ਜਾਖੜ ਅੰਦਰਖਾਤੇ ਕੈਪਟਨ ਦੀ ਕੁਰਸੀ ਨੂੰ ਹਥਿਆਉਣ ਲਈ ਤਰਲੋਮੱਛੀ ਹੋ ਰਹੇ ਹਨ

Thursday, Jun 15, 2017 - 06:50 AM (IST)

ਜਾਖੜ ਅੰਦਰਖਾਤੇ ਕੈਪਟਨ ਦੀ ਕੁਰਸੀ ਨੂੰ ਹਥਿਆਉਣ ਲਈ ਤਰਲੋਮੱਛੀ ਹੋ ਰਹੇ ਹਨ

ਪਟਿਆਲਾ (ਜੋਸਨ, ਬਲਜਿੰਦਰ, ਪਰਮੀਤ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਬੰਧੀ ਕਾਂਗਰਸੀ ਵਰਕਰਾਂ ਵਿਚ ਆਮ ਚਰਚਾ ਹੈ ਕਿ ਜਾਖੜ ਅੰਦਰਖਾਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਨੂੰ ਹਥਿਆਉਣ ਲਈ ਤਰਲੋਮੱਛੀ ਹੋ ਰਹੇ ਹਨ ਅਤੇ ਸਾਜ਼ਿਸ਼ਾਂ ਰਚ ਰਹੇ ਹਨ। ਪ੍ਰੋ. ਬਡੂੰਗਰ ਅੱਜ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਵੱਲੋਂ ਉਨ੍ਹਾਂ ਖਿਲਾਫ ਦਿੱਤੇ ਬਿਆਨ 'ਤੇ ਟਿੱਪਣੀ ਕਰ ਰਹੇ ਸਨ।
ਸਰਨਾ ਭਰਾਵਾਂ ਸਬੰਧੀ ਪ੍ਰੋ. ਬਡੂੰਗਰ ਨੇ ਕਿਹਾ ਕਿ ਦੋਵੇਂ ਭਰਾ ਹਾਰੇ ਹੋਏ ਰਾਜਨੀਤਕ ਜੁਆਰੀਏ ਹਨ। ਊਲ-ਜਲੂਲ ਬੋਲਣ ਦੇ ਆਦੀ ਹਨ। ਉਨ੍ਹਾਂ ਸਵਾਲ ਕੀਤਾ ਕਿ ਸ਼੍ਰੀ ਸਰਨਾ ਭਰਾ ਸਿੱਖ ਸੰਗਤਾਂ ਨੂੰ ਦੱਸਣ ਕਿ ਜਦੋਂ ਸਰਨਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਲ-ਨਾਲ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਵੀ ਸਨ, ਕੀ ਉਦੋਂ ਪੀਰੀ ਦਾ ਦਖਲ ਮੀਰੀ ਵਿਚ ਨਹੀਂ ਸੀ ਹੋ ਰਿਹਾ?
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸਨਮਾਨਯੋਗ ਹੁੰਦਾ ਹੈ। ਇਸ ਅਹੁਦੇ 'ਤੇ ਪਹੁੰਚ ਕੇ ਕਿਸੇ ਹੋਰ ਅਹੁਦੇ ਲਈ ਕੋਸ਼ਿਸ਼ ਕਰਨ ਦੀ ਲੋੜ ਹੀ ਨਹੀਂ ਰਹਿੰਦੀ। ਪ੍ਰੋ. ਬਡੂੰਗਰ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਤਿਕਾਰਯੋਗ ਨੇਤਾ ਹਨ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਸਮਰੱਥ ਪ੍ਰਧਾਨ ਹਨ। ਮੇਰੇ ਪਰਿਵਾਰਕ, ਰਾਜਨੀਤਕ ਅਤੇ ਸਮਾਜਿਕ ਤੌਰ 'ਤੇ ਉਨ੍ਹਾਂ ਨਾਲ ਬੇਹੱਦ ਚੰਗੇ ਅਤੇ ਆਪਸੀ ਵਿਸ਼ਵਾਸ ਵਾਲੇ ਸੰਬੰਧ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਮੇਰੇ ਅਤੇ ਅਕਾਲੀ ਦਲ ਵਿਚਕਾਰ ਫਰਕ ਪਾਉਣ ਦੀ ਕੋਸ਼ਿਸ਼ ਕਦੇ ਵੀ ਸਫਲ ਨਹੀਂ ਹੋਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੂੰ ਖੁਦ ਮਿਲ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੇ ਸੱਚ ਅਤੇ ਸੱਤਾ ਦੇ ਸੁਮੇਲ ਦੇ ਸਿਧਾਂਤ, ਜਿਸ ਨੂੰ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕਰਵਾ ਕੇ ਅਤੇ ਆਪ ਖੁਦ ਮੀਰੀ ਅਤੇ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਅਮਲੀ ਰੂਪ ਦਿੱਤਾ, ਬਾਰੇ ਗੱਲ ਕਰਨਗੇ। ਇਸ ਸਿਧਾਂਤ ਦੀ ਰਾਖੀ, ਪ੍ਰਚਾਰ ਕਰਨ, ਸਿਧਾਂਤ ਉੱਤੇ ਖੁਦ ਅਮਲ ਕਰਨ ਅਤੇ ਸੰਗਤਾਂ ਨੂੰ ਅਮਲ ਕਰਵਾਉਣ ਦੀ ਜ਼ਿੰਮੇਵਾਰੀ ਹੁੰਦੀ ਹੈ, ਬਾਰੇ ਵੀ ਵਿਚਾਰ ਕਰਨਗੇ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਸਿਰੋਪਾਓ ਨਾ ਦੇ ਕੇ ਸਹੀ ਫੈਸਲਾ ਕੀਤਾ। ਗਾਂਧੀ ਪਰਿਵਾਰ ਨੇ ਸਿੱਖਾਂ ਦੇ ਸਰਬਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਵਾਇਆ ਸੀ, ਜਿਸ ਲਈ ਸਿੱਖ ਕੌਮ ਗਾਂਧੀ ਪਰਿਵਾਰ ਨੂੰ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਮੁੜ ਸਪੱਸ਼ਟ ਕਰਦਿਆਂ ਕਿਹਾ ਕਿ ਭਵਿੱਖ 'ਚ ਕਦੇ ਵੀ ਸ਼੍ਰੋਮਣੀ ਕਮੇਟੀ ਵੱਲੋਂ ਗਾਂਧੀ ਪਰਿਵਾਰ ਨੂੰ ਕਦੇ ਵੀ ਸਿਰੋਪਾਓ ਨਹੀਂ ਦਿੱਤਾ ਜਾਵੇਗਾ।
ਇਸ ਮੌਕੇ ਜਨਰਲ ਸਕੱਤਰ ਐੱਸ. ਜੀ. ਪੀ. ਸੀ. ਅਮਰਜੀਤ ਸਿੰਘ ਚਾਵਲਾ, ਜਰਨੈਲ ਸਿੰਘ ਕਰਤਾਰਪੁਰ ਮੈਂਬਰ, ਪਰਮਜੀਤ ਸਿੰਘ ਸਰੋਆ ਸਕੱਤਰ ਐੱਸ. ਜੀ. ਪੀ. ਸੀ., ਚੇਅਰਮੈਨ ਨਰਦੇਵ ਸਿੰਘ ਆਕੜੀ, ਮੇਅਰ ਅਮਰਿੰਦਰ ਸਿੰਘ ਬਜਾਜ, ਸਰਦਾਰ ਲੌਟ, ਭਗਵੰਤ ਸਿੰਘ ਮੈਨੇਜਰ ਤੇ ਹੋਰ ਵੀ ਸੀਨੀਅਰ ਨੇਤਾ ਹਾਜ਼ਰ ਸਨ।


Related News