ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦੀ ਗੂੰਜ ਹਾਈਕੋਰਟ 'ਚ ਗੂੰਜੀ, ਜਾਣੋ ਕੀ ਹੈ ਪੂਰਾ ਮਾਮਲਾ

07/01/2017 8:43:17 AM

ਚੰਡੀਗੜ੍ਹ (ਬਰਜਿੰਦਰ)-ਜਨਰਲ ਡਾਇਰ ਦੇ ਹੁਕਮਾਂ 'ਤੇ ਜਲ੍ਹਿਆਂਵਾਲਾ ਬਾਗ ਵਿਚ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਹੋਏ ਕਤਲੇਆਮ ਦੀ ਗੂੰਜ 97 ਸਾਲ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਗੂੰਜੀ ਹੈ। ਇਸ ਹੱਤਿਆਕਾਂਡ ਵਿਚ ਮਾਰੇ ਗਏ ਅੰਮ੍ਰਿਤਸਰ ਦੇ ਪਿੰਡ ਗਲਵੱਟੀ ਦੇ ਈਸ਼ਰ ਸਿੰਘ ਦੇ ਪੋਤੇ ਨੇ ਆਪਣੇ ਦਾਦੇ ਦੀ ਮੌਤ ਦੇ ਮੁਆਵਜ਼ੇ ਦੀ ਮੰਗ ਹਾਈਕੋਰਟ 'ਚ ਕੀਤੀ ਹੈ। ਐਡਵੋਕੇਟ ਧਰਮਪਾਲ ਗਿੱਲ ਦੇ ਰਾਹੀਂ ਦਾਇਰ ਪਟੀਸ਼ਨ ਵਿਚ ਪਟਿਆਲਾ ਨਿਵਾਸੀ ਮੋਹਨ ਸਿੰਘ ਨੇ ਮੰਗ ਕੀਤੀ ਹੈ ਕਿ 97 ਸਾਲ ਤੋਂ ਲੰਬਿਤ ਮੁਆਵਜ਼ਾ 12 ਫੀਸਦੀ ਵਿਆਜ ਦਰ ਨਾਲ ਜਾਰੀ ਕੀਤਾ ਜਾਵੇ। ਦਾਇਰ ਕੇਸ ਵਿਚ ਕੇਂਦਰ ਸਰਕਾਰ, ਪੰਜਾਬ ਸਰਕਾਰ ਦੇ ਫ੍ਰੀਡਮ ਫਾਈਟਰ ਡਿਪਾਰਟਮੈਂਟ ਦੇ ਸੈਕਟਰੀ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪਾਰਟੀ ਬਣਾਇਆ ਗਿਆ ਹੈ।  ਕਿਹਾ ਗਿਆ ਹੈ ਕਿ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪਟੀਸ਼ਨ ਪ੍ਰਸ਼ਾਸਨਿਕ ਪੱਧਰ 'ਤੇ ਵੀ ਆਲ੍ਹਾ ਅਧਿਕਾਰੀਆਂ ਨੂੰ ਮਿਲੇ, ਪਰ ਉਸ ਦੀ ਸੁਣਵਾਈ ਨਹੀਂ ਹੋਈ, ਜਿਸ ਕਾਰਨ ਇਹ ਪਟੀਸ਼ਨ ਦਾਇਰ ਕੀਤੀ ਗਈ। ਕੇਸ ਦੀ ਅਗਲੀ ਸੁਣਵਾਈ ਜੁਲਾਈ ਵਿਚ ਹੋਵੇਗੀ। ਪਟੀਸ਼ਨ ਵਿਚ ਕਿਹਾ ਗਿਆ ਕਿ ਜਿਵੇਂ ਹੋਰ ਲੋਕ ਵੀ ਬਣਦਾ ਮੁਆਵਜ਼ਾ ਤੇ ਲਾਭ ਨਾ ਮਿਲਣ ਤੋਂ ਕਸ਼ਟ ਵਿਚ ਹਨ। ਪਟੀਸ਼ਨਰ ਮੁਤਾਬਿਕ ਉਹ ਕਾਫ਼ੀ ਜ਼ਿਆਦਾ ਉਮਰ ਦੇ ਹੋ ਗਏ ਹਨ ਤੇ ਬੈੱਡਰਿਡਨ ਹਨ। 
