ਜਲੰਧਰ: ਕੰਪਨੀ ਬਾਗ ਚੌਂਕ ਨੇੜੇ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ GST ਦੇ ਮੋਬਾਇਲ ਵਿੰਗ ਵੱਲੋਂ ਛਾਪੇਮਾਰੀ

Saturday, Jun 18, 2022 - 12:38 PM (IST)

ਜਲੰਧਰ: ਕੰਪਨੀ ਬਾਗ ਚੌਂਕ ਨੇੜੇ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ GST ਦੇ ਮੋਬਾਇਲ ਵਿੰਗ ਵੱਲੋਂ ਛਾਪੇਮਾਰੀ

ਜਲੰਧਰ (ਪੁਨੀਤ)– ਸਟੇਟ ਜੀ. ਐੱਸ. ਟੀ. ਵਿਭਾਗ ਦੇ ਮੋਬਾਇਲ ਵਿੰਗ ਦੀ ਟੀਮ ਨੇ ਰਾਤੀਂ 9 ਵਜੇ ਤੋਂ ਬਾਅਦ ਕੰਪਨੀ ਬਾਗ ਚੌਂਕ ਨੇੜੇ ਸਥਿਤ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ ਛਾਪੇਮਾਰੀ ਕਰਕੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਅਤੇ ਅਹਿਮ ਜਾਣਕਾਰੀ ਜੁਟਾਈ। ਦੇਰ ਰਾਤ ਤੱਕ ਕਈ ਘੰਟੇ ਚੱਲੀ ਇਸ ਕਾਰਵਾਈ ਦੌਰਾਨ ਵਿਭਾਗ ਨੇ ਕਈ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲਏ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਹੋਣੀ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਮਹਿਕਮੇ ਨੇ ਕਈ ਸਬੂਤ ਪਹਿਲਾਂ ਤੋਂ ਹੀ ਜੁਟਾ ਲਏ ਹਨ, ਜਿਸ ਦੇ ਆਧਾਰ ’ਤੇ ਛਾਪੇਮਾਰੀ ਕੀਤੀ ਗਈ।

ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ (ਮੋਬਾਇਲ ਵਿੰਗ) ਦਪਿੰਦਰ ਸਿੰਘ ਗਰਚਾ ਦੀ ਅਗਵਾਈ ਵਿਚ ਪਹੁੰਚੀ ਟੀਮ ਨੇ ਕੁਝ ਦਿਨਾਂ ਤੱਕ ਕੀਤੀ ਜਾਂਚ-ਪੜਤਾਲ ਤੋਂ ਬਾਅਦ ਸ਼ੁੱਕਰਵਾਰ ਛਾਪਾ ਮਾਰਿਆ। ਮਹਿਕਮੇ ਦੀਆਂ ਟੀਮਾਂ ਕਈ ਮਹੀਨਿਆਂ ਤੋਂ ਰੇਕੀ ਕਰ ਰਹੀਆਂ ਸਨ ਅਤੇ ਇਥੋਂ ਸਾਮਾਨ ਖ਼ਰੀਦ ਰਹੀਆਂ ਸਨ। ਮਹਿਕਮੇ ਵੱਲੋਂ ਸਬੂਤ ਦੇ ਤੌਰ ’ਤੇ ਬਿੱਲ ਇਕੱਠੇ ਕੀਤੇ ਜਾ ਰਹੇ ਸਨ। ਦੋਸ਼ ਹੈ ਕਿ ਬਿੱਲ ਬਣਾਉਣ ਸਮੇਂ ਨਿਯਮ ਦੇ ਅਨੁਸਾਰ ਜੀ. ਐੱਸ. ਟੀ. ਦੀ ਸਲੈਬ ਨਹੀਂ ਲਾਈ ਜਾ ਰਹੀ ਸੀ। ਮਹਿਕਮੇ ਵੱਲੋਂ ਡਰਾਈ ਫਰੂਟ ਦੀ ਖ਼ਰੀਦਦਾਰੀ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਬੂਤ ਮਿਲਣ ਬਾਰੇ ਦੱਸਿਆ ਜਾ ਰਿਹਾ ਹੈ। ਇਸ ਵਿਚ ਡਰਾਈ ਫਰੂਟ ਦੀ ਬਣਦੀ ਪ੍ਰਚੇਜ਼ ਅਤੇ ਉਸ ਦੀ ਸੇਲ ਨਹੀਂ ਪਾਈ ਜਾ ਰਹੀ ਸੀ ਅਤੇ ਬਹੁਤ ਸਾਰੀ ਖਰੀਦ ਦੇ ਬਿੱਲ ਕਿਤਾਬਾਂ ਵਿਚ ਨਹੀਂ ਪਾਏ ਗਏ।

