ਪਿੰਡ ਜੱਲ੍ਹੇ ਦਾ ਜਲਿਆਂਵਾਲਾ ਬਾਗ
Tuesday, Apr 09, 2019 - 01:02 PM (IST)

ਅੰਮ੍ਰਿਤਸਰ (ਹਰਪ੍ਰੀਤ ਸਿੰਘ ਕਾਹਲੋਂ) - ਇਤਿਹਾਸ ਦਾ ਇਕ ਜ਼ਿਕਰ ਹੈ ਕਿ ਜਲਿਆਂਵਾਲਾ ਬਾਗ ਪੰਡਿਤ ਜੱਲ੍ਹੇ ਦਾ ਸੀ ਪਰ ਇਤਿਹਾਸ ਦੇ ਸਫ਼ੇ ਕੁਝ ਹੋਰ ਬਿਆਨ ਕਰਦੇ ਹਨ। ਜ਼ਿਲਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਅਤੇ ਬਲਾਕ ਦਾ ਪਿੰਡ ਜੱਲ੍ਹਾ ਅਤੇ ਜਲਿਆਂਵਾਲੇ ਬਾਗ ਦਾ ਰਿਸ਼ਤਾ ਖਾਸ ਹੈ। ਫ਼ਤਿਹਗੜ੍ਹ ਸਾਹਿਬ ਤੋਂ 14 ਕਿਲੋਮੀਟਰ ਦੂਰ ਪੈਂਦਾ ਇਹ ਪਿੰਡ ਸਰਹਿੰਦ-ਭਾਦਸੋਂ ਸੜਕ 'ਤੇ ਸਥਿਤ ਹੈ। ਇਹ ਪਿੰਡ ਮਹਾਰਾਜਾ ਪਟਿਆਲਾ ਦੇ ਪ੍ਰੋਹਿਤ ਪੰਡਤ ਜੱਲ੍ਹੇ ਨੇ ਵਸਾਇਆ ਸੀ। 450 ਸਾਲ ਪੁਰਾਣੇ ਇਸ ਪਿੰਡ ਦੀ ਜਗੀਰ ਹਿੰਮਤ ਸਿੰਘ ਨੂੰ ਮਿਲੀ ਸੀ। ਉਹ ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦੇ ਚੌਧਰੀ ਗੁਲਾਬ ਰਾਏ ਬੈਂਸ ਜੱਟ ਦਾ ਮੁੰਡਾ ਸੀ, ਜਿਸ ਨੂੰ ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਸੂਬਾ ਸਰਹਿੰਦ 'ਤੇ ਕੀਤੀ ਕਾਰਵਾਈ 'ਚ ਹਿੱਸਾ ਲੈਣ ਲਈ ਇਹ ਪਿੰਡ ਜਗੀਰ ਵਜੋਂ ਮਿਲਿਆ ਸੀ।
ਇਸ ਪਿੰਡ ਤੋਂ ਹਿੰਮਤ ਸਿੰਘ ਜੱਲੇਵਾਲੀਆ ਸਰਦਾਰ ਵੱਜਣ ਲੱਗ ਪਏ। ਇਸ ਪਿੰਡ 'ਚ ਵੱਸਣ ਵੇਲੇ ਹਿੰਮਤ ਸਿੰਘ ਨਾਭਾ ਰਿਆਸਤ 'ਚ ਸੇਵਾਵਾਂ ਦੇਣ ਲੱਗ ਪਏ। ਸੰਨ 1812 ਤੋਂ ਮਹਾਰਾਜਾ ਰਣਜੀਤ ਸਿੰਘ ਨੇ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ 'ਚ ਸ਼ਾਮਲ ਕਰ ਲਿਆ। ਇਨ੍ਹਾਂ ਸੇਵਾਵਾਂ ਬਦਲੇ ਉਸ ਨੂੰ ਜਲੰਧਰ ਦਾ ਪਿੰਡ ਅਲਾਵਲਪੁਰ (ਜਲੰਧਰ-ਪਠਾਨਕੋਟ ਸੜਕ 'ਤੇ ਪੈਂਦਾ ਹੈ) ਤੇ ਅੰਮ੍ਰਿਤਸਰ ਦੇ ਬਾਗ ਵਾਲੀ ਥਾਂ ਇਨਾਮ ਵਜੋਂ ਦਿੱਤੀ। ਇੰਝ ਇਸ ਥਾਂ 'ਤੇ ਇਨ੍ਹਾਂ ਸਰਦਾਰਾਂ ਵਲੋਂ ਬਾਗ ਲਵਾਇਆ ਗਿਆ, ਜੋ ਜਲਿਆਂਵਾਲੇ ਸਰਦਾਰਾਂ ਦਾ ਬਾਗ ਵੱਜਦਾ ਸੀ। ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅਲਾਵਲਪੁਰ ਦੀ ਜਗੀਰ ਸਰਦਾਰ ਦੇ ਚਾਰ ਮੁੰਡਿਆਂ 'ਚ ਵੰਡ ਦਿੱਤੀ ਗਈ।
