ਜਲੰਧਰ : ਸਿਟੀ ਸਟੇਸ਼ਨ ਦੀ ਬੰਦ ਹੋਈ ਬੱਤੀ, ਸਿਹਤ ਕਰਮਚਾਰੀਆਂ ਨੇ ਟਾਰਚ ਜਗਾ ਕੇ ਕੀਤਾ ਕੰਮ
Sunday, Jun 07, 2020 - 07:48 AM (IST)
ਜਲੰਧਰ, (ਗੁਲਸ਼ਨ)–ਸਿਟੀ ਸਟੇਸ਼ਨ ’ਤੇ ਸ਼ਨੀਵਾਰ ਦੇਰ ਸ਼ਾਮ ਜਿਵੇਂ ਹੀ ਪੱਛਮੀ ਐਕਸਪ੍ਰੈੱਸ ਪਲੇਟਫਾਰਮ ਨੰਬਰ 1 ’ਤੇ ਪਹੁੰਚੀ ਤਾਂ ਅਚਾਨਕ ਬੱਤੀ ਚਲੀ ਗਈ। ਦਿਨ ਢਲਣ ਕਾਰਣ ਹਨੇਰਾ ਹੋ ਗਿਆ ਅਤੇ ਹਨੇਰੇ ਕਾਰਣ ਸਿਹਤ ਵਿਭਾਗ ਦੇ ਆਰ. ਐੱਮ. ਓ. ਗੁਰਮਿੰਦਰ ਸਿੰਘ, ਆਰ. ਪੀ. ਓ. ਅਨਮੋਲ ਚੰਦ ਅਤੇ ਹੋਰ ਸਟਾਫ ਮੈਂਬਰਾਂ ਨੂੰ ਕੰਮ ਕਰਨ ਵਿਚ ਪ੍ਰੇਸ਼ਾਨੀ ਪੇਸ਼ ਆਈ।
ਸੂਚਨਾ ਮੁਤਾਬਕ ਟਰੇਨ ਵਿਚ ਲਗਭਗ 100 ਤੋਂ ਜ਼ਿਆਦਾ ਯਾਤਰੀ ਉਤਰੇ, ਜਿਨ੍ਹਾਂ ਦੀ ਥਰਮਲ ਸਕੈਨਿੰਗ ਤੋਂ ਇਲਾਵਾ ਨਾਂ-ਪਤਾ ਸਮੇਤ ਪੂਰੀ ਜਾਣਕਾਰੀ ਲੈਣ ਲਈ ਫਾਰਮ ਵੀ ਭਰੇ ਜਾਣੇ ਸਨ। ਉਕਤ ਸਾਰਾ ਕੰਮ ਕਰਨ ਲਈ ਉਨ੍ਹਾਂ ਨੂੰ ਟਾਰਚ ਦਾ ਸਹਾਰਾ ਲੈਣਾ ਪਿਆ। ਇਸ ਦੌਰਾਨ ਕਈ ਯਾਤਰੀਆਂ ਨੇ ਵੀ ਆਪਣੇ ਮੋਬਾਇਲਾਂ ਦੀਆਂ ਟਾਰਚਾਂ ਜਗਾ ਕੇ ਸਿਹਤ ਕਰਮਚਾਰੀਆਂ ਦੀ ਮਦਦ ਕੀਤੀ ਕਿਉਂਕਿ ਹਨੇਰੇ ਕਾਰਣ ਯਾਤਰੀ ਵੀ ਜਲਦੀ-ਜਲਦੀ ਸਟੇਸ਼ਨ ਤੋਂ ਬਾਹਰ ਨਿਕਲਾ ਚਾਹੁੰਦੇ ਸਨ।
ਸੂਚਨਾ ਮੁਤਾਬਕ ਲਗਭਗ ਪੌਣੇ ਘੰਟੇ ਬਾਅਦ ਸਟੇਸ਼ਨ ਦੀ ਬੱਤੀ ਆਈ। ਦੂਜੇ ਪਾਸੇ ਇਸ ਟਰੇਨ ਤੋਂ ਬਾਅਦ ਜਨ ਸ਼ਤਾਬਦੀ ਐਕਸਪ੍ਰੈੱਸ ਆਉਣ ਦਾ ਸਮਾਂ ਵੀ ਹੋ ਰਿਹਾ ਸੀ। ਅਜੇ ਪੱਛਮੀ ਐਕਸਪ੍ਰੈੱਸ ਦੇ ਯਾਤਰੀਆਂ ਦਾ ਕੰਮ ਪੂਰਾ ਨਹੀਂ ਸੀ ਹੋਇਆ ਕਿ ਹਰਿਦੁਆਰ ਤੋਂ ਆਉਣ ਵਾਲੀ ਜਨ ਸ਼ਤਾਬਦੀ ਐਕਸਪ੍ਰੈੱਸ ਵੀ ਆ ਗਈ। ਦੋਵਾਂ ਟਰੇਨਾਂ ਦੇ ਯਾਤਰੀਆਂ ਨੂੰ ਸੰਭਾਲਣ, ਸੋਸ਼ਲ ਡਿਸਟੈਂਸ ਦਾ ਪਾਲਣ ਕਰਵਾਉਣ ਆਦਿ ਵਿਚ ਕਾਫੀ ਜੱਦੋ-ਜਹਿਦ ਕਰਨੀ ਪਈ।