ਇਹ ਵੀ ਪੜ੍ਹੋ:  ਗੈਂਗਸਟਰ ਕਲਚਰ ਪੁਰਾਣੀਆਂ ਸਰਕਾਰਾਂ ਦੀ ਦੇਣ, ਖ਼ਤਮ ਅਸੀਂ ਕਰਾਂਗੇ: ਭਗਵੰਤ ਮਾਨ

ਜਾਂਚ ਟੀਮ ਪੁਲਸ ਫੋਰਸ ਨਾਲ ਛਾਪੇਮਾਰੀ ਕਰਨ ਲਈ ਪਹੁੰਚੀ ਪਰ ਗਾਹਕਾਂ ਨੂੰ ਅੰਦਰ ਆਉਣ ਤੋਂ ਨਹੀਂ ਰੋਕਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਵੀਟ ਸ਼ਾਪ ਦੇ ਮਾਲਕਾਂ ਵੱਲੋਂ ਗਾਹਕਾਂ ਨੂੰ ਖ਼ੁਦ ਹੀ ਸਾਮਾਨ ਦੇਣ ਤੋਂ ਰੋਕ ਦਿੱਤਾ ਗਿਆ ਸੀ। ਇਸ ਦੌਰਾਨ ਦੁਕਾਨ ਦੇ ਮਾਲਕ ਅਤੇ ਹੋਰ ਲੋਕ ਵੀ ਮੌਜੂਦ ਸਨ ਪਰ ਟੀਮਾਂ ਦਸਤਾਵੇਜ਼ਾਂ ’ਤੇ ਹੀ ਕੰਮ ਕਰਦੀਆਂ ਰਹੀਆਂ। ਇਸ ਜਾਂਚ ਟੀਮ ਵਿਚ ਮਹਿਲਾ ਅਧਿਕਾਰੀ ਵੀ ਮੌਜੂਦ ਰਹੀ। ਇਸ ਦੌਰਾਨ ਬਿਲਿੰਗ ਕਾਊਂਟਰ ਤੋਂ ਕਈ ਬਿੱਲ ਵੀ ਕੱਟੇ ਗਏ, ਜਿਨ੍ਹਾਂ ਨੂੰ ਟੀਮ ਨਾਲ ਲੈ ਗਈ। ਉਕਤ ਬਿੱਲਾਂ ਨੂੰ ਵਿਭਾਗ ਦੀਆਂ ਟੀਮਾਂ ਵੱਲੋਂ ਪਿਛਲੇ ਬਿੱਲਾਂ ਅਤੇ ਜੀ. ਐੱਸ. ਟੀ. ਰਿਟਰਨ ਦੇ ਨਾਲ ਕਰਾਸ ਚੈੱਕ ਕੀਤਾ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਮਹਿਕਮੇ ਨੂੰ ਇਸ ਸਬੰਧ ਵਿਚ ਪਿਛਲੇ ਸਮੇਂ ਦੌਰਾਨ ਕਈ ਸ਼ਿਕਾਇਤਾਂ ਮਿਲੀਆਂ ਸਨ, ਜਿਸ ’ਤੇ ਮੋਬਾਇਲ ਵਿੰਗ ਦੀ ਡਿਊਟੀ ਲਾਈ ਗਈ ਸੀ।

