ਜੇਲ ਡਿਊਟੀ ’ਤੇ ਆਏ ਏ.ਐੱਸ.ਆਈ ਤੋਂ ਨਸ਼ੀਲਾ ਪਾਊਡਰ ਬਰਾਮਦ, ਨੌਕਰੀਓਂ ਬਰਖਾਸਤ

Wednesday, Nov 10, 2021 - 05:59 PM (IST)

ਜੇਲ ਡਿਊਟੀ ’ਤੇ ਆਏ ਏ.ਐੱਸ.ਆਈ ਤੋਂ ਨਸ਼ੀਲਾ ਪਾਊਡਰ ਬਰਾਮਦ, ਨੌਕਰੀਓਂ ਬਰਖਾਸਤ

ਫ਼ਰੀਦਕੋਟ (ਰਾਜਨ) : ਜੇਲ ਦੇ ਬੰਦੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ਤਹਿਤ ਇਕ ਏ.ਐੱਸ.ਆਈ ਪਾਸੋਂ ਨਸ਼ੀਲਾ ਪਾਊਡਰ ਬਰਾਮਦ ਹੋਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰਨ ਉਪਰੰਤ ਜ਼ਿਲ੍ਹੇ ਦੇ ਸੀਨੀਅਰ ਪੁਲਸ ਕਪਤਾਨ ਵਰੁਣ ਸ਼ਰਮਾ ਵੱਲੋਂ ਇਸਨੂੰ ਬਰਖਾਸਤ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਏ.ਐੱਸ.ਆਈ ਜਸਪਾਲ ਸਿੰਘ ਨੂੰ ਜੇਲ ਦੇ ਹਾਈ ਸਕਿਓਰਿਟੀ ਜ਼ੋਨ ਵਿਚ ਜਿੱਥੇ ਸੂਬੇ ਦੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਗੈਂਗਸਟਰ ਬੰਦ ਹਨ ਵਿਚ ਨਿਯੁਕਤ ਕੀਤਾ ਗਿਆ ਸੀ। ਇਹ ਪੁਲਸ ਕਰਮਚਾਰੀ ਜਦ ਆਪਣੀ ਡਿਊਟੀ ਕਰਨ ਲਈ ਆਇਆ ਤਾਂ ਡਿਓੜੀ ਵਿਚ ਸੁਰੱਖਿਆ ਪੁਲਸ ਕਰਮਚਾਰੀਆਂ ਵੱਲੋਂ ਇਸਦੀ ਤਲਾਸ਼ੀ ਲੈਣ ’ਤੇ ਇਸ ਕੋਲ ਮੌਜੂਦ ਥਰਮਸ ਦੀ ਜਦ ਤਲਾਸ਼ੀ ਕੀਤੀ ਗਈ ਤਾਂ ਇਸ ਵਿਚੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਜਿਸਦਾ ਵਜ਼ਨ ਬਾਅਦ ਵਿਚ 11 ਗ੍ਰਾਮ ਪਾਇਆ ਗਿਆ। ਜਦ ਸੁਰੱਖਿਆ ਕਰਮਚਾਰੀਆਂ ਵੱਲੋਂ ਇਸਨੂੰ ਇਸ ਸਬੰਧੀ ਪੁੱਛ-ਗਿੱਛ ਕੀਤੀ ਗਈ ਤਾਂ ਉਸਨੇ ਬਹਾਨਾਂ ਲਗਾਇਆ ਕਿ ਇਹ ਦਵਾਈ ਅਧਰੰਗ ਦੇ ਮਰੀਜ਼ਾਂ ਲਈ ਹੈ ਅਤੇ ਉਹ ਅਧਰੰਗ ਦਾ ਦੌਰਾ ਪੈਂਣ ਦੇ ਡਰੋਂ ਆਪਣੇ ਨਾਲ ਲਿਆਇਆ ਹੈ।

ਜੇਲ ਅਧਿਕਾਰੀਆਂ ਅਨੁਸਾਰ ਇਸ ਪੁਲਸ ਕਰਮਚਾਰੀ ’ਤੇ ਇਹ ਦੋਸ਼ ਹੈ ਕਿ ਇਹ ਪੈਸੇ ਲੈ ਕੇ ਜੇਲ ਦੇ ਬੰਦੀਆਂ ਨੂੰ ਨਸ਼ਾ ਅਤੇ ਮੋਬਾਇਲ ਸਪਲਾਈ ਕਰਦਾ ਆ ਰਿਹਾ ਹੈ। ਜੇਲ ਅਧਿਕਾਰੀਆਂ ਅਨੁਸਾਰ ਇਸ ਸਾਲ ਜੇਲ ’ਚੋਂ 150 ਦੇ ਕਰੀਬ ਮੋਬਾਇਲ ਬਰਾਮਦ ਹੋ ਚੁੱਕੇ ਹਨ ਜੋ ਜੇਲ ਪ੍ਰਸਾਸ਼ਨ ਲਈ ਚਿੰਤਾ ਦਾ ਵਿਸ਼ਾ ਹਨ। ਇਸ ਘਟਨਾਂ ’ਤੇ ਜੇਲ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿਖੇ ਏ.ਐੱਸ.ਆਈ ਜਸਪਾਲ ਸਿੰਘ ’ਤੇ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਇਸਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।


author

Gurminder Singh

Content Editor

Related News