ਜਲੰਧਰ ਜ਼ਿਮਨੀ ਚੋਣ: ਚੋਣ ਪ੍ਰਚਾਰ ਬੰਦ, ਹੁਣ ਵੋਟਰਾਂ ਦੀ ਵਾਰੀ; ਅਖ਼ੀਰਲੇ ਦਿਨ ਸਾਰੀਆਂ ਪਾਰਟੀਆਂ ਨੇ ਝੋਕੀ ਤਾਕਤ

Tuesday, May 09, 2023 - 04:46 AM (IST)

ਜਲੰਧਰ ਜ਼ਿਮਨੀ ਚੋਣ: ਚੋਣ ਪ੍ਰਚਾਰ ਬੰਦ, ਹੁਣ ਵੋਟਰਾਂ ਦੀ ਵਾਰੀ; ਅਖ਼ੀਰਲੇ ਦਿਨ ਸਾਰੀਆਂ ਪਾਰਟੀਆਂ ਨੇ ਝੋਕੀ ਤਾਕਤ

ਜਲੰਧਰ (ਚੋਪੜਾ)– ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਪਿਛਲੇ ਮਹੀਨਿਆਂ ਤੋਂ ਚੱਲ ਰਿਹਾ ਚੋਣ ਪ੍ਰਚਾਰ ਅੱਜ 6 ਵੱਜਦੇ ਹੀ ਰੁਕ ਗਿਆ ਹੈ। 10 ਮਈ ਨੂੰ ਵੋਟਿੰਗ ਲਈ ਇਕ ਦਿਨ ਬਾਕੀ ਬਚਿਆ ਹੈ। ਹੁਣ 10 ਮਈ ਨੂੰ ਜਲੰਧਰ ਲੋਕ ਸਭਾ ਹਲਕੇ ਅਧੀਨ 9 ਵਿਧਾਨ ਸਭਾ ਹਲਕਿਆਂ ਜਲੰਧਰ ਨਾਰਥ, ਵੈਸਟ, ਸੈਂਟਰਲ, ਕੈਂਟ, ਆਦਮਪੁਰ, ਕਰਤਾਰਪੁਰ, ਫਿਲੌਰ, ਨਕੋਦਰ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਨਾਲ ਸਬੰਧਤ 1621800 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰ ਕੇ ਚੋਣਾਂ ਲੜ ਰਹੇ ਸਾਰੇ 19 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। 13 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਨਤੀਜੇ ਸਾਹਮਣੇ ਆਉਣਗੇ। ਇਸ ਤੋਂ ਪਹਿਲਾਂ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ-ਬਸਪਾ ਗੱਠਜੋੜ ਸਮੇਤ ਹਰੇਕ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ - ਅਸੀਂ ਰਾਜਨੀਤੀ ਕਰਨ ਨਹੀਂ, ਸਿਸਟਮ ਬਦਲਣ ਆਏ ਹਾਂ : ਭਗਵੰਤ ਮਾਨ

ਚੋਣ ਕਮਿਸ਼ਨ ਦੇ ਨਿਰਦੇਸ਼ ਅਨੁਸਾਰ ਵੋਟਿੰਗ ਦੇ 48 ਘੰਟਿਆਂ ਅੰਦਰ ਕੋਈ ਵੀ ਉਮੀਦਵਾਰ ਕਿਸੇ ਥਾਂ ’ਤੇ ਮੀਟਿੰਗ ਕਰ ਕੇ ਲੋਕਾਂ ਕੋਲੋਂ ਵੋਟਾਂ ਨਹੀਂ ਮੰਗ ਸਕੇਗਾ। ਚੋਣ ਪ੍ਰਚਾਰ ਵਿਚ ਲੱਗੇ ਵੱਖ-ਵੱਖ ਉਮੀਦਵਾਰਾਂ ਦੇ ਵਾਹਨਾਂ ’ਤੇ ਲਾਊਡ ਸਪੀਕਰ ਵੀ ਬੰਦ ਹੋ ਗਏ ਹਨ। ਇਸ ਨੂੰ ਲੈ ਕੇ ਪ੍ਰਚਾਰ ਦੇ ਆਖਰੀ ਦਿਨ ਸੜਕਾਂ ’ਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਨੇ ਪ੍ਰਚਾਰ-ਪ੍ਰਸਾਰ ਵਿਚ ਪੂਰਾ ਜੋਸ਼ ਲਾ ਦਿੱਤਾ। ਜ਼ਿਲੇ ਭਰ ਵਿਚ ਹਰ ਪਾਸੇ ਸਿਆਸੀ ਪਾਰਟੀਆਂ ਦੇ ਪ੍ਰਚਾਰ ਵਿਚ ਲੱਗੇ ਆਟੋ, ਬਾਈਕ ਅਤੇ ਚੌਪਹੀਆਂ ਵਾਹਨਾਂ ਦੇ ਕਾਫਿਲੇ ਲੰਘਦੇ ਰਹੇ।

