'ਸ਼ੀਸ਼ ਮਹਿਲ' ਨੂੰ ਲੈ ਕੇ ਕੈਗ ਦੀ ਰਿਪੋਰਟ 'ਤੇ ਆਖਿਰ ਚੁੱਪ ਕਿਉਂ ਹਨ ਕੇਜਰੀਵਾਲ: ਸੁਖਪਾਲ ਖਹਿਰਾ

Thursday, Mar 26, 2026 - 12:40 PM (IST)

'ਸ਼ੀਸ਼ ਮਹਿਲ' ਨੂੰ ਲੈ ਕੇ ਕੈਗ ਦੀ ਰਿਪੋਰਟ 'ਤੇ ਆਖਿਰ ਚੁੱਪ ਕਿਉਂ ਹਨ ਕੇਜਰੀਵਾਲ: ਸੁਖਪਾਲ ਖਹਿਰਾ

ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼, ਜਿਸ ਨੂੰ 'ਸ਼ੀਸ਼ ਮਹਿਲ' ਕਿਹਾ ਜਾ ਰਿਹਾ ਹੈ, ਉਸ ਦੇ ਬਾਰੇ ਆਈ ਕੈਗ (ਸੀ. ਏ. ਜੀ) ਦੀ ਤਾਜ਼ਾ ਰਿਪੋਰਟ ਨੂੰ ਲੈ ਕੇ ਤਿੱਖਾ ਸਿਆਸੀ ਹਮਲਾ ਕੀਤਾ ਹੈ। 
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਸਵਾਲ ਚੁੱਕਿਆ ਹੈ ਕਿ ਅਰਵਿੰਦ ਕੇਜਰੀਵਾਲ ਕੈਗ ਦੀ ਇਸ ਰਿਪੋਰਟ 'ਤੇ ਚੁੱਪ ਕਿਉਂ ਹਨ?

ਖਹਿਰਾ ਨੇ ਮੰਗ ਕੀਤੀ ਕਿ ਕੇਜਰੀਵਾਲ ਨੂੰ ਜਨਤਕ ਤੌਰ 'ਤੇ ਸਾਹਮਣੇ ਆ ਕੇ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇੰਨਾ ਆਲੀਸ਼ਾਨ ਰਹਿਣ-ਸਹਿਣ ਇਕ 'ਆਮ ਆਦਮੀ' ਦੇ ਲਾਈਫ ਸਟਾਈਲ ਦਾ ਹਿੱਸਾ ਹੋ ਸਕਦਾ ਹੈ ? ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਸਮੇਤ ਆਮ ਆਦਮੀ ਪਾਰਟੀ ਦੇ ਕਈ ਦਿੱਗਜ ਆਗੂਆਂ ਨੂੰ ਵੀ ਟੈਗ ਕਰਕੇ ਜਵਾਬਦੇਹੀ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ 'ਸ਼ੀਸ਼ ਮਹਿਲ' ਦਾ ਮੁੱਦਾ ਲੰਮੇ ਸਮੇਂ ਤੋਂ ਚਰਚਾ 'ਚ ਹੈ ਅਤੇ ਹੁਣ ਸੀ. ਏ. ਜੀ. ਦੀ ਰਿਪੋਰਟ ਤੋਂ ਬਾਅਦ ਵਿਰੋਧੀ ਧਿਰਾਂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਸਾਦਗੀ ਦੇ ਦਾਅਵਿਆਂ 'ਤੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ।

ਇਹ ਵੀ ਪੜ੍ਹੋ: 26, 27 ਤੇ 29 ਨੂੰ ਪਵੇਗਾ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ Alert, ਪੰਜਾਬ ਦੇ ਮੌਸਮ ਲਈ ਹੋਈ ਵੱਡੀ ਭਵਿੱਖਬਾਣੀ

