ਮਾਂ-ਪੁੱਤ ਨੇ ਕਰ ''ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਉਡਣਗੇ ਹੋਸ਼
Monday, Oct 27, 2025 - 01:56 PM (IST)
ਖੰਨਾ (ਕਮਲ) : ਗੁਰੂ ਹਰਕ੍ਰਿਸ਼ਨ ਨਗਰ, ਵਾਰਡ ਨੰਬਰ-25 ਦੇ ਵਸਨੀਕ ਚੰਦਨ ਪੁਰੀ ਨੇ ਸਮਰਾਲਾ ਰੋਡ ਦੀ ਵਸਨੀਕ ਰਜਨੀ ਸਿੰਘ ਅਤੇ ਉਸ ਦੇ ਪੁੱਤਰ ਐਸ਼ਪ੍ਰੀਤ ਸਿੰਘ ’ਤੇ 19.70 ਲੱਖ ਰੁਪਏ ਦੀ ਧੋਖਾਦੇਹੀ ਕਰਨ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਦੋਵਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਚੰਦਨ ਪੁਰੀ ਨੇ ਦੱਸਿਆ ਕਿ 2023 ਵਿਚ ਰਜਨੀ ਸਿੰਘ ਨੇ ਉਸਨੂੰ 5 ਲੱਖ ਰੁਪਏ ਵਿਚ ਇਕ ਪਲਾਟ ਦਿਵਾਉਣ ਦਾ ਝਾਂਸਾ ਦਿੱਤਾ। 27 ਮਾਰਚ 2023 ਨੂੰ ਉਸ ਨੂੰ 9 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੀ ਤੇ ਫਰਵਰੀ 2024 ਵਿਚ 10.20 ਲੱਖ ਰੁਪਏ ਇਕ ਹੋਰ ਲੈਣ-ਦੇਣ ਦੇ ਨਾਂ ’ਤੇ ਆਨਲਾਈਨ ਟ੍ਰਾਂਸਫਰ ਕੀਤੇ ਗਏ।
ਸ਼ਿਕਾਇਤਕਰਤਾ ਅਨੁਸਾਰ ਰਜਨੀ ਸਿੰਘ ਨੇ ਨਾ ਤਾਂ ਪਲਾਟ ਦੀ ਰਜਿਸਟਰੀ ਕਰਵਾਈ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ। ਜਦੋਂ ਉਸ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮ ਨੇ ਉਸਨੂੰ ਧਮਕੀ ਦਿੱਤੀ ਅਤੇ ਦੁਰਵਿਵਹਾਰ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਉੱਚ ਅਧਿਕਾਰੀਆਂ ਵਲੋਂ ਜਾਂਚ ਤੋਂ ਬਾਅਦ ਸਿਟੀ-1 ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ. ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
