ਕੁੱਤਿਆਂ ਦੀ ਦਹਿਸ਼ਤ : ਹੁਣ ਪਿੰਡ ਕੰਗਣੀਵਾਲ ’ਚ ਔਰਤ ਤੇ ਬੱਚੀ ਨੂੰ ਨੋਚਿਆ

02/12/2020 11:19:10 AM

ਜਲੰਧਰ (ਸੋਨੂੰ, ਸ਼ੋਰੀ) - ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਦੇ ਕਾਰਣ ਪਿੰਡ ਹੋਣ ਜਾਂ ਸ਼ਹਿਰ ਹਰ ਪਾਸੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਬਰਕਰਾਰ ਹੈ। ਕੁੱਤੇ ਆਪਣੀ ਦਹਿਸ਼ਤ ਦੇ ਸਦਕਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲਹੂ-ਲੁਹਾਣ ਕਰ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਜੰਡੂਸਿੰਘਾ ਰੋਡ ’ਤੇ ਪੈਂਦੇ ਪਿੰਡ ਕੰਗਣੀਵਾਲ ਵਾਲਾ ਦਾ ਸਾਹਮਣੇ ਆਇਆ ਹੈ, ਜਿਥੇ ਆਵਾਰਾ ਕੁੱਤਿਆਂ ਦੀ ਟੋਲੀ ਨੇ ਦੁੱਧ ਲੈਣ ਜਾ ਰਹੀ ਇਕ ਔਰਤ ਅਤੇ ਉਸ ਦੀ ਮਾਸੂਮ ਬੱਚੀ ਨੂੰ ਆਪਣਾ ਸ਼ਿਕਾਰ ਬਣਾ ਲਿਆ। ਕੁੱਤੇ ਬੱਚੀ ਨੂੰ ਘਸੀਟ ਕੇ ਖੇਤਾਂ ’ਚ ਲੈ ਕੇ ਜਾ ਰਹੇ ਸਨ, ਮਾਂ ਬੱਚੀ ਨੂੰ ਬਚਾਉਣ ਲਈ ਆਈ ਤਾਂ ਕੁੱਤਿਆਂ ਨੇ ਉਸ ਦੇ ਚਿਹਰੇ, ਬਾਹਾਂ ਅਤੇ ਸਰੀਰ ਦੇ ਕਈ ਹਿੱਸਿਆਂ ਦਾ ਮਾਸ ਬੁਰੀ ਤਰ੍ਹਾਂ ਨੋਚ ਲਿਆ।

ਪਿੰਡ ਦੇ ਲੋਕਾਂ ਨੇ ਇੱਟਾਂ ਮਾਰ ਕੇ ਕੁੱਤਿਆਂ ਨੂੰ ਭਜਾਇਆ ਅਤੇ ਜ਼ਖਮੀ ਮਾਂ-ਬੇਟੀ ਨੂੰ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ। ਜ਼ਖਮੀ ਔਰਤ ਕਮਲੇਸ਼ (36) ਪਤਨੀ ਮਦਨ ਲਾਲ ਵਾਸੀ ਪਿੰਡ ਕੰਗਣੀਵਾਲ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਖੇਤਾਂ ਦੇ ਰਸਤੇ ਦੁੱਧ ਲੈਣ ਜਾ ਰਹੀ ਸੀ। ਇਸ ਦੌਰਾਨ 5-6 ਆਵਾਰਾ ਕੁੱਤਿਆਂ ਦੀ ਟੋਲੀ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਥੇ ਡਾਕਟਰਾਂ ਦਾ ਕਹਿਣਾ ਹੈ ਕਿ ਔਰਤ ਦੇ ਜ਼ਖਮ ਡੂੰਘੇ ਹਨ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਵਧ ਰਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਕੌਣ?
ਉਥੇ ਆਵਾਰਾ ਕੁੱਤਿਆਂ ਦੇ ਵੱਢਣ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ, ਇਸ ਲਈ ਕੌਣ ਜ਼ਿੰਮੇਵਾਰ ਹੈ। ਸਰਕਾਰ ਵਲੋਂ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਣ ਲੋਕਾਂ ਦਾ ਹਾਲ ਬੇਹਾਲ ਹੈ। ਜ਼ਿਕਰਯੋਗ ਹੈ ਕਿ ਪਿਟਬੁੱਲ ਕੁੱਤੇ ਨੇ ਕਿਲੇ ਮੁਹੱਲੇ ਵਿਚ ਬੱਚੇ ਨੂੰ ਬੁਰੀ ਤਰ੍ਹਾਂ ਵੱਢ ਖਾਧਾ ਸੀ। ਇਸ ਤੋਂ ਇਲਾਵਾ 30 ਤਰੀਕ ਨੂੰ ਏ. ਐੱਸ. ਆਈ. ਰਾਜਿੰਦਰ ਕੋਹਲੀ ਜੋ ਕਿ ਥਾਣਾ ਨੰਬਰ 4 ਵਿਚ ਤਾਇਨਾਤ ਹੈ, ਉਸ ਦੀ ਪਤਨੀ ਰਮਾ ਨੂੰ ਨਿਊ ਬਾਰਾਂਦਰੀ ਵਿਚ ਆਵਾਰਾ ਕੁੱਤਾ ਜੋ ਪਾਗਲ ਹੋ ਗਿਆ ਸੀ, ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਬੁਰੀ ਤਰ੍ਹਾਂ ਵੱਢ ਖਾਧਾ। ਭਾਵੇਂ ਲੋਕਾਂ ਨੇ ਕੁੱਤੇ ਨੂੰ ਮਾਰ ਦਿੱਤਾ ਨਹੀਂ ਤਾਂ ਉਹ ਪਤਾ ਨਹੀਂ ਹੋਰ ਕਿੰਨੇ ਲੋਕਾਂ ਨੂੰ ਵੱਢ ਖਾਂਦਾ।


rajwinder kaur

Content Editor

Related News