ਹੁਣ ਪਿੰਡਾਂ ''ਚ ਰਹੇਗੀ ਪੁਲਸ ਦੀ ਤਿੱਖੀ ਨਜ਼ਰ, ਅਪਰਾਧਿਕ ਲੋਕਾਂ ਖਿਲਾਫ ਨਵੀਂ ਰਣਨੀਤੀ ਤਿਆਰ

03/16/2020 10:23:10 AM

ਜਲੰਧਰ (ਸ਼ੋਰੀ)— ਦਿਹਾਤੀ ਇਲਾਕੇ 'ਚ ਆਉਣ ਵਾਲੇ ਕਰੀਬ 877 ਪਿੰਡਾਂ ਦੀ ਜਿੱਥੇ ਦਿਹਾਤ ਪੁਲਸ ਜਾਨ-ਮਾਲ ਦੀ ਸੁਰੱਖਿਆ ਪ੍ਰਤੀ ਗੰਭੀਰ ਹੈ, ਉਥੇ ਹੀ ਦੂਜੇ ਪਾਸੇ ਹੁਣ ਹਰ ਪਿੰਡ 'ਚ ਪੁਲਸ ਦੀ ਤਿੱਖੀ ਨਜ਼ਰ ਹੋਵੇਗੀ। ਇਸ ਦੇ ਨਾਲ ਹੀ ਪਿੰਡਾਂ 'ਚ ਅਪਰਾਧਿਕ ਪ੍ਰਵਿਰਤੀ ਵਾਲੇ ਲੋਕਾਂ ਖਿਲਾਫ ਪੁਲਸ ਨੇ ਨਵੀਂ ਰਣਨੀਤੀ ਤਿਆਰ ਕਰ ਲਈ ਹੈ। ਐੱਸ. ਐੱਸ. ਪੀ. ਦਿਹਾਤੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਉਨ੍ਹਾਂ ਦੇ ਨੋਟਿਸ 'ਚ ਕਈ ਵਾਰ ਅਜਿਹਾ ਆਇਆ ਹੈ ਕਿ ਕੁਝ ਪਿੰਡਾਂ 'ਚ ਨਸ਼ਾ ਸਮੱਗਲਿੰਗ ਦਾ ਕੰਮ ਜ਼ੋਰਾਂ ਨਾਲ ਹੋ ਰਿਹਾ ਹੈ।

ਉਂਝ ਤਾਂ ਉਨ੍ਹਾਂ ਨੇ ਸਬੰਧਤ ਥਾਣਾ ਪੱਧਰ ਦੇ ਐੱਸ. ਐੱਚ. ਓਜ਼ ਨੂੰ ਪਹਿਲਾਂ ਤੋਂ ਹੀ ਨਸ਼ਾ ਰੋਕਣ ਸਬੰਧੀ ਸਖਤ ਨਿਰਦੇਸ਼ ਿਦੱਤੇ ਹੋਏ ਹਨ, ਫਿਰ ਵੀ ਪੁਲਸ ਨੇ ਸੀਨੀਅਰ ਉੱਚ ਅਧਿਕਾਰੀਆਂ ਦੇ ਹੁਕਮਾਂ ਕਾਰਨ ਨਵੀਂ ਯੋਜਨਾ ਬਣਾਈ ਹੈ, ਜਿਸ ਤਹਿਤ ਇਲਾਕੇ 'ਚ ਪੈਂਦੇ 877 ਪਿੰਡਾਂ 'ਚ ਇਕ ਵਿਲੇਜ ਪੁਲਸ ਅਫਸਰ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਕਿ ਪਿੰਡਾਂ 'ਚ ਜਾ ਕੇ ਆਪਣੀ ਖੁਫੀਆ ਸੂਚਨਾ ਪੁਸਤਕ 'ਤੇ ਪਿੰਡ 'ਚ ਕ੍ਰਾਈਮ ਕਰਨ ਵਾਲੇ ਜਿਵੇਂ ਕਿ ਨਸ਼ਾ ਸਮੱਗਲਿੰਗ, ਗੁੰਡਾਗਰਦੀ ਕਰਨ ਵਾਲੇ, ਲੁੱਟਖੋਹ, ਚੋਰੀ ਆਦਿ ਦੀਆਂ ਵਾਰਦਾਤਾਂ ਕਰਨ ਵਾਲਿਆਂ ਦੇ ਨਾਂ ਉਕਤ ਵਿਲੇਜ ਅਫਸਰ ਨੋਟ ਕਰਨਗੇ, ਇਸ ਦੇ ਨਾਲ ਹੀ ਉਹ ਪਿੰਡ 'ਚ ਚੰਗੇ ਕੰਮ ਕਰਨ ਵਾਲਿਆਂ ਦੀ ਲਿਸਟ ਵੀ ਤਿਆਰ ਕਰਨਗੇ।

