜਵਾਈ ਗਈ ਸੀ ਪਰ ਉਹ ਰਸਤੇ 'ਚ ਹੜੱਪ ਕਰ ਲਈ ਗਈ। ਮਜਬੂਰ ਅਤੇ ਲਾਚਾਰ ਲੋਕਾਂ ਨੂੰ ਕੁਝ ਵੀ ਨਸੀਬ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਦਾਨੀ ਲੋਕਾਂ ਵੱਲੋਂ ਭਿਜਵਾਈ ਰਾਹਤ ਮਿਲਣ ਨਾਲ ਪੀੜਤਾਂ ਦੀਆਂ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਵਹਿ ਰਹੇ ਹਨ। ਇਨ੍ਹਾਂ ਲੋਕਾਂ ਨੂੰ ਤਸੱਲੀ ਹੋਈ ਹੈ ਕਿ ਉਨ੍ਹਾਂ ਦਾ ਦੁੱਖ ਵੰਡਾਉਣ ਵਾਲਾ ਕੋਈ ਫਰਿਸ਼ਤਾ ਵੀ ਇਸ ਦੁਨੀਆ 'ਚ ਮੌਜੂਦ ਹੈ।
ਜਨਾਬ ਮੀਰ ਨੇ ਕਿਹਾ ਕਿ ਵਿਧਵਾ ਔਰਤਾਂ ਲੋਕਾਂ ਦੇ ਘਰਾਂ 'ਚ ਜੂਠੇ ਬਰਤਨ ਮਾਂਜ ਕੇ ਜਾਂ ਸਫਾਈ ਆਦਿ ਕਰਕੇ ਜਿੰਨੇ ਪੈਸੇ ਕਮਾਉਂਦੀਆਂ ਹਨ, ਉਸ ਨਾਲ ਉਨ੍ਹਾਂ ਦਾ ਗੁਜ਼ਾਰਾ ਨਹੀਂ ਚੱਲ ਸਕਦਾ। ਉਨ੍ਹਾਂ ਅਪੀਲ ਕੀਤੀ ਕਿ ਜਿਹੜੇ ਲਾਚਾਰ ਅਤੇ ਲੋੜਵੰਦ ਲੋਕ ਇਸ ਰਾਹਤ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਲਈ ਵੀ ਹੋਰ ਸਮੱਗਰੀ ਭਿਜਵਾਈ ਜਾਵੇ। ਉਨ੍ਹਾਂ ਕਿਹਾ ਕਿ ਇਹ ਲੋਕ ਤਾਂ ਆਪਣੇ ਤੌਰ 'ਤੇ ਫਰਿਆਦ ਵੀ  ਨਹੀਂ ਕਰ ਸਕਦੇ, ਸਿਰਫ ਮਦਦ ਪਹੁੰਚਾਉਣ  ਵਾਲਿਆਂ  ਨੂੰ ਦੁਆ ਹੀ ਦੇ ਸਕਦੇ ਹਨ।
ਵਿਧਵਾਵਾਂ ਦੇ ਹੰਝੂ ਪੂੰਝਣਾ ਸਭ ਤੋਂ ਉੱਤਮ ਸੇਵਾ : ਕੁਲਦੀਪ ਭੁੱਲਰ
ਥਾਨਾਮੰਡੀ 'ਚ ਲੋੜਵੰਦਾਂ ਲਈ ਰਾਹਤ ਸਮੱਗਰੀ ਭਿਜਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ, ਫਿਰੋਜ਼ਪੁਰ ਤੋਂ ਜਗ ਬਾਣੀ  ਦੇ ਪ੍ਰਤੀਨਿਧੀ, ਸ. ਕੁਲਦੀਪ ਸਿੰਘ ਭੁੱਲਰ ਨੇ ਕਿਹਾ ਕਿ ਅੱਤਵਾਦੀਆਂ ਦੀ ਗੋਲੀਬਾਰੀ ਜਾਂ ਕਿਸੇ ਹੋਰ ਕਾਰਣ ਕਰਕੇ ਵਿਧਵਾ  ਹੋਈਆਂ ਔਰਤਾਂ ਦੇ ਹੰਝੂ ਪੂੰਝਣ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ ਹੈ।  