ਏਜੰਸੀਆਂ ਦੇ ਰਵੱਈਏ ਦਾ ਹੋਏ ਸ਼ਿਕਾਰ 
ਪਟੀਸ਼ਨਰ ਮੁਤਾਬਿਕ ਉਸ ਦੇ ਦਾਦਾ ਈਸ਼ਰ ਸਿੰਘ ਤੇ ਪਿੰਡ ਦੇ 15-16 ਲੋਕ ਜਲ੍ਹਿਆਂਵਾਲਾ ਬਾਗ ਵਿਚ ਹੋਈ ਸਭਾ ਵਿਚ ਭਾਗ ਲੈਣ ਗਏ ਸਨ। ਇਸ ਦੌਰਾਨ ਪ੍ਰਮੁੱਖ ਵਿਅਕਤੀਆਂ ਦੇ ਭਾਸ਼ਣ ਮਗਰੋਂ ਹੋਏ ਗੋਲੀਕਾਂਡ ਦਾ ਉਹ ਸ਼ਿਕਾਰ ਬਣੇ ਸਨ। ਕਿਹਾ ਗਿਆ ਕਿ ਜਲ੍ਹਿਆਂਵਾਲਾ ਬਾਗ ਵਿਚ ਹੋਏ ਗੋਲੀਕਾਂਡ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਲਈ ਸਰਕਾਰ ਵਲੋਂ ਮੁਆਵਜ਼ੇ ਦਾ ਫੈਸਲਾ ਲਿਆ ਗਿਆ ਸੀ। 
ਖੁਦ ਵੀ ਰਹਿ ਚੁੱਕੇ ਹਨ ਸੁਤੰਤਰਤਾ ਸੈਨਾਨੀ
ਪਟੀਸ਼ਨ ਵਿਚ ਕਿਹਾ ਗਿਆ ਕਿ ਉਹ ਖੁਦ ਸੁਤੰਤਰਤਾ ਸੈਨਾਨੀ ਤੇ ਪੀੜਤ ਰਹਿ ਚੁੱਕੇ ਹਨ। ਪਟੀਸ਼ਨਰ ਮੁਤਾਬਿਕ ਉਹ ਭਾਰਤ ਛੱਡੋ ਅੰਦੋਲਨ ਦੌਰਾਨ 20 ਅਕਤੂਬਰ, 1942 ਤੋਂ 14 ਜੁਲਾਈ, 1943 ਤੱਕ ਲਾਹੌਰ ਜੇਲ ਵਿਚ ਰਹਿ ਚੁੱਕੇ ਹਨ। ਮਈ, 2016 ਵਿਚ ਪਟੀਸ਼ਨਰ  ਨੂੰ ਸੁਤੰਤਰਤਾ ਸੈਨਾਨੀ ਪਛਾਣ ਪੱਤਰ ਵੀ ਜਾਰੀ ਹੋਇਆ ਸੀ। ਉਨ੍ਹਾਂ ਨੂੰ ਸੁਤੰਤਰਤਾ ਸੈਨਿਕ ਸਨਮਾਨ ਪੈਨਸ਼ਨ ਸਕੀਮ ਦੇ ਤਹਿਤ ਪੈਨਸ਼ਨ ਮਿਲ ਰਹੀ ਸੀ, ਹਾਲਾਂਕਿ ਇਹ ਸਤੰਬਰ, 2007 ਵਿਚ ਵਾਪਸ ਲੈ ਲਈ ਗਈ। ਜਿਸ ਦੇ ਪਿਛੇ ਕਾਰਨ ਦੱਸਿਆ ਗਿਆ ਕਿ ਪਟੀਸ਼ਨਰ ਲਾਹੌਰ ਜੇਲ ਵਿਚ ਰਹਿਣ ਦੇ ਤੱਥ ਨੂੰ ਸਾਬਿਤ ਨਹੀਂ ਕਰ ਸਕੇ।


Related News