PunjabKesari

ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਜਾਣਕਾਰੀ ਲਿਕੁਲ ਗੁਪਤ ਹੋਵੇਗੀ ਅਤੇ ਇਸ ਜਾਣਕਾਰੀ ਨੂੰ ਪੁਲਸ ਅਧਿਕਾਰੀਆਂ ਨਾਲ ਸਾਂਝਾ ਕੀਤਾ ਜਾਵੇਗਾ ਤਾਂ ਜੋ ਕ੍ਰਾਈਮ ਕਰਨ ਵਾਲਿਆਂ ਖਿਲਾਫ ਐਕਸ਼ਨ ਹੋ ਸਕੇ। ਹਾਲਾਂਕਿ ਇਸ ਗੱਲ ਨੂੰ ਬਿਲਕੁਲ ਸਖਤੀ ਨਾਲ ਲਾਗੂ ਕੀਤਾ ਗਿਆ ਹੈ ਕਿ ਸੂਚਨਾ ਦੇਣ ਵਾਲੇ ਦਾ ਨਾਂ ਕਿਸੇ ਵੀ ਕੀਮਤ 'ਤੇ ਲੀਕ ਨਾ ਹੋਵੇ। ਪਿੰਡਾਂ 'ਚੋਂ ਜਾਣਕਾਰੀ ਹਾਸਲ ਕਰਨ ਵਾਲੇ ਪੁਲਸ ਜਵਾਨਾਂ ਨੂੰ ਥਾਣੇ, ਸਾਂਝ ਕੇਂਦਰਾਂ ਅਤੇ ਐੱਸ. ਐੱਸ. ਪੀ. ਦਫਤਰਾਂ ਤੋਂ ਹਟਾ ਕੇ ਲਾਇਆ ਗਿਆ ਹੈ। ਐੱਸ. ਐੱਸ. ਪੀ. ਮਾਹਲ ਨੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਹੀ ਪੁਲਸ ਕ੍ਰਾਈਮ ਕਰਨ ਵਾਲਿਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਪਹੁੰਚਾ ਸਕਦੀ ਹੈ। ਲੋਕਾਂ ਦੀ ਮਦਦ ਦੇ ਬਿਨਾਂ ਪੁਲਸ ਅਧੂਰੀ ਹੈ।

ਐੱਸ. ਐੱਸ. ਪੀ. ਮਾਹਲ ਅਤੇ ਐੱਸ. ਪੀ. ਸੰਧੂ ਦੀ ਜੋੜੀ ਹੋ ਗਈ ਹਿੱਟ
ਦੇਖਿਆ ਜਾਵੇ ਤਾਂ ਆਪਣੇ ਸਖਤ ਸੁਭਾਅ ਲਈ ਜਾਣੇ ਜਾਂਦੇ ਐੱਸ. ਪੀ. ਹੈੱਡ ਕੁਆਰਟਰ ਰਵਿੰਦਰਪਾਲ ਸਿੰਘ ਸੰਧੂ ਨੂੰ ਦਿਹਾਤੀ ਇਲਾਕੇ ਅਤੇ ਮਹਾਨਗਰ 'ਚ ਸ਼ਾਇਦ ਹੀ ਕੋਈ ਅਜਿਹਾ ਹੋਵੇ ਜੋ ਨਾ ਜਾਣਦਾ ਹੋਵੇ। ਜਲੰਧਰ ਪੁਲਸ ਕਮਿਸ਼ਨਰੇਟ 'ਚ ਬਤੌਰ ਏ. ਸੀ. ਪੀ. ਅਤੇ ਏ. ਡੀ. ਸੀ. ਪੀ. ਰੈਂਕ 'ਚ ਰਹਿ ਕੇ ਰਵਿੰਦਰਪਾਲ ਸੰਧੂ ਨੇ ਵਿਸ਼ੇਸ਼ ਤੌਰ 'ਤੇ ਵੈਸਟ ਹਲਕੇ 'ਚ ਗਲਤ ਕੰਮ ਕਰਨ ਵਾਲੇ ਕਈ ਲੋਕਾਂ ਨੂੰ ਜੇਲ ਯਾਤਰਾ ਤੱਕ ਕਰਵਾ ਦਿੱਤੀ ਸੀ। ਇਸ ਦੇ ਨਾਲ ਹੀ ਸੰਧੂ ਨਾਈਟ ਚੈਕਿੰਗ ਦੌਰਾਨ ਕਈ ਲਾਪ੍ਰਵਾਹ ਪੁਲਸ ਜਵਾਨਾਂ ਨੂੰ ਵੀ ਰੰਗੇ ਹੱਥੀਂ ਸੁੱਤੇ ਹੋਏ ਫੜ ਕੇ ਉਨ੍ਹਾਂ ਨੂੰ ਸਸਪੈਂਡ ਕਰਵਾ ਚੁੱਕੇ ਹਨ।

