ਜੇਲ੍ਹ ਬ੍ਰੇਕ ਮਾਮਲਾ : ਜਗਤਾਰ ਸਿੰਘ ਤਾਰਾ 17 ਸਾਲਾਂ ਬਾਅਦ ਦੋਸ਼ੀ ਕਰਾਰ, ਜੇਲ੍ਹ ''ਚ ਸੁਰੰਗ ਬਣਾ ਕੇ ਹੋਇਆ ਸੀ ਫ਼ਰਾਰ
Tuesday, Nov 09, 2021 - 11:07 AM (IST)
ਚੰਡੀਗੜ੍ਹ (ਸੰਦੀਪ) : ਜੇਲ੍ਹ ਬ੍ਰੇਕ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਨੇ ਜਗਤਾਰ ਸਿੰਘ ਤਾਰਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਅਦਾਲਤ ਨੇ ਸਜ਼ਾ ਨੂੰ ਅੰਡਰਗੋਨ (ਕੱਟੀ ਹੋਈ ਸਜ਼ਾ ਦੀ ਸਮਾਂ ਸੀਮਾ ਪੂਰੀ ਕਰਨਾ) ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਗਤਾਰ ਸਿੰਘ ਤਾਰਾ ਸਾਲ 2015 ਤੋਂ ਜੇਲ੍ਹ ਵਿਚ ਬੰਦ ਹੈ। ਇਸ ਕਾਰਨ ਸਜ਼ਾ ਦੀ ਸਮਾਂ ਸੀਮਾ ਹੋ ਚੁੱਕੀ ਹੈ। ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਤਾਰਾ ਵੱਲੋਂ ਵਕੀਲ ਨੇ ਉਸ ਦੇ ਕੇਸ ਨੂੰ ਲੈ ਕੇ ਕਬੂਲਨਾਮਾ ਪੇਸ਼ ਕੀਤਾ। ਕਬੂਲਨਾਮੇ ਵਿਚ ਜਗਤਾਰ ਨੇ ਕਿਹਾ ਕਿ ਉਹ ਸਿੱਖੀ ਤੋਂ ਪ੍ਰੇਰਿਤ ਸੀ। ਉਸ ਸਮੇਂ ਕਾਫ਼ੀ ਮਾਸੂਮ ਲੋਕਾਂ ਨੂੰ ਨਕਲੀ ਮੁਕਾਬਲਿਆਂ (ਫੇਕ ਇਨਕਾਊਂਟਰ) ਵਿਚ ਮਾਰਿਆ ਜਾ ਰਿਹਾ ਸੀ। ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਸੀ। ਇਸ ਲਈ ਉਸ ਦਾ ਸਿਸਟਮ ਤੋਂ ਭਰੋਸਾ ਉੱਠ ਚੁੱਕਿਆ ਸੀ, ਜਿਸ ਕਾਰਣ ਉਹ ਜੇਲ੍ਹ ’ਚੋਂ ਭੱਜਿਆ ਸੀ। 1984 ਦੇ ਦੰਗਿਆਂ ਨੇ ਵੀ ਉਸ ਦੇ ਦਿਮਾਗ ’ਤੇ ਡੂੰਘਾ ਅਸਰ ਪਾਇਆ ਸੀ। ਜਗਤਾਰ ਸਿੰਘ ਤਾਰਾ ਦੇ ਕਬੂਲਨਾਮੇ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਜ਼ਾ ਨੂੰ ਅੰਡਰਗੋਨ ਕਰ ਦਿੱਤਾ। ਇਸ ਦੇ ਬਾਵਜੂਦ ਉਹ ਜੇਲ੍ਹ ਵਿਚ ਹੀ ਬੰਦ ਰਹੇਗਾ, ਕਿਉਂਕਿ ਉਸ ’ਤੇ ਹੋਰ ਕੇਸ ਵੀ ਚੱਲ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਰਾਹਤ : ਅੱਜ ਤੋਂ ਪੈਟਰੋਲ 95 ਰੁਪਏ ਤੇ ਡੀਜ਼ਲ 83.75 ਰੁਪਏ ਪ੍ਰਤੀ ਲਿਟਰ ਮਿਲੇਗਾ
