ਵੱਟਾਂ ’ਤੇ ਲਾਇਆ ਝੋਨਾ, ਕਰ ਗਿਆ ‘ਕਮਾਲ’
Friday, Nov 29, 2019 - 11:54 AM (IST)

ਜਲੰਧਰ (ਜੁਗਿੰਦਰ ਸੰਧੂ) - ਝੋਨੇ ਦੀ ਪਰਾਲੀ ਸਾੜਣ ਨਾਲ ਫੈਲੇ ਧੂੰਏਂ ਦੇ ਪ੍ਰਦੂਸ਼ਣ ਕਾਰਨ ਬੀਤੇ ਦਿਨੀਂ ਦੇਸ਼ ਦੀ ਰਾਜਧਾਨੀ ਤੱਕ ਮੱਚੀ ਹਾਹਾਕਾਰ ਤੇ ਸੁਪਰੀਮ ਕੋਰਟ ਵਲੋਂ ਸੂਬਾ-ਸਰਕਾਰਾਂ ਨੂੰ ਪਾਈ ਫਿਟਕਾਰ ਵਰਗੇ ਮਾਹੌਲ ’ਚ ਇਸ ਮਸਲੇ ਦਾ ਸਸਤਾ, ਸੌਖਾ, ਲਾਭਕਾਰੀ ਤੇ ਠੋਸ ਹੱਲ ਕਿਸਾਨ ਹੀ ਕੱਢ ਸਕਦੇ ਹਨ। ਜੇ ਉਹ ਅੱਖਾਂ ਖੋਲ੍ਹ ਕੇ ਖੇਤੀ ਕਰਨ ਤਾਂ ਨਾ ਹੋਵੇਗਾ ਪ੍ਰਦੂਸ਼ਣ, ਨਾ ਪਾਣੀ ਦੀ ਬਰਬਾਦੀ, ਨਾ ਖਾਦਾ ਦੀ ਅੰਨ੍ਹੀ ਵਰਤੋਂ ਅਤੇ ਵੱਧ ਝਾੜ ਨਾਲ ਮੁਨਾਫਾ ਵੀ ਮਿਲੇਗਾ ਵਧੇਰੇ। ਇਸ ਗੱਲ ਦਾ ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਪਿੰਡ ਸਾਧੂਗੜ੍ਹ ਦੇ ਅਗਾਂਹਵਧੂ ਕਿਸਾਨ ਸ. ਸੁਰਜੀਤ ਸਿੰਘ ਨੇ ਬੀਤੇ ਦਿਨ ਆਪਣੇ ਸਾਥੀਆਂ ਸਮੇਤ ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨਾਲ ਜਾਣਕਾਰੀ ਸਾਂਝੀ ਕਰਦਿਆਂ ਕੀਤਾ।
ਸ. ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 2001 ਤੋਂ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਿੱਤੀ ਸੀ। ਹੁਣ ਉਹ ਝੋਨੇ ਦੀ ਖੇਤੀ ਵਿਗਿਆਨਕ ਢੱਗ ਨਾਲ ਕਰਦੇ ਹਨ, ਜਿਥੇ ਫਸਲ ਦੀ ਰਹਿੰਦ-ਖੂੰਹਦ ਦਾ ਅਗਲੀ ਫਸਲ ਦੀ ਖੁਰਾਕ ਵਜੋਂ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਜ਼ਮੀਨ ’ਚ ਕੱਦੂ ਕਰਕੇ ਅਤੇ ਹਰ ਵੇਲੇ ਪਾਣੀ ਖੜ੍ਹਾ ਰੱਖਣ ਦੀ ਪੁਰਾਣੀ ਰਵਾਇਤ ਤਿਆਗ ਕੇ ਜ਼ਮੀਨ ’ਚ ਵੱਟਾਂ ਬਣਾ ਕੇ ਝੋਨੇ ਦੀ ਕਾਸ਼ਤ ਕਰਦੇ ਹਨ। ਇਸ ਨਾਲ ਪਾਣੀ ਦੀ ਬਰਬਾਦੀ ਨਹੀਂ ਹੁੰਦੀ ਅਤੇ ਜੋ ਪਾਣੀ ਫਸਲ ਨੂੰ ਲਾਇਆ ਜਾਂਦਾ ਹੈ, ਉਹ ਧਰਤੀ ’ਚ ਹੀ ਚਾਰਜ ਹੋ ਜਾਂਦਾ ਹੈ। ਕੱਦੂ ਵਾਲੀ ਜ਼ਮੀਨ ਦਾ ਪਾਣੀ ਕਦੇ ਵੀ ਧਰਤੀ ’ਚ ਰੀਚਾਰਜ ਨਹੀਂ ਹੁੰਦਾ।
