ਅੰਮ੍ਰਿਤਸਰ 'ਚ ਭੰਡਾਰੀ ਪੁਲ 'ਤੇ ਕਿਸਾਨਾਂ ਵੱਲੋਂ ਚੱਕਾ ਜਾਮ, ਲੋਕ ਪ੍ਰੇਸ਼ਾਨ, ਕਈ ਐਂਬੂਲੈਂਸਾਂ ਫਸੀਆਂ
Wednesday, Nov 16, 2022 - 08:48 PM (IST)
ਅੰਮ੍ਰਿਤਸਰ : ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਦਿੱਤੇ ਜਾ ਰਹੇ ਧਰਨੇ ਦੌਰਾਨ ਭੰਡਾਰੀ ਪੁਲ ਨੂੰ ਚੁਫੇਰਿਓਂ ਜਾਮ ਕਰਕੇ ਟ੍ਰੈਫਿਕ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਨ ਅਤੇ ਹੋਰ ਮੰਨੀਆਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ 'ਚ ਦੇਰੀ ਕਰਨ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਅੰਮ੍ਰਿਤਸਰ ਦੇ ਭੰਡਾਰੀ ਪੁਲ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ : 4 ਦਿਨਾਂ ਦੀ ਹੜਤਾਲ ਨਾਲ 13 ਕਰੋੜ ਦਾ ਨੁਕਸਾਨ: ਚਿਤਾਵਨੀ ਰੈਲੀ ਤੋਂ ਬਾਅਦ ਸ਼ੁਰੂ ਹੋਈ ਬੱਸਾਂ ਦੀ ਆਵਾਜਾਈ
ਕਿਸਾਨ ਯੂਨੀਅਨਾਂ ਵੱਲੋਂ ਬੁੱਧਵਾਰ ਸਵੇਰੇ 12 ਵਜੇ ਦਿੱਤੇ ਧਰਨੇ ਕਾਰਨ ਸ਼ਾਮ 7 ਵਜੇ ਤੱਕ ਸ਼ਹਿਰ ਵਾਸੀ ਟ੍ਰੈਫਿਕ ਜਾਮ ਨਾਲ ਜੂਝਦੇ ਰਹੇ, ਭਾਵੇਂ ਕਿ ਭੰਡਾਰੀ ਪੁਲ ਦੇ ਇਕ ਪਾਸੇ ਕਿਸਾਨਾਂ ਵੱਲੋਂ ਪਹਿਲਾਂ ਸੰਗਰਾਦ ਦੇ ਮੱਦੇਨਜ਼ਰ ਸੰਗਤਾਂ ਦਾ ਧਿਆਨ ਰੱਖਦਿਆਂ ਧਰਨਾ ਲਗਾਇਆ ਗਿਆ ਸੀ ਪਰ ਕਿਸਾਨਾਂ ਦੀਆਂ ਟਰਾਲੀਆਂ ਕਾਰਨ ਜਿੱਥੇ ਜਾਮ ਦੀ ਸਥਿਤੀ ਬਣੀ ਰਹੀ, ਉੱਥੇ ਹੀ ਪੁਲਸ ਵੀ ਟ੍ਰੈਫਿਕ ਵਿਵਸਥਾ ਨੂੰ ਠੀਕ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਰਹੀ। ਕਿਸਾਨਾਂ ਦੇ ਧਰਨੇ ਕਾਰਨ ਕਈ ਐਂਬੂਲੈਂਸਾਂ ਵੀ ਜਾਮ 'ਚ ਹੀ ਫਸ ਗਈਆਂ, ਜਿਸ ਕਾਰਨ ਉਨ੍ਹਾਂ ਨੂੰ ਵੀ ਕਿਸਾਨਾਂ ਵੱਲੋਂ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ।
ਇਹ ਵੀ ਪੜ੍ਹੋ : ਦੋਸਤ ਦੇ ਵਿਆਹ 'ਚ ਸਾੜ੍ਹੀ ਪਾ ਕੇ ਪਹੁੰਚੇ, ਲਾੜੇ ਨੇ ਦਿੱਤਾ ਕਮਾਲ ਦਾ ਰਿਐਕਸ਼ਨ; ਵੀਡੀਓ ਵਾਇਰਲ
ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਦੇ 5 ਜ਼ਿਲ੍ਹਿਆਂ 'ਚ ਧਰਨੇ ਲਗਾਏ ਗਏ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ-ਅੰਮ੍ਰਿਤਸਰ ਤੇ ਜੰਮੂ-ਕੱਟੜਾ ਨੈਸ਼ਨਲ ਹਾਈਵੇ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਆਉਂਦੀ ਹੈ ਅਤੇ ਉਨ੍ਹਾਂ ਜ਼ਮੀਨਾਂ ਨੂੰ ਖਰੀਦਣ ਲਈ ਸਰਕਾਰ ਕਿਸਾਨਾਂ ਨੂੰ ਮੁਆਵਜ਼ਾ ਵੀ ਦੇ ਰਹੀ ਹੈ। ਅੰਮ੍ਰਿਤਸਰ 'ਚ ਐੱਸਡੀਐੱਮ ਰਹੇ ਰਾਜੇਸ਼ ਸ਼ਰਮਾ ‘ਤੇ ਦੋਸ਼ ਲਗਾਏ ਗਏ ਕਿ ਉਨ੍ਹਾਂ ਨੇ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਹੜੱਪ ਲਈ ਹੈ, ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਕਿਸਾਨ ਪ੍ਰਦਰਸ਼ਨ ਕਰਦੇ ਆ ਰਹੇ ਹਨ।
ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਦੀ ਇਤਰਾਜ਼ਯੋਗ ਸ਼ਬਦਾਵਲੀ ਤੋਂ ਭੜਕੇ ਸਿੱਖ ਸੰਗਠਨਾਂ ਨੇ ਘੇਰਿਆ SSP ਦਫ਼ਤਰ, ਕੀਤੀ ਇਹ ਮੰਗ
ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ਐੱਸਡੀਐੱਮ ਰਾਜੇਸ਼ ਸ਼ਰਮਾ ਦੇ ਦੋਸ਼ੀ ਹੋਣ ਦੀ ਰਿਪੋਰਟ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵੀ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਅਤੇ ਅੱਜ ਉਹ ਸੜਕਾਂ 'ਤੇ ਉਤਰ ਕੇ ਐੱਸਡੀਐੱਮ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੋ ਮਾਲਵੇ ਵਿੱਚ ਗੁਲਾਬੀ ਸੁੰਡੀ ਲੱਗਣ ਨਾਲ ਕਿਸਾਨਾਂ ਦੀ ਫ਼ਸਲ ਪ੍ਰਭਾਵਿਤ ਹੋਈ ਹੈ, ਅਸੀਂ ਉਸ ਮੁਆਵਜ਼ੇ ਲਈ ਵੀ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਨਾਲ ਹੀ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।