ਢੱਡਰੀਆਂ ਵਾਲੇ ਨੂੰ ਮਿਲੇ ਜਾਖੜ, ਵਿਧਾਨ ਸਭਾ ਸੈਸ਼ਨ ਤੁਰੰਤ ਬੁਲਾਉਣ ਦੀ ਮੰਗ

05/22/2016 11:25:21 AM

ਜਲੰਧਰ (ਧਵਨ)— ਪੰਜਾਬ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਸ਼ੁੱਕਰਵਾਰ ਨੂੰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਗੁਰਦੁਆਰਾ ਪਰਮੇਸ਼ਵਰ ''ਚ ਮੁਲਾਕਾਤ ਕੀਤੀ, ਜਿਸ ''ਚ ਉਨ੍ਹਾਂ ਤੋਂ ਲੁਧਿਆਣਾ ਦੇ ਨੇੜੇ ਹੋਏ ਕਾਤਲਾਨਾ ਹਮਲੇ ਦੀ ਜਾਣਕਾਰੀ ਲਈ ਗਈ। ਜਾਖੜ ਨਾਲ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੀ ਸਨ।
ਬਾਬਾ ਰਣਜੀਤ ਸਿੰਘ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਾਖੜ ਨੇ ਕਿਹਾ ਕਿ 40-50 ਲੋਕਾਂ ਦੇ ਜਥੇ ਨੇ ਉਨ੍ਹਾਂ ''ਤੇ ਇੰਝ ਹਮਲਾ ਕੀਤਾ ਜਿਵੇਂ ਪੰਜਾਬ ''ਚ ਕਾਨੂੰਨ ਦਾ ਨਹੀਂ, ਸਗੋਂ ਜੰਗਲ ਰਾਜ ਹੈ। ਉਨ੍ਹਾਂ ਕਿਹਾ ਕਿ ਰਾਜ ''ਚ ਕਾਨੂੰਨ ਵਿਵਸਥਾ ਦੀ ਸਥਿਤੀ ਗੜਬੜਾ ਗਈ ਹੈ। ਜਨਤਾ ਤੋਂ ਬਾਅਦ ਹੁਣ ਸਿੱਖ ਪੰਥ ਦੇ ਪ੍ਰਚਾਰਕਾਂ ''ਤੇ ਜਾਨਲੇਵਾ ਹਮਲੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਵਿਰੋਧੀ ਤਾਕਤਾਂ ਸੂਬੇ ''ਚ ਅਸਥਿਰਤਾ ਦਾ ਮਾਹੌਲ ਪੈਦਾ ਕਰਨਾ ਚਾਹੁੰਦੀਆਂ ਹਨ। ਸ਼ਹਿਰੀ ਲੋਕਾਂ ''ਚ ਇਸ ਗੱਲ ਦੀ ਚਰਚਾ ਹੈ ਕਿ ਸਿਆਸੀ ਧੜੇ ਲੋਕਾਂ ''ਚ ਖੌਫ ਪੈਦਾ ਕਰਕੇ ਆਪਣੀ ਸਰਕਾਰ ਦੀਆਂ ਅਸਫਲਤਾਵਾਂ ਨੂੰ ਛੁਪਾਉਣਾ ਚਾਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਕਾਨੂੰਨ ਵਿਵਸਥਾ ਦੀ ਸਥਿਤੀ ''ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਏ।
ਜਾਖੜ ਨੇ ਬਾਬਾ ਢੱਡਰੀਆਂ ਵਾਲੇ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਸੰਕਟ ਦੀ ਘੜੀ ''ਚ ਉੁਨ੍ਹਾਂ ਨਾਲ ਹੈ ਅਤੇ ਜਦੋਂ ਤੱਕ ਹਮਲਾ ਕਰਨ ਵਾਲੇ ਗ੍ਰਿਫ਼ਤਾਰ ਨਹੀਂ ਹੁੰਦੇ ਉਦੋਂ ਤਕ ਕਾਂਗਰਸ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਬਾਬਾ ਢੱਡਰੀਆਂ ਵਾਲੇ ''ਤੇ ਹੋਏ ਹਮਲੇ ''ਚ ਜਿਸ ਤਰ੍ਹਾਂ ਨਾਲ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ, ਉਸ ਤੋਂ ਖੁਫੀਆ ਤੰਤਰ ਦੀ ਨਾਕਾਮਯਾਬੀ ਵੀ ਸਾਫ਼ ਜ਼ਾਹਰ ਹੋ ਗਈ। ਉਨ੍ਹਾਂ ਕਿਹਾ ਕਿ ਸ਼ਿਅਦ-ਭਾਜਪਾ ਸਰਕਾਰ ਦੀਆਂ ਜਨ ਵਿਰੋਧੀ ਨੀਤੀਆਂ ਦੀ ਪੋਲ ਸਰਕਾਰ ਵੱਲੋਂ ਜਲਦ ਹੀ ਖੋਲ੍ਹੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸਿਰਫ ਬਿਆਨਬਾਜ਼ੀ ਤੱਕ ਸੀਮਤ ਨਾ ਰਹੇ, ਸਗੋਂ ਠੋਸ ਕਾਰਵਾਈ ਕਰੇ।

Related News