13 ਅਪ੍ਰੈਲ 1919 ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਨੂੰ ਇਸ ਜਲਿਆਂਵਾਲੇ ਬਾਗ ਦਾ ਸਿਰਫ ਨਾਂ ਹੀ ਬਾਗ ਸੀ ਪਰ ਇਨ੍ਹਾਂ ਸਰਦਾਰਾਂ ਦੀ ਸਮਾਧੀ ਤੋਂ ਇਲਾਵਾ ਇਕ ਖੂਹ ਅਤੇ ਬਾਕੀ ਥਾਂ ਖਾਲੀ ਰੜੇ ਮੈਦਾਨ ਹੀ ਸੀ। ਪਿੰਡ ਜੱਲ੍ਹੇ ਦੇ ਲੋਕਾਂ ਨੂੰ ਆਪਣੇ ਇਸ ਇਤਿਹਾਸ ਬਾਰੇ ਪੂਰੀ ਤਰ੍ਹਾਂ ਸਾਫ ਸਪੱਸ਼ਟ ਨਹੀਂ ਹੈ। ਪਿੰਡ ਵਾਲਿਆਂ ਮੁਤਾਬਕ ਪਿੰਡ 'ਚ ਸਰਦਾਰਾਂ ਦੀਆਂ ਸਮਾਧਾਂ ਵੀ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਇੱਥੇ ਵਿਆਹੇ ਸਨ। ਮਹਾਰਾਜਾ ਰਣਜੀਤ ਦੇ ਵਿਆਹ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਜਲਿਆਂਵਾਲੇ ਬਾਗ ਦੇ ਸਰਦਾਰ ਇਸ ਪਿੰਡ ਦੇ ਹੀ ਸਨ। ਇਸ ਬਾਰੇ ਬਹੁਤ ਸਾਰੇ ਹਵਾਲੇ ਗਵਾਹੀ ਦਿੰਦੇ ਹਨ। ਲੈਪਲ ਗ੍ਰੀਫਨ ਦੀ ਚੀਫ਼ਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ (1890) ਮੁਤਾਬਕ ਇਹ ਰਿਕਾਰਡ ਬੋਲਦਾ ਹੈ। ਇਸ ਤੋਂ ਇਲਾਵਾ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਪੰਜਾਬ ਕੋਸ਼, ਡਾ. ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਦਾ ਸਿੱਖ ਧਰਮ ਵਿਸ਼ਵਕੋਸ਼ ਅਤੇ ਪ੍ਰੋ. ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ (1469-1979) 'ਚ ਵੀ ਇਨ੍ਹਾਂ ਸਰਦਾਰਾਂ ਦਾ ਅਤੇ ਬਾਗ ਦਾ ਇਤਿਹਾਸਕ ਹਵਾਲਾ ਮਿਲਦਾ ਹੈ। ਇਨ੍ਹਾਂ ਦਿਨਾਂ 'ਚ ਫ਼ਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ 'ਨਾਜ਼' ਦੀ ਕਿਤਾਬ 'ਜ਼ਿਲਾ ਫ਼ਤਿਹਗੜ੍ਹ ਸਾਹਿਬ ਦੇ ਸ਼ਹਿਰ, ਕਸਬੇ ਤੇ ਪਿੰਡ-ਸੰਖੇਪ ਇਤਿਹਾਸਕ ਜਾਣਕਾਰੀ 'ਚ ਵੀ ਪਿੰਡ ਜੱਲ੍ਹੇ ਅਤੇ ਜਲਿਆਂਵਾਲੇ ਬਾਗ ਦੇ ਰਿਸ਼ਤੇ ਦੀ ਕਹਾਣੀ ਸਾਹਮਣੇ ਆਉਂਦੀ ਹੈ।
13 ਅਪ੍ਰੈਲ 1919 ਦੇ ਖ਼ੂਨੀ ਸਾਕੇ ਤੋਂ ਬਾਅਦ ਇਕ ਯਾਦਗਾਰ ਕਮੇਟੀ ਹੋਂਦ 'ਚ ਆਈ। ਇਸ ਕਮੇਟੀ ਦੇ ਪ੍ਰਧਾਨ ਮਦਨ ਮੋਹਨ ਮਾਲਵੀਆ ਤੇ ਸਕੱਤਰ ਮੁਕਰਜੀ ਸਨ। ਇਸ ਬਾਗ ਨੂੰ 1923 'ਚ ਇਸ ਦੇ 34 ਮਾਲਕਾਂ ਕੋਲੋਂ 5 ਲੱਖ 65 ਹਜ਼ਾਰ ਰੁਪਏ 'ਚ ਖਰੀਦਿਆ ਸੀ। ਹੁਣ ਸਵਾਲ ਵੱਡਾ ਇਹ ਹੈ ਕਿ 100 ਸਾਲ ਬਾਅਦ ਇਸ ਬਾਗ਼ ਨੂੰ ਵੇਖਦਿਆਂ ਇਹ ਕਿਤੇ ਸੈਰ ਸਪਾਟਾ ਅਤੇ ਸੈਲਫੀਆਂ ਖਿੱਚਣ ਲਈ ਥਾਂ ਤਾਂ ਨਹੀਂ ਬਣ ਗਈ। ਇਸ ਨੂੰ ਲੈ ਕੇ ਸਰਕਾਰੀ ਪੱਧਰ 'ਤੇ ਵੀ ਕੋਈ ਢੁੱਕਵੇਂ ਪ੍ਰੋਗਰਾਮਾਂ ਦੀ ਰੂਪ ਰੇਖਾ ਸਾਹਮਣੇ ਨਹੀਂ ਆਈ। ਇਤਿਹਾਸ ਦੇ ਵੱਡੇ ਖ਼ੂਨੀ ਸਾਕੇ ਪ੍ਰਤੀ ਇੰਨੀ ਉਦਾਸੀਨਤਾ ਕਿਉਂ ਹੈ?