ਸੇਲ ਤੋਂ ਕਈ ਗੁਣਾ ਘੱਟ ਬਿਲਿੰਗ ਹੋਣ ਦਾ ਖਦਸ਼ਾ : ਡਿਪਟੀ ਕਮਿਸ਼ਨਰ ਪਰਮਜੀਤ ਸਿੰਘ
ਜੀ. ਐੱਸ. ਟੀ. ਵਿਭਾਗ ਦੇ ਡਿਪਟੀ ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਮੋਬਾਇਲ ਵਿੰਗ ਨੇ ਕਈ ਜਾਣਕਾਰੀਆਂ ਇਕੱਠੀਆਂ ਕਰਨ ਤੋਂ ਬਾਅਦ ਛਾਪਾ ਮਾਰਿਆ ਹੈ। ਰੇਕੀ ਦੌਰਾਨ ਪਤਾ ਲੱਗਾ ਸੀ ਕਿ ਸ਼ਾਮ ਤੋਂ ਰਾਤ ਸਮੇਂ ਸੇਲ ਜ਼ਿਆਦਾ ਹੁੰਦੀ ਹੈ, ਜਿਸ ਕਰ ਕੇ ਟੀਮਾਂ ਨੇ ਰਾਤ ਨੂੰ ਕਾਰਵਾਈ ਨੂੰ ਅੰਜਾਮ ਦਿੱਤਾ। ਕਈ ਦਸਤਾਵੇਜ਼ਾਂ ਨੂੰ ਜਾਂਚ ਦਾ ਆਧਾਰ ਬਣਾਇਆ ਜਾਵੇਗਾ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਸਵੀਟ ਸ਼ਾਪ ਦੇ ਮਾਲਕਾਂ ਕੋਲੋਂ ਪੁੱਛਗਿੱਛ ਹੋਵੇਗੀ। ਵਿਭਾਗ ਨੂੰ ਖ਼ਦਸ਼ਾ ਹੈ ਕਿ ਸਵੀਟ ਸ਼ਾਪ ’ਤੇ ਰੋਜ਼ਾਨਾ ਲੱਖਾਂ ਰੁਪਏ ਦੀ ਸੇਲ ਹੁੰਦੀ ਹੈ, ਜਦਕਿ ਕਿਤਾਬਾਂ ਵਿਚ ਬਿਲਿੰਗ ਬਹੁਤ ਘੱਟ ਪਾਈ ਜਾ ਰਹੀ ਹੈ। ਇਸ ਨਾਲ ਜੀ. ਐੱਸ. ਟੀ. ਦੇ ਰੂਪ ਵਿਚ ਮਹਿਕਮੇ ਨੂੰ ਚੂਨਾ ਲਾਇਆ ਜਾ ਰਿਹਾ ਸੀ। ਮਹਿਕਮੇ ਵੱਲੋਂ ਜਾਂਚ ਕੀਤੀ ਜਾਵੇਗੀ। ਪ੍ਰਚੇਜ਼ ਅਤੇ ਸੇਲ ਸਮੇਤ ਪੁਰਾਣੀ ਰਿਟਰਨ ਦਾ ਮਿਲਾਨ ਕੀਤਾ ਜਾਵੇਗਾ। ਆਉਣ ਵਾਲੇ ਦਿਨਾਂ ਵਿਚ ਪੂਰੇ ਘਟਨਾਕ੍ਰਮ ਤੋਂ ਪਰਦਾ ਹਟਾਇਆ ਜਾਵੇਗਾ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕਾਂਡ ’ਤੇ ਬੋਲੇ 'ਆਪ' ਉਮੀਦਵਾਰ ਗੁਰਮੇਲ ਸਿੰਘ, ਜਲਦ ਹੋਣਗੇ ਵੱਡੇ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News