ਕਿਸਾਨ ਨੇ ਦੱਸਿਆ ਕਿ ਕੱਦੂ ਵਾਲੀ ਜ਼ਮੀਨ ’ਚ ਮੀਥੇਨ ਗੈਸ ਪੈਦਾ ਹੁੰਦੀ ਹੈ, ਜਿਸ ਨਾਲ ਆਕਸੀਜਨ ਦੀ ਭਾਰੀ ਘਾਟ ਹੋ ਜਾਂਦੀ ਹੈ ਅਤੇ ਧਰਤੀ ਹੇਠਲੇ ਮਿੱਤਰ ਕੀੜੇ ਮਰ ਜਾਂਦੇ ਹਨ। ਵੱਟਾਂ ’ਤੇ ਲਾਈ ਝੋਨੇ ਦੀ ਫਸਲ ਸਭ ਅਲਾਮਤਾਂ ਤੋਂ ਬਚਾਅ ਕੇ ਪੈਦਾਵਰ ਵਜੋਂ ਕਮਾਲ ਕਰ ਜਾਂਦੀ ਹੈ। ਇਸ ਸਾਲ ਉਨ੍ਹਾਂ ਦੀ ਫਸਲ 40 ਕੁਇੰਟਲ ਪ੍ਰਤੀ ਏਕੜ ਦਾ ਝਾੜ ਦੇ ਗਈ। ਉਹ ਝੋਨੇ ’ਚ ਸਿਰਫ ਦੋ ਥੈਲੇ ਹੀ ਖਾਦ ਪਾਉਂਦੇ ਹਨ, ਜਿਸ ਨੂੰ ਅਗਲੀ ਵਾਰ ਇਕ ਥੈਲਾ ਹੀ ਕਰ ਦਿੱਤਾ ਜਾਵੇਗਾ, ਜਦੋਂ ਕਿ ਕਿਸਾਨ ਚਾਰ ਥੈਲਿਆਂ ਦੀ ਵਰਤੋਂ ਕਰਦੇ ਹਨ। ਫਸਲ ’ਤੇ ਦਵਾਈਆਂ ਦਾ ਸਪਰੇਅ ਵੀ ਨਹੀਂ ਕੀਤਾ ਜਾਂਦਾ।
ਸ. ਸੁਰਜੀਤ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਸਖਤ ਜ਼ਮੀਨ ’ਚ ਵੱਟਾਂ ਦੀ ਵਿਧੀ ਨਾਲ ਝੋਨਾ ਲਾਇਆ ਜਾਵੇ, ਜਦੋਂ ਕਿ ਪੋਲੀ ਜ਼ਮੀਨ ’ਚ ਇਸ ਦੀ ਕਾਸ਼ਤ ਹੀ ਨਾ ਕੀਤੀ ਜਾਵੇ। ਜੇ ਚਾਹੁਣ ਤਾਂ ਕਿਸਾਨ ਉਨ੍ਹਾਂ ਨਾਲ ਸੰਪਰਕ (ਮੋਬਾਇਲ ਨੰ. 98880-02486) ਵੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਕਾਸ਼ਤ ਬਾਰੇ ਇਸ ਵਿਧੀ ਨੂੰ ਅਸਲ ’ਚ ਲਿਆ ਕੇ ਕਿਸਾਨ ਆਪਣਾ ਅਤੇ ਸਮਾਜ ਦਾ ਭਲਾ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਨਾਲ ਡਾ. ਇੰਦਰਜੀਤ ਸਿੰਘ ਸਹਿਗਲ, ਨਰਿੰਦਰ ਸਿੰਘ ਝੱਜ ਅਤੇ ਸੈਸ਼ਨ ਕੋਰਟ ਜਲੰਧਰ ਦੇ ਮੁੱਖ ਪ੍ਰਬੰਧਕ ਅਫਸਰ ਸ. ਗੁਰਿੰਦਰ ਸਿੰਘ ਮੰਡ ਵੀ ਮੌਜੂਦ ਸਨ।