ਜਲੰਧਰ ਵਿਖੇ ਪੁਰਾਣੀ ਕਚਹਿਰੀ ਕੰਪਲੈਕਸ ਨੂੰ 200 ਕਰੋੜ ’ਚ ਵੇਚਣ ਦੀ ਤਿਆਰੀ, ਹੋ ਰਹੀ ਦਰੱਖ਼ਤਾਂ ਦੀ ਕਟਾਈ
Wednesday, Oct 06, 2021 - 12:44 PM (IST)
ਜਲੰਧਰ (ਖੁਰਾਣਾ)– ਓਲਡ ਜੀ. ਟੀ. ਰੋਡ ’ਤੇ ਪਲਾਜ਼ਾ ਚੌਕ ਦੇ ਨਾਲ ਲੱਗਦੇ ਪੁਰਾਣੀ ਕਚਹਿਰੀ ਕੰਪਲੈਕਸ ਨੂੰ ਜਲੰਧਰ ਡਿਵੈੱਲਪਮੈਂਟ ਅਥਾਰਿਟੀ (ਜੇ. ਡੀ. ਏ.) ਨੇ ਵੇਚਣ ਦੀ ਤਿਆਰੀ ਲਗਭਗ ਪੂਰੀ ਕਰ ਲਈ ਹੈ, ਜਿਸ ਨਾਲ ਮਹਿਕਮੇ ਨੂੰ ਲਗਭਗ 200 ਕਰੋੜ ਦੀ ਆਮਦਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਉਥੇ ਦਰੱਖ਼ਤਾਂ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ, ਜਿਸ ਲਈ ਜੰਗਲਾਤ ਮਹਿਕਮੇ ਤੋਂ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਟੈਂਡਰ ਅਲਾਟ ਕੀਤੇ ਗਏ ਹਨ। ਇਸ ਪ੍ਰਾਜੈਕਟ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਜੇ. ਡੀ. ਏ. ਦੇ ਮੁੱਖ ਪ੍ਰਸ਼ਾਸਕ ਅਤੇ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਇਸ ਕੰਪਲੈਕਸ ਵਿਚ ਲਗਭਗ 6.67 ਏਕੜ ਜ਼ਮੀਨ ਖਾਲੀ ਪਈ ਹੋਈ ਸੀ, ਜਿਸ ਨੂੰ ਹੁਣ 5 ਟੁਕੜਿਆਂ ਵਿਚ ਵੇਚਣ ਦਾ ਫ਼ੈਸਲਾ ਲਿਆ ਗਿਆ ਹੈ।
ਜਲਦ ਹੀ ਇਸ ਦੇ ਲਈ ਮਹਿਕਮੇ ਵੱਲੋਂ ਖੁੱਲ੍ਹੀ ਬੋਲੀ ਸੱਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਲਗਭਗ 30 ਕਰੋੜ ਰੁਪਏ ਪ੍ਰਤੀ ਏਕੜ ਰਿਜ਼ਰਵ ਪ੍ਰਾਈਸ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਲਗਭਗ ਸਵਾ-ਸਵਾ ਏਕੜ ਦੇ ਹਰ ਹਿੱਸੇ ਵਿਚ 2 ਮੰਜ਼ਿਲਾ ਕਮਰਸ਼ੀਅਲ ਪਾਕੇਟ ਬਣਾਏ ਜਾਣਗੇ ਅਤੇ ਇਸ ਦੇ ਲਈ ਨਿਯਮਾਂ ਅਨੁਸਾਰ ਪਾਰਕਿੰਗ ਛੱਡੀ ਜਾਵੇਗੀ।
ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ
ਕੰਪਲੈਕਸ ’ਚ ਲੱਗੇ ਹਨ ਲਗਭਗ 100 ਦਰੱਖਤ, 60 ਨੂੰ ਬਚਾਅ ਲਿਆ ਜਾਵੇਗਾ
ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਉਕਤ ਕੰਪਲੈਕਸ ਵਿਚ ਲਗਭਗ 100 ਪੁਰਾਣੇ ਦਰੱਖ਼ਤ ਲੱਗੇ ਹੋਏ ਹਨ, ਜਿਨ੍ਹਾਂ ਦੀ ਕਟਾਈ ਲਈ ਟੈਂਡਰ ਅਲਾਟ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 100 ਵਿਚੋਂ 60 ਦਰੱਖ਼ਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਲੋੜ ਪੈਣ ’ਤੇ ਦਰੱਖ਼ਤਾਂ ਨੂੰ ਬਚਾਉਣ ਲਈ ਸੜਕ ਨੂੰ ਵੀ ਥੋੜ੍ਹਾ-ਬਹੁਤ ਮੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੰਪਲੈਕਸ ਨੂੰ ਵੇਚਣ ਵਿਚ ਇਕ ਮੁੱਖ ਰੁਕਾਵਟ ਅਦਾਲਤ ਦਾ ਮਾਲਖਾਨਾ ਵੀ ਸੀ, ਜਿਸਦਾ ਮਾਮਲਾ ਸੁਲਝਾ ਲਿਆ ਗਿਆ ਹੈ ਅਤੇ ਉਸ ਬਦਲੇ ਜੇ. ਡੀ. ਏ. ਵੱਲੋਂ ਸਬੰਧਤ ਮਹਿਕਮੇ ਨੂੰ ਨਵਾਂ ਮਾਲਖਾਨਾ ਤਿਆਰ ਕਰ ਕੇ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨਾ ਥਿੰਕ ਟੈਂਕ ਰਹੇ, ਨਾ ਖੇਵਨਹਾਰ, ਪੰਜਾਬ ਵਿਚ ਭਾਜਪਾ ਕਿਵੇਂ ਲੜੇਗੀ ਚੋਣਾਂ
ਅੰਦਰੂਨੀ ਸ਼ਹਿਰ ਵਿਚ ਕਿਤੇ ਨਹੀਂ ਬਚੀ ਗ੍ਰੀਨਰੀ
ਕੋਰੋਨਾ ਕਾਲ ਦੌਰਾਨ ਆਕਸੀਜਨ ਦੀ ਕਮੀ ਕਾਰਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਕਰੋੜਾਂ ਲੋਕਾਂ ਦਾ ਧਿਆਨ ਵਾਤਾਵਰਣ ਸੁਰੱਖਿਆ ਵੱਲ ਗਿਆ ਸੀ ਪਰ ਹੌਲੀ-ਹੌਲੀ ਲੋਕ ਸਭ ਭੁੱਲਦੇ ਜਾ ਰਹੇ ਹਨ। ਅੱਜ ਜਲੰਧਰ ਦੇ ਅੰਦਰੂਨੀ ਇਲਾਕਿਆਂ ਵਿਚ ਗ੍ਰੀਨਰੀ ਬਿਲਕੁਲ ਹੀ ਦਿਖਾਈ ਨਹੀਂ ਦੇ ਰਹੀ ਅਤੇ ਸਰਕਾਰੀ ਵਿਭਾਗ 100-100 ਸਾਲ ਪੁਰਾਣੇ ਦਰੱਖ਼ਤ ਕੱਟਣ ਵਿਚ ਲੱਗੇ ਹੋਏ ਹਨ। ਪੁਰਾਣੀ ਕਚਹਿਰੀ ਕੰਪਲੈਕਸ ਇਸ ਦੀ ਉਦਾਹਰਣ ਹੈ, ਜਿੱਥੇ ਦਹਾਕਿਆਂ ਪੁਰਾਣੇ 100 ਵਿਚੋਂ 40 ਦਰੱਖ਼ਤ ਤਾਂ ਬਿਲਕੁਲ ਕੱਟ ਦਿੱਤੇ ਗਏ ਹਨ ਅਤੇ ਦੱਸਿਆ ਜਾ ਰਿਹਾ ਹੈ ਕਿ ਆਗਾਮੀ ਦਿਨਾਂ ਵਿਚ ਸ਼ੁਰੂ ਹੋਣ ਜਾ ਰਹੇ ਪ੍ਰਾਜੈਕਟ ਤਹਿਤ ਕੁਝ ਹੋਰ ਦਰੱਖ਼ਤਾਂ ਨੂੰ ਵੀ ਕੱਟਿਆ ਜਾ ਸਕਦਾ ਹੈ। ਸ਼ਹਿਰ ਵਿਚ ਇਸ ਸਮੇਂ ਕੰਪਨੀ ਬਾਗ, ਓਲਡ ਬਾਰਾਦਰੀ ਅਤੇ ਬਰਲਟਨ ਪਾਰਕ ਵਿਚ ਵੀ ਪੁਰਾਣੇ ਦਰੱਖ਼ਤ ਬਚੇ ਹਨ। ਸਿਹਤ ਮਹਿਕਮਾ ਜੇਕਰ ਵਾਤਾਵਰਣ ਪ੍ਰਤੀ ਸੰਜੀਦਾ ਹੁੰਦਾ ਤਾਂ ਇੰਨੇ ਦਰੱਖ਼ਤ ਕੱਟਣ ਦੀ ਬਜਾਏ ਇਸ ਇਲਾਕੇ ਨੂੰ ਹਰੇ-ਭਰੇ ਪਾਰਕਾਂ ਅਤੇ ਮਲਟੀਸਟੋਰੀ ਪਾਰਕਿੰਗ ਆਦਿ ਵਿਚ ਬਦਲਿਆ ਜਾ ਸਕਦਾ ਸੀ, ਜਿਸ ਨਾਲ ਸ਼ਹਿਰ ਦੀ ਹਾਲਤ ਅਤੇ ਇਸ ਦੀ ਆਬੋ-ਹਵਾ ਵੀ ਸੁਧਰਦੀ।
ਇਹ ਵੀ ਪੜ੍ਹੋ : ਧਰੀ ਧਰਾਈ ਰਹਿ ਗਈ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਲਾਨਿੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