ਇਹ ਹੈਰਾਨੀ ਦੀ ਗੱਲ ਹੈ ਕਿ ਰਾਜੌਰੀ ਦੇ ਇਸ ਇਲਾਕੇ ਵਿਚ ਸੈਂਕੜੇ ਵਿਧਵਾਵਾਂ ਕਸ਼ਟ ਭਰੇ ਦਿਨ ਗੁਜ਼ਾਰ ਰਹੀਆਂ ਹਨ ਅਤੇ ਸਰਕਾਰ ਨੇ ਇਸ ਸਬੰਧ 'ਚ ਕੋਈ ਠੋਸ ਕਦਮ ਨਹੀਂ ਚੁੱਕਿਆ। ਇਹ ਔਰਤਾਂ ਆਪਣੇ ਪਰਿਵਾਰ ਪਾਲਣ ਲਈ ਜਿੰਨੀ ਮੁਸ਼ੱਕਤ ਕਰ ਰਹੀਆਂ ਹਨ, ਉਸ ਨਾਲ ਵੀ ਉਨ੍ਹਾਂ ਦਾ ਪੇਟ ਨਹੀਂ ਪਲਦਾ। ਅਜਿਹੀ ਹਾਲਤ ਵਿਚ ਇਨ੍ਹਾਂ ਲਈ ਪੰਜਾਬ ਕੇਸਰੀ ਦੀ ਰਾਹਤ ਮੁਹਿੰਮ ਟੀਮ ਹੀ ਸਹਾਇਤਾ ਲੈ ਕੇ ਪੁੱਜੀ ਹੈ। ਸ. ਭੁੱਲਰ ਨੇ ਕਿਹਾ ਕਿ ਫਿਰੋਜ਼ਪੁਰ ਤੋਂ ਛੇਤੀ ਹੀ ਇਸ ਖੇਤਰ ਦੇ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਦਾ ਇਕ ਹੋਰ ਟਰੱਕ ਭਿਜਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਰਾਹਤ ਕਾਰਜ 'ਚ ਹੋਰ ਸਮਾਜ ਸੇਵੀ  ਸੰਸਥਾਵਾਂ ਨੂੰ ਵੀ  ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਕਸ਼ਟ ਸਹਿਣ ਕਰ ਰਹੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ।

ਸ਼੍ਰੀ ਵਰਿੰਦਰ ਮਲਹੋਤਰਾ ਨੇ ਇਸ ਮੌਕੇ 'ਤੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਨੇ ਜੰਮੂ-ਕਸ਼ਮੀਰ ਦੇ ਹਰ ਕੋਨੇ 'ਚ ਅੱਤਵਾਦ ਪੀੜਤਾਂ ਅਤੇ ਪਾਕਿਸਤਾਨੀ ਗੋਲੀਬਾਰੀ ਦੀ ਮਾਰ ਸਹਿਣ ਵਾਲੇ ਲੋਕਾਂ  ਤੱਕ ਰਾਹਤ ਸਮੱਗਰੀ ਭਿਜਵਾਈ ਹੈ। ਥਾਨਾਮੰਡੀ ਇਸ ਸੂਬੇ ਦਾ ਆਖਰੀ ਕੋਨਾ ਹੈ, ਜਿੱਥੇ ਕਦੇ ਕੋਈ ਸੰਸਥਾ ਮਦਦ ਲੈ ਕੇ ਨਹੀਂ ਪਹੁੰਚੀ ਅਤੇ ਹੁਣ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਆਸ਼ੀਰਵਾਦ ਲੈ ਕੇ ਰਾਹਤ ਟੀਮ ਇਨ੍ਹਾਂ ਪਰਿਵਾਰਾਂ ਤੱਕ ਪੁੱਜੀ ਹੈ। ਉਨ੍ਹਾਂ ਕਿਹਾ ਕਿ ਇਸ ਅਖਬਾਰ ਸਮੂਹ ਨੇ ਵੱਖ-ਵੱਖ ਫੰਡ ਚਲਾ ਕੇ ਪੀੜਤਾਂ ਦੀ ਮਦਦ ਦਾ ਜੋ ਇਤਿਹਾਸ ਸਿਰਜਿਆ ਹੈ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ।

ਪਾਕਿਸਤਾਨ ਨੇ ਜੰਮੂ-ਕਸ਼ਮੀਰ ਨੂੰ ਬਰਬਾਦ ਕਰ ਦਿੱਤੈ : ਵਰਿੰਦਰ ਸ਼ਰਮਾ
ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਪਾਕਿਸਤਾਨ ਨੇ ਵੱਖ-ਵੱਖ ਤਰ੍ਹਾਂ ਦੀਆਂ ਸਾਜ਼ਿਸ਼ਾਂ ਰਚ ਕੇ ਜੰਮੂ-ਕਸ਼ਮੀਰ ਵਰਗੇ ਖੁਸ਼ਹਾਲ ਅਤੇ ਅਮਨ-ਪਸੰਦ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਦੇਸ਼ ਦੀ ਵੰਡ ਵੇਲੇ ਤੋਂ ਹੀ ਪਾਕਿਸਤਾਨ ਦੀ ਅਜਿਹੀ ਚੰਦਰੀ ਨਜ਼ਰ ਇਸ 'ਕੇਸਰ-ਕਿਆਰੀ' ਨੂੰ ਲੱਗੀ ਕਿ ਸਾਰੇ ਚਮਨ ਉੱਜੜ ਕੇ ਰਹਿ ਗਏ। ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਅਤੇ ਸਰਹੱਦ ਪਾਰ ਤੋਂ ਕੀਤੀ ਜਾਂਦੀ ਗੋਲੀਬਾਰੀ ਨੇ ਲੱਖਾਂ ਲੋਕ ਕੱਖਾਂ ਤੋਂ ਹੌਲੇ ਕਰ ਦਿੱਤੇ, ਜਿਹੜੇ ਅੱਜ ਦਰ-ਦਰ ਭਟਕ ਰਹੇ ਹਨ। ਸ਼੍ਰੀ ਸ਼ਰਮਾ ਨੇ ਕਿਹਾ ਕਿ ਇਸ ਤੋਂ ਵੀ  ਵੱਡਾ ਦੁਖਾਂਤ ਇਹ ਹੈ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਹੁਣ ਤਕ ਨਾਂ ਤਾਂ ਪਾਕਿਸਤਾਨ ਦੀਆਂ ਸਾਜ਼ਿਸ਼ਾਂ ਨੂੰ ਨੱਥ ਪਾ ਸਕੀਆਂ ਹਨ ਅਤੇ ਨਾ ਹੀ ਬਰਬਾਦ ਹੋਏ ਪਰਿਵਾਰਾਂ ਨੂੰ ਪੱਕਾ ਸਹਾਰਾ ਮੁਹੱਈਆ ਕਰਵਾ ਸਕੀਆਂ ਹਨ। ਪੀੜਤ ਪਰਿਵਾਰਾਂ ਦੀ ਤਰਸਯੋਗ ਸਥਿਤੀ ਨੂੰ ਦੇਖਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਰਾਹਤ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਸੈਂਕੜੇ ਟਰੱਕ ਸਮੱਗਰੀ ਭਿਜਵਾਈ। ਸ਼੍ਰੀ ਸ਼ਰਮਾ ਨੇ ਕਿਹਾ ਕਿ ਵਿਜੇ ਜੀ ਦੇ ਪਰਿਵਾਰ ਨੇ ਖੁਦ ਵੀ ਦਰਦ ਹੰਢਾਇਆ ਹੈ, ਇਸ ਕਰ ਕੇ ਉਹ ਇਨ੍ਹਾਂ ਲੋਕਾਂ ਦੀ ਪੀੜ ਨੂੰ ਸਮਝਦੇ ਹਨ ਅਤੇ ਸਹਾਇਤਾ ਭਿਜਵਾਉਣ  ਲਈ ਯਤਨਸ਼ੀਲ ਰਹਿੰਦੇ ਹਨ।

ਰਾਹਤ ਟੀਮ ਨਾਲ ਪੁੱਜੇ ਜੁਗਿੰਦਰ ਸਿੰਘ ਪੱਪੂ ਕਾਹਨੇਵਾਲਾ ਨੇ ਕਿਹਾ ਕਿ ਬੜੀ ਹੈਰਾਨਗੀ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਹਜ਼ਾਰਾਂ ਪਰਿਵਾਰਾਂ  ਕੋਲ ਸਿਰ 'ਤੇ ਛੱਤ ਨਹੀਂ, ਖਾਣ ਲਈ ਰੋਟੀ ਨਹੀਂ ਅਤੇ ਸਾਡੀਆਂ ਸਰਕਾਰਾਂ ਨੂੰ ਇਨ੍ਹਾਂ  ਦਾ ਦੁੱਖ ਦਰਦ ਸਮਝ ਨਹੀਂ ਆਉਂਦਾ। ਅਜਿਹੀ ਸਥਿਤੀ 'ਚ ਦੇਸ਼ ਵਾਸੀਆਂ ਨੂੰ ਹੀ ਇਨ੍ਹਾਂ  ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ 'ਤੇ ਫਿਰੋਜ਼ਪੁਰ ਤੋਂ ਲੋਕ ਚੇਤਨਾ ਮੰਚ ਦੇ ਸ. ਜਸਬੀਰ ਸਿੰਘ ਜੋਸਨ, ਪਰਵਿੰਦਰ ਸਿੰਘ ਖੁੱਲਰ, ਸੁਰਿੰਦਰ ਖੁੱਲਰ, ਜ਼ੀਰੇ ਤੋਂ ਪ੍ਰਤੀਨਿਧੀ ਦਵਿੰਦਰ ਸਿੰਘ ਅਕਾਲੀਆਂ  ਵਾਲਾ, ਸਾਬਕਾ ਚੇਅਰਮੈਨ ਜੁਗਿੰਦਰ ਸਿੰਘ ਸੰਧੂ, ਪ੍ਰਗਟ ਸਿੰਘ ਭੁੱਲਰ, ਸੁੱਖ ਗਿੱਲ, ਸ਼੍ਰੀਮਤੀ ਵਰਿੰਦਰ ਮਲਹੋਤਰਾ, ਥਾਨਾਮੰਡੀ  ਦੇ ਮੁਸ਼ਤਾਕ  ਅਹਿਮਦ ਠੱਕਰ, ਸਰਪੰਚ ਫਜ਼ਲ ਹੁਸੈਨ, ਮੈਡਮ ਰੋਜ਼ੀ ਜ਼ਫਰ, ਤਾਹਿਰ ਸ਼ਾਹ, ਯੂਨਸ ਖਾਨ ਅਤੇ ਨਸੀਰ ਸ਼ਾਹ ਵੀ ਮੌਜੂਦ ਸਨ। ਰਾਹਤ ਸਮੱਗਰੀ ਲੈਣ ਵਾਲੇ ਪਰਿਵਾਰਾਂ ਦੇ ਮੈਂਬਰ ਥਾਨਾਮੰਡੀ ਤੋਂ ਇਲਾਵਾ ਅਜ਼ਮੰਤਾ, ਮਨਿਆਲ ਗਲੀ, ਬਿੰਗਾਈ, ਮੰਗੋਟਾ, ਰਾਜਧਾਨੀ, ਭਾਟੀਦਾਰ, ਬਹਿਰੋਟ ਅਤੇ ਨੈਲੀ ਆਦਿ ਪਿੰਡਾਂ ਨਾਲ ਸਬੰਧਤ ਸਨ।


shivani attri

Content Editor

Related News