ਜੇਲ ''ਚ ਲੱਗੀ ਅਦਾਲਤ, ਜੱਜ ਨੇ 15 ਕੇਸਾਂ ''ਚੋਂ 8 ਦਾ ਨਿਪਟਾਰਾ ਕੀਤਾ
Thursday, Feb 08, 2018 - 12:41 PM (IST)

ਜਲੰਧਰ (ਜਤਿੰਦਰ, ਭਾਰਦਵਾਜ)— ਮਾਣਯੋਗ ਜ਼ਿਲਾ ਸੈਸ਼ਨ ਜੱਜ ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀਜ਼ ਜਲੰਧਰ ਦੀ ਅਗਵਾਈ ਹੇਠ ਮਾਡਰਨ ਜੇਲ ਜਲੰਧਰ ਤੇ ਕਪੂਰਥਲਾ ਵਿਖੇ ਘੱਟ ਗੰਭੀਰ ਫੌਜਦਾਰੀ ਕੇਸਾਂ ਦੇ ਨਿਪਟਾਰੇ ਲਈ ਕੈਂਪ ਕੋਰਟ ਲਾਈ ਗਈ।
ਕੈਂਪ ਕੋਰਟ ਦੀ ਪ੍ਰਧਾਨਗੀ ਗੁਰਮੀਤ ਸਿੰਘ ਟਿਵਾਣਾ ਚੀਫ ਜੁਡੀਸ਼ੀਅਲ ਮੈਜਿਸਟਜੇਟ-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਨੇ ਕੀਤੀ। ਇਸ ਮੌਕੇ 15 ਕੇਸ ਸੁਣਵਾਈ ਲਈ ਰੱਖੇ ਗਏ ਸਨ ਜਿਨ੍ਹਾਂ 'ਚੋਂ 8 ਦਾ ਫੈਸਲਾ ਮੌਕੇ 'ਤੇ ਕੀਤਾ ਗਿਆ ਅਤੇ 10 ਦੋਸ਼ੀਆਂ ਨੂੰ ਜੁਰਮ ਇਕਬਾਲ ਕਰਨ 'ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਗਏ। ਇਸ ਮੌਕੇ ਸੁਰਿੰਦਰ ਪਾਲ ਖੰਨਾ ਸੁਪਰਡੈਂਟ ਮਾਡਰਨ ਜੇਲ, ਲਲਿਤ ਕੋਹਲੀ ਡਿਪਟੀ ਸੁਪਰਡੈਂਟ ਜੇਲ, ਜਗਨ ਨਾਥ ਸੀਨੀਅਰ ਸਹਾਇਕ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਇਕਬਾਲ ਸਿੰਘ ਡਿਪਟੀ ਸੁਪਰਡੈਂਟ ਜੇਲ, ਸੁਸ਼ੀਲ ਕੁਮਾਰ ਸਹਾਇਕ ਸੁਪਰਡੈਂਟ ਤੇ ਪ੍ਰਸ਼ਾਸਨ ਜੇਲ ਹਾਜ਼ਰ ਸਨ।
ਇਸ ਮੌਕੇ ਜੱਜ ਸਾਹਿਬ ਨੇ ਅਜਿਹੇ ਹਵਾਲਾਤੀਆਂ ਦੀ ਸੂਚੀ ਬਣਾਉਣ ਲਈ ਆਖਿਆ ਜਿਹੜੇ ਘੱਟ ਗੰਭੀਰ ਕੇਸਾਂ ਵਿਚ ਜੁਰਮ ਇਕਬਾਲ ਕਰਨਾ ਚਾਹੁੰਦੇ ਹਨ। ਜੇਲ ਸੁਪਰਡੈਂਟ ਨੇ ਅਜਿਹਾ ਕਰਨ ਦਾ ਜੱਜ ਸਾਹਿਬ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਕੇਸਾਂ ਦੀ ਸੂਚੀ ਤਿਆਰ ਕਰ ਦਿੱਤੀ ਜਾਵੇਗੀ।