ਜਲੰਧਰ 'ਚ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ ਹੋਇਆ ਕੋਰੋਨਾ, ਪਾਜ਼ੇਟਿਵ ਆਈ ਰਿਪੋਰਟ

04/11/2020 8:27:39 PM

ਜਲੰਧਰ,(ਵਿਕਰਮ): ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਕਾਰਨ ਦੇਸ਼ ਭਰ 'ਚ ਦਹਿਸ਼ਤ ਦਾ ਮਾਹੌਲ ਹੈ। ਉਥੇ ਹੀ ਪੰਜਾਬ 'ਚ ਵੀ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਲੰਧਰ 'ਚ ਕੋਰੋਨਾ ਪਾਜ਼ੇਟਿਵ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ 'ਚ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਜਿਸ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ ਸਨ, ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। 

ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਉਕਤ ਲੜਕੀ ਮਹਾਰਾਸ਼ਟਰ ਮੁੰਬਈ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਕਿ ਜਲੰਧਰ 'ਚ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਹੈ। ਉਨ੍ਹਾਂ ਦੱਸਿਆ ਕਿ ਉਕਤ ਲੜਕੀ ਯੂਨੀਵਰਸਿਟੀ ਵਿੱਖੇ ਹੀ ਰਹਿ ਰਹੀ ਸੀ ਤੇ ਸਿਹਤ ਵਿਭਾਗ ਵੱਲੋਂ ਇਸ ਦੀ ਰੁਟੀਨ ਚੈਕਿੰਗ ਸ਼ੁਰੂ ਕੀਤੀ ਗਈ ਸੀ ਕਿ ਜਿਹੜੇ ਬੱਚੇ ਘਰਾਂ ਨੂੰ ਨਹੀਂ ਗਏ ਉਨ੍ਹਾਂ ਦਾ ਮੁਆਇਨਾ ਕੀਤਾ ਜਾਵੇ। 
ਉਨ੍ਹਾਂ ਦੱਸਿਆ ਕਿ ਇਸ ਦਾ ਬਹੁਤਾ ਸਬੰਧ ਕਿਸੇ ਨਾਲ ਨਹੀਂ ਜਾਪ ਰਿਹਾ ਸਿਰਫ਼ ਖਾਂਸੀ, ਬੁਖ਼ਾਰ ਤੇ ਹੋਰ ਲੱਛਣਾਂ ਦੇ ਆਧਾਰ 'ਤੇ ਹੀ ਇਸ ਦਾ ਟੈਸਟ ਪਾਜ਼ੇਟਿਵ ਆਇਆ ਹੈ। ਹੁਣ ਇਸ ਨੂੰ ਆਈਸੋਲੇਸ਼ਨ ਸੈਂਟਰ ਕਪੂਰਥਲਾ ਵਿੱਖੇ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਖਾਂਸੀ, ਬੁਖ਼ਾਰ ਜਾਪਦਾ ਹੈ ਤਾਂ ਉਹ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰਕੇ ਆਪਣੇ ਐਕਸ-ਰੇ ਤੇ ਖੂਨ ਦਾ ਟੈਸਟ ਕਰਵਾਉਣ। ਇਸੇ ਦੌਰਾਨ ਸਿਹਤ ਵਿਭਾਗ ਨੇ ਅੱਜ ਪੰਜਾਬ ਪੁਲਸ ਤੇ ਐਸ.ਡੀ.ਐਮ ਦਫ਼ਤਰ ਦੇ ਕਰਮਚਾਰੀਆਂ ਦੀ ਸਿਹਤ ਦਾ ਮੁਆਇਨਾ ਕੀਤਾ। ਸਿਹਤ ਵਿਭਾਗ ਵੱਲੋਂ ਸੂਚਨਾ ਮੁਤਾਬਕ 22 ਪੁਲਸ ਕਰਮਚਾਰੀ ਤੇ 25 ਪ੍ਰਸਾਸ਼ਨਿਕ ਵਿਭਾਗ 'ਚ ਕੰਮ ਕਰਦੇ ਕਰਮਚਾਰੀਆਂ ਦੇ ਮੁਆਇਨੇ ਕੀਤੇ ਗਏ ਹਨ।


Deepak Kumar

Content Editor

Related News