ਸ਼ਰਮਨਾਕ: ਰਿਸ਼ਵਤ ਮੰਗਦੇ ASI ਤੇ SHO ਦੀ ਆਡੀਓ ਵਾਇਰਲ

08/18/2019 10:39:08 AM

ਜਲਾਲਾਬਾਦ (ਨਿਖੰਜ, ਜਤਿੰਦਰ) - ਸਬ-ਡਵੀਜ਼ਨ ਜਲਾਲਾਬਾਦ ਦੇ ਅਧੀਨ ਪੈਂਦੇ ਥਾਣਾ ਅਮੀਰ ਖਾਸ ਦੇ ਪੁਲਸ ਕਰਮਚਾਰੀ ਅਤੇ ਅਧਿਕਾਰੀ ਰਿਸ਼ਵਤ ਮੰਗਣ ਕਾਰਨ ਬਦਨਾਮ ਹੋ ਚੁੱਕੇ ਹਨ। ਜਲਾਲਾਬਾਦ 'ਚ ਫਿਰ ਸਬ-ਇੰਸਪੈਕਟਰ ਅਤੇ ਏ. ਐੱਸ. ਆਈ. ਦੀ ਰਿਸ਼ਵਤ ਮੰਗਦੇ ਹੋਏ ਆਡੀਓ ਸੋਸ਼ਲ ਮੀਡੀਆ 'ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜੋ ਚਰਚਾ ਦਾ ਵਿਸ਼ਾ ਹੈ। ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਇਸੇ ਥਾਣੇ 'ਚ ਤਾਇਨਾਤ ਇਕ ਐੱਸ. ਐੱਚ. ਓ. ਨੂੰ ਵਿਜੀਲੈਂਸ ਦੀ ਟੀਮ ਵਲੋਂ ਨਕਦ ਰਾਸ਼ੀ ਸਣੇ ਗ੍ਰਿਫਤਾਰ ਕੀਤਾ ਗਿਆ ਸੀ । 9 ਅਗਸਤ ਨੂੰ ਥਾਣਾ ਅਮੀਰ ਖਾਸ ਦੀ ਪੁਲਸ ਨੇ ਪਿੰਡ ਘਾਂਗਾ ਖੁਰਦ ਦੇ ਕੋਲ 150 ਕਿਲੋ ਚੂਰਾ-ਪੋਸਤ, 3 ਕਾਰਾਂ ਸਣੇ 2 ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕਰ ਕੇ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਵਰਣਨਯੋਗ ਇਹ ਹੈ ਕਿ ਇਸ ਮਾਮਲੇ 'ਚ ਨਾਮਜ਼ਦ ਮੁਲਜ਼ਮਾਂ 'ਚ ਸ਼ਵਿੰਦਰ ਸਿੰਘ ਉਰਫ ਬਰਾੜ ਪੁੱਤਰ ਕਰਨੈਲ ਸਿੰਘ ਤੇ ਸੁੱਖਾ ਉਰਫ ਗੱਗੂ ਪੁੱਤਰ ਕਰਨੈਲ ਸਿੰਘ ਖਿਲਾਫ ਮਾਮਲਾ ਪੁਲਸ ਵਲੋਂ ਦਰਜ ਕੀਤਾ ਗਿਆ ਸੀ ਪਰ ਥਾਣਾ ਅਮੀਰ ਖਾਸ ਪੁਲਸ ਦੇ ਸਬ-ਇੰਸਪੈਕਟਰ ਗੁਰਜੰਟ ਸਿੰਘ ਅਤੇ ਏ.ਐੱਸ.ਆਈ. ਓਮ ਪ੍ਰਕਾਸ਼ ਨੇ ਉਨ੍ਹਾਂ ਦੇ ਪਰਿਵਾਰ ਨੂੰ ਮਾਮਲੇ 'ਚ ਨਾਮਜ਼ਦ ਕਰ ਕੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ ।