PunjabKesari

ਜ਼ਿਕਰਯੋਗ ਹੈ ਕਿ ਦਿੱਲੀ ਵਿਧਾਨ ਸਭਾ 'ਚ ਬੀਤੇ ਦਿਨੀਂ ਪੇਸ਼ ਕੀਤੀ ਗਈ ਕੈਗ ਰਿਪੋਰਟ ਅਨੁਸਾਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਾਬਕਾ ਸਰਕਾਰੀ ਰਿਹਾਇਸ਼ 6 ਫਲੈਗਸਟਾਫ ਰੋਡ ਦੇ ਨਵੀਨੀਕਰਨ ਦਾ ਕੰਮ 33.66 ਕਰੋੜ ਰੁਪਏ ਵਿਚ ਪੂਰਾ ਹੋਇਆ, ਜੋਕਿ ਅਨੁਮਾਨਿਤ ਲਾਗਤ ਤੋਂ 342 ਫ਼ੀਸਦੀ ਵੱਧ ਸੀ। ਸੀ. ਐੱਮ. ਰੇਖਾ ਗੁਪਤਾ ਵੱਲੋਂ ਵਿਧਾਨ ਸਭਾ ਵਿਚ ਪੇਸ਼ ਕੀਤੀ ਗਈ ਕੈਗ ਦੀ 2022 ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ 33.66 ਕਰੋੜ ਰੁਪਏ ਵਿਚੋਂ 18.88 ਕਰੋੜ ਰੁਪਏ ਵੱਖ-ਵੱਖ ਵਸਤੂਆਂ ’ਤੇ ਖ਼ਰਚ ਕੀਤੇ ਗਏ ਸਨ। ਇਸ ਰਿਹਾਇਸ਼ ਵਿਚ ਅਰਵਿੰਦ ਕੇਜਰੀਵਾਲ ਸਾਲ 2015 ਤੋਂ 2024 ਤੱਕ ਦਿੱਲੀ ਦੇ ਮੁੱਖ ਮੰਤਰੀ ਵਜੋਂ ਰਹੇ। ਰਿਪੋਰਟ ਵਿਚ ਦੋਸ਼ ਲਾਇਆ ਗਿਆ ਹੈ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਬੰਗਲੇ ’ਚ ਵਾਧੂ ਕਮਰੇ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉੱਥੇ ਸਥਿਤ ਕੈਂਪ ਦਫ਼ਤਰ ਅਤੇ ਸਟਾਫ਼ ਬਲਾਕ ਵਿਚ ਕੀਤੀਆਂ ਗਈਆਂ ਤਬਦੀਲੀਆਂ ਵਿਚ ਕਈ ਬੇਨਿਯਮੀਆਂ ਪਾਈਆਂ ਗਈਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ 9.34 ਕਰੋੜ ਰੁਪਏ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਅਤੇ ਖਰਚੇ ਦੀ ਮਨਜ਼ੂਰੀ ਕੰਮ ਪੂਰਾ ਹੋਣ ਦੇ ਦੋ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਦਿੱਤੀ ਗਈ, ਜਿਸ ਨਾਲ ਬਿਨਾਂ ਕਿਸੇ ਅਗਾਊਂ ਇਜਾਜ਼ਤ ਦੇ ਦੇਣਦਾਰੀ ਪੈਦਾ ਹੋ ਗਈ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਜ਼ਿਲ੍ਹੇ 'ਚ ਲੱਗੀ ਇਹ ਵੱਡੀ ਪਾਬੰਦੀ! ਸ਼ਾਮ 7 ਤੋਂ ਸਵੇਰੇ 7 ਵਜੇ ਤੱਕ...

ਕੈਗ ਦੀ ਰਿਪੋਰਟ ਅਨੁਸਾਰ ਆਡਿਟ ਵਿਚ ਪਾਇਆ ਗਿਆ ਕਿ ਸਟਾਫ਼ ਬਲਾਕ ਅਤੇ ਕੈਂਪ ਦਫ਼ਤਰ ਦੀ ਉਸਾਰੀ ਲਈ ਪ੍ਰਵਾਨਿਤ 19.87 ਕਰੋੜ ਰੁਪਏ 'ਚੋਂ ਫੰਡਾਂ ਨੂੰ ਹੋਰ ਕੰਮਾਂ ’ਚ ਲਗਾ ਦਿੱਤਾ ਗਿਆ। ਸਟਾਫ਼ ਬਲਾਕ ਦੀ ਉਸਾਰੀ ਨਹੀਂ ਹੋਈ ਅਤੇ ਉਸ ਰਕਮ ਨਾਲ ਸਹਾਇਕਾਂ ਲਈ 7 ਕੁਆਰਟਰ ਅਜਿਹੀ ਥਾਂ ’ਤੇ ਬਣਾਏ ਗਏ, ਜੋ ਮੂਲ ਕੰਮ ਨਾਲ ਸਬੰਧਤ ਨਹੀਂ ਸਨ। ਕੈਗ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੈਂਪ ਆਫ਼ਿਸ ਦਾ ਸਰੂਪ ਸਥਾਈ ਤੋਂ ਅਰਧ-ਸਥਾਈ ਢਾਂਚੇ ਵਿਚ ਬਦਲ ਦਿੱਤਾ ਗਿਆ ਸੀ। ਅੰਤ ਵਿਚ ਫੰਡ ਖ਼ਤਮ ਹੋ ਜਾਣ ਕਾਰਨ ਕੈਂਪ ਆਫ਼ਿਸ ਦਾ ਸਿਰਫ਼ ਕੱਚਾ ਢਾਂਚਾ ਹੀ ਪੂਰਾ ਹੋ ਸਕਿਆ ਅਤੇ ਜੂਨ 2023 ਵਿਚ ਪੀ. ਡਬਲਿਊ. ਡੀ. ਵੱਲੋਂ ਕੰਮ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ।

ਇਹ ਵੀ ਪੜ੍ਹੋ: ਪੰਜਾਬ 'ਚ ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News