PunjabKesari

ਦਿਹਾਤ 'ਚ ਚੱਲੀ ਇਸ ਨਵੀਂ ਮੁਹਿੰਮ ਤਹਿਤ ਵਿਲੇਜ ਪੁਲਸ ਅਫਸਰ ਦੇ ਨੋਡਲ ਅਫਸਰ ਦੇ ਤੌਰ 'ਤੇ ਐੱਸ. ਐੱਸ. ਪੀ. ਮਾਹਲ ਨੇ ਐੱਸ. ਪੀ. ਰਵਿੰਦਰ ਸੰਧੂ ਨੂੰ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਐੱਸ. ਐੱਸ. ਪੀ. ਮਾਹਲ ਦੇ ਨਾਲ ਐੱਸ. ਪੀ. ਸੰਧੂ ਮਿਲ ਕੇ ਕਾਫੀ ਨਸ਼ਾ ਸਮੱਗਲਰਾਂ ਅਤੇ ਗੈਂਗਸਟਰਾਂ ਨੂੰ ਕਾਬੂ ਕਰਨ 'ਚ ਮੋਹਰੀ ਰਹੇ ਹਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਰਵਿੰਦਰ ਸੰਧੂ ਥਾਣਾ ਪੱਧਰ ਤੋਂ ਲੈ ਕੇ ਜਨਤਾ ਨਾਲ ਬਿਨਾਂ ਝਿਜਕ ਮਿਲਦੇ ਹਨ ਅਤੇ ਉਨ੍ਹਾਂ ਦਾ ਨੈੱਟਵਰਕ ਜਿੰਨਾ ਸਟਰੌਂਗ ਹੈ ਕਿ ਗਲਤ ਕੰਮ ਕਰਨ ਵਾਲਿਆਂ ਦੀ ਇਤਲਾਹ ਮਿਲਦੇ ਹੀ ਤੁਰੰਤ ਐਕਸ਼ਨ ਕਰਵਾਉਂਦੇ ਹਨ। ਦਿਹਾਤੀ ਪੁਲਸ 'ਚ ਵੀ ਇਸ ਗੱਲ ਦੀ ਚਰਚਾ ਹੈ ਕਿ ਐੱਸ. ਐੱਸ. ਪੀ. ਮਾਹਲ ਅਤੇ ਐੱਸ. ਪੀ. ਸੰਧੂ ਦੀ ਜੋੜੀ ਹਿੱਟ ਹੈ।

ਇਹ ਵੀ ਪੜ੍ਹੋ; ਮਾਈਨਿੰਗ ਮਾਫੀਆ ਖਿਲਾਫ਼ 6 ਜ਼ਿਲਿਆਂ ’ਚ ਪੁਲਸ ਆਪ੍ਰੇਸ਼ਨ, 9 ਗ੍ਰਿਫਤਾਰ, 18 ਮਸ਼ੀਨਾਂ ਜ਼ਬਤ


shivani attri

Content Editor

Related News