ਚੋਣ ਪ੍ਰਚਾਰ ਰੁਕਣ ਨਾਲ ਜਨਤਾ ਨੂੰ ਚੋਣਾਂ ਦੇ ਸ਼ੋਰ-ਸ਼ਰਾਬੇ ਤੋਂ ਕਾਫੀ ਰਾਹਤ ਮਿਲੀ ਹੈ। ਹੁਣ ਉਮੀਦਵਾਰ ਸਿਰਫ ਡੋਰ-ਟੂ-ਡੋਰ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਸਮਰਥਨ ਦੇਣ ਦੀ ਅਪੀਲ ਕਰ ਸਕਣਗੇ।

ਜ਼ਿਲ੍ਹੇ ’ਚ 98 ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਏ

ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਲਗਭਗ 98 ਫੀਸਦੀ ਲਾਇਸੈਂਸੀ ਹਥਿਆਰ ਜਮ੍ਹਾ ਕਰਵਾਏ ਗਏ ਹਨ। ਉਨ੍ਹਾਂ ਸੁਰੱਖਿਆ ਫੋਰਸਾਂ ਦੀ ਤਾਇਨਾਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਮਨੀ ਚੋਣ ਨੂੰ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕਰਵਾਉਣ ਲਈ ਲੋੜੀਂਦੀ ਤਾਇਨਾਤੀ ਯੋਜਨਾ ਤਿਆਰ ਕੀਤੀ ਗਈ ਹੈ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣ ਕਰਵਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ’ਤੇ ਬਲਾਸਟ ਵਾਲੀ ਜਗ੍ਹਾ ਪਹੁੰਚੀ NIA ਦੀ ਟੀਮ

ਜ਼ਿਲ੍ਹਾ ਮੈਜਿਸਟਰੇਟ ਨੇ ਲੋਕ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਐਗਜ਼ਿਟ ਪੋਲ ’ਤੇ ਲਾਈ ਰੋਕ

ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਸੀ. ਆਰ. ਪੀ. ਸੀ. ਐਕਟ ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪੋਲਿੰਗ ਤੋਂ 48 ਘੰਟੇ ਪਹਿਲਾਂ ਜੋ 8 ਮਈ ਨੂੰ ਸ਼ਾਮ 6 ਵਜੇ ਤੋਂ ਸ਼ੁਰੂ ਹੋਵੇਗਾ, ਵੋਟਿੰਗ ਤੱਕ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ’ਤੇ ਰੋਕ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ - ਭਾਰਤ-ਪਾਕਿ ਕ੍ਰਿਕਟ ਮੈਚ ਦੀ ਉਡੀਕ 'ਚ ਬੈਠੇ ਫੈਨਜ਼ ਨੂੰ ਝਟਕਾ! ਏਸ਼ੀਆ ਕੱਪ ਨੂੰ ਲੈ ਕੇ ਰੇੜਕਾ ਵਧਿਆ

ਜਸਪ੍ਰੀਤ ਸਿੰਘ ਵੱਲੋਂ ਜਾਰੀ ਹੁਕਮਾਂ ਅਨੁਸਾਰ ਪ੍ਰਿੰਟ ਕਰਨ ਜਾਂ ਇਲੈਕਟ੍ਰਾਨਿਕ ਮੀਡੀਆ ਵਿਚ ਕਿਸੇ ਵੀ ਐਗਜ਼ਿਟ ਪੋਲ ਨੂੰ ਪ੍ਰਿੰਟ ਕਰਨ, ਪ੍ਰਸਾਰਿਤ ਕਰਨ ਜਾਂ ਪ੍ਰਚਾਰ ਕਰਨ ’ਤੇ ਪਾਬੰਦੀ ਹੈ। 10 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਵਿਚਕਾਰ ਜ਼ਿਮਨੀ ਚੋਣ ਨਾਲ ਜੁੜੇ ਕਿਸੇ ਵੀ ਐਗਜ਼ਿਟ ਪੋਲ ਦੇ ਨਤੀਜੇ ਨੂੰ ਜਾਰੀ ਕਰਨ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਪੋਲਿੰਗ ਤੋਂ 48 ਘੰਟੇ ਪਹਿਲਾਂ 8 ਮਈ ਨੂੰ 6 ਵਜੇ ਤੋਂ ਕਿਸੇ ਵੀ ਮੀਡੀਆ ’ਤੇ ਐਗਜ਼ਿਟ ਪੋਲ ਜਾਂ ਕਿਸੇ ਹੋਰ ਚੋਣ ਸਰਵੇਖਣ ਦੇ ਪ੍ਰਸਾਰ ਅਤੇ ਪ੍ਰਚਾਰ ’ਤੇ ਵੀ ਰੋਕ ਲਾ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News