PunjabKesari

ਉਪਰੋਕਤ ਮੁਲਜ਼ਮਾਂ ਦੇ ਪਰਿਵਾਰ ਨੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਹੰਸ ਰਾਜ ਗੋਲਡਨ ਦੇ ਧਿਆਨ 'ਚ ਇਹ ਸਾਰਾ ਮਾਮਲਾ ਲਿਆਂਦਾ। ਉਨ੍ਹਾਂ ਉਪਰੋਕਤ ਪੁਲਸ ਅਧਿਕਾਰੀਆਂ ਨੂੰ ਰਿਸ਼ਵਤ ਦੇ ਰੂਪ 'ਚ ਕੁਝ ਪੈਸੇ ਦਿੱਤੇ, ਜਿਸ ਦੀ ਆਡੀਓ ਹੁਣ ਸੋਸ਼ਲ ਮੀਡਿਆ 'ਤੇ ਵਾਇਰਲ ਹੋਣ ਮਗਰੋਂ ਈਮਨਾਦਾਰ ਪੁਲਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਰਮਸਾਰ ਹੋਣਾ ਪਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਸ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ 'ਚ ਕਿੰਨਾ ਕੁ ਸਮਾਂ ਲਾਉਂਦੇ ਹਨ ਜਾਂ ਇਹ ਮਾਮਲਾ ਫਾਇਲਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਵੇਗਾ, ਇਹ ਤਾਂ ਪੁਲਸ ਦੀ ਜਾਂਚ ਤੋਂ ਬਾਅਦ ਸਾਫ ਹੋਣਾ ਤੈਅ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਡੀਓ ਦੀ ਜਾਂਚ ਜਾਰੀ : ਜ਼ਿਲਾ ਐੱਸ. ਪੀ. ਡੀ.
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਆਡੀਓ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਫਾਜ਼ਿਲਕਾ ਦੇ ਐੱਸ. ਪੀ. ਡੀ. ਰਣਬੀਰ ਸਿੰਘ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਭੁਪਿੰਦਰ ਸਿੰਘ ਵਲੋਂ ਇਸ ਆਡੀਓ ਦੀ ਜਾਂਚ ਕਰਨ ਲਈ ਮੇਰੀ ਡਿਊਟੀ ਲਾਈ ਗਈ ਹੈ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।

PunjabKesari

ਰਿਸ਼ਵਤ ਲੈਣ ਵਾਲੇ ਮੁਲਾਜ਼ਮਾਂ 'ਤੇ ਕੀਤੀ ਜਾਵੇ ਕਾਰਵਾਈ : ਕਾ. ਗੋਲਡਨ
ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾ. ਹੰਸ ਰਾਜ ਗੋਲਡਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਰਿਸ਼ਵਤ ਦੀ ਮੰਗ ਕਰਨ ਵਾਲੇ ਪੁਲਸ ਕਰਮਚਾਰੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਪੁਲਸ ਦੇ ਮੁਲਾਜ਼ਮ ਲੋਕਾਂ ਕੋਲੋਂ ਰਿਸ਼ਵਤ ਲੈਣ ਤੋਂ ਪਹਿਲਾਂ ਕਈ ਵਾਰ ਸੋਚਣ।

ਮਾਮਲੇ 'ਚ ਨਾਮਜ਼ਦ ਨੌਜਵਾਨਾਂ ਦੀ ਰਿਸ਼ਤੇਦਾਰ ਨੇ ਪੁਲਸ ਮੁਲਾਜ਼ਮਾਂ 'ਤੇ ਲਾਏ ਰਿਸ਼ਵਤ ਮੰਗਣ ਦੇ ਦੋਸ਼
150 ਕਿਲੋ ਚੂਰਾ-ਪੋਸਤ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਰਿਸ਼ਤੇਦਾਰ ਇਕ ਲੜਕੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਭੂਆ ਦੇ ਪੁੱਤਰ ਨੂੰ ਪੁਲਸ ਨੇ ਫੜ ਕੇ ਮਾਮਲਾ ਦਰਜ ਕੀਤਾ ਸੀ ਤਾਂ ਜਦੋਂ ਉਹ ਥਾਣਾ ਅਮੀਰ ਖਾਸ ਵਿਖੇ ਆਪਣੀ ਭੂਆ ਨਾਲ ਆਈ ਤਾਂ ਸਬ-ਇੰਸਪੈਕਟਰ ਗੁਰਜੰਟ ਸਿੰਘ ਨੇ ਮੇਰੀ ਭੂਆ ਨੂੰ ਬਾਹਰ ਕੱਢ ਦਿੱਤਾ ਅਤੇ ਮੇਰੇ ਕੋਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਅਤੇ 10 ਹਜ਼ਾਰ ਰੁਪਏ ਦੀ ਰਾਸ਼ੀ ਮੇਰੇ ਕੋਲੋਂ ਲੈ ਲਈ ਸੀ ਅਤੇ 10 ਹਜ਼ਾਰ ਰੁਪਏ ਦੀ ਰਾਸ਼ੀ ਮੇਰੀ ਭੂਆ ਕੋਲੋਂ ਉਕਤ ਮੁਲਾਜ਼ਮਾਂ ਨੇ ਲਈ ਅਤੇ ਬਾਕੀ ਦੀ ਰਕਮ 30 ਹਜ਼ਾਰ ਜਦੋਂ ਬੀਤੇ ਦਿਨੀਂ ਦੇਣ ਲਈ ਥਾਣਾ ਪੁੱਜੇ ਤਾਂ ਉਨ੍ਹਾਂ ਨੂੰ ਵਿਜੀਲੈਂਸ ਦੀ ਟੀਮ ਦੇ ਆਉਣ ਬਾਰੇ ਪਤਾ ਲੱਗ ਗਿਆ ਤਾਂ ਉਕਤ ਮੁਲਾਜ਼ਮ ਉਥੋਂ ਭੱਜ ਗਏ। ਪੀੜਤ ਪਰਿਵਾਰ ਨੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


rajwinder kaur

Content Editor

Related News