ਇਹ ਸੀ ਮਾਮਲਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਕਤਲ ਮਾਮਲੇ ਵਿਚ ਮੁਲਜ਼ਮ ਜਗਤਾਰ ਸਿੰਘ ਹਵਾਰਾ, ਪਰਮਜੀਤ ਸਿੰਘ ਭਿਓਰਾ ਅਤੇ ਜਗਤਾਰ ਸਿੰਘ ਤਾਰਾ ਬੁੜੈਲ ਜੇਲ੍ਹ ਵਿਚ ਬੰਦ ਸਨ। 21/22 ਜਨਵਰੀ, 2004 ਦੀ ਅੱਧੀ ਰਾਤ ਤਿੰਨੇ ਆਪਣੇ ਕੁੱਕ ਅਤੇ ਕਤਲ ਮਾਮਲੇ ਦੇ ਹੋਰ ਮੁਲਜ਼ਮ ਦੇਵ ਸਿੰਘ ਦੇਵੀ ਨਾਲ ਸੁਰੰਗ ਪੁੱਟ ਕੇ ਜੇਲ੍ਹ ’ਚੋਂ ਭੱਜਣ ਵਿਚ ਕਾਮਯਾਬ ਰਹੇ ਸਨ। ਮੁਲਜ਼ਮ ਨੇ ਬੈਰਕ ਵਿਚ ਟਾਇਲੇਟ ਸ਼ੀਟ ਨੂੰ ਪੁੱਟ ਕੇ ਅੰਦਰ ਹੀ ਅੰਦਰ 94 ਫੁੱਟ ਲੰਬੀ ਅਜਿਹੀ ਸੁਰੰਗ ਪੁੱਟੀ ਸੀ, ਜਿਸ ਵਿਚ ਇਕ ਸਮੇਂ ’ਤੇ ਇਕ ਹੀ ਵਿਅਕਤੀ ਜਾ ਸਕਦਾ ਸੀ। ਸੁਰੰਗ ਪੁੱਟਣ ਦੇ ਸਮੇਂ ਮਿੱਟੀ ਇੱਥੇ-ਉੱਥੇ ਨਾ ਡਿੱਗੇ, ਇਸ ਲਈ ਮੁਲਜ਼ਮ ਨਾਲ-ਨਾਲ ਮਿੱਟੀ ਦਾ ਲੇਪ ਕਰ ਦਿੰਦੇ ਸਨ। ਸੁਰੰਗ ਜੇਲ੍ਹ ਦੀ ਕੰਧ ਤੱਕ ਪੁੱਟੀ ਗਈ, ਜਿੱਥੇ ਤੱਕ ਪਹੁੰਚਣ ਤੋਂ ਬਾਅਦ ਮੁਲਜ਼ਮ ਕੰਧ ਟੱਪ ਕੇ ਫ਼ਰਾਰ ਹੋਏ ਸਨ। ਸੁਰੰਗ ਦਾ ਮੂੰਹ ਖੇਤਾਂ ਵੱਲ ਖੋਲ੍ਹਿਆ ਸੀ ਤਾਂ ਜੋ 15-20 ਕਦਮ ਦੀ ਦੂਰੀ ਤੱਕ ਪਹੁੰਚਣ ਤੋਂ ਬਾਅਦ ਕੰਧ ਟੱਪ ਕੇ ਨਿਕਲਿਆ ਜਾ ਸਕੇ।
ਇਹ ਵੀ ਪੜ੍ਹੋ : ਡੇਰਾ ਬਾਬਾ ਨਾਨਕ ਪੁੱਜੇ 'ਨਵਜੋਤ ਸਿੱਧੂ', ਬਾਲਾ ਜੀ ਦੇ ਦਰ 'ਤੇ 'ਸੁਖਬੀਰ ਬਾਦਲ' (ਤਸਵੀਰਾਂ)
ਇਸ ਤਰ੍ਹਾਂ ਹੋਈ ਸੀ ਤਾਰਾ ਦੀ ਗ੍ਰਿਫ਼ਤਾਰੀ
ਜਗਤਾਰ ਸਿੰਘ ਤਾਰਾ ਨੂੰ ਜਨਵਰੀ, 2015 ਵਿਚ ਥਾਈਲੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਸ ਉਸ ਨੂੰ ਭਾਰਤ ਲੈ ਕੇ ਆਈ ਸੀ ਅਤੇ ਚੰਡੀਗੜ੍ਹ ਪੁਲਸ ਨੇ ਪ੍ਰੋਡਕਸ਼ਨ ਵਾਰੰਟ ਲਿਆ ਸੀ। ਇਸ ਤੋਂ ਬਾਅਦ ਉਸ ਖ਼ਿਲਾਫ਼ ਬੇਅੰਤ ਸਿੰਘ ਦੇ ਕਤਲ ਅਤੇ ਬੁੜੈਲ ਜੇਲ੍ਹ ਬ੍ਰੇਕ ਮਾਮਲੇ ਵਿਚ ਟ੍ਰਾਇਲ ਸ਼ੁਰੂ ਹੋਇਆ ਸੀ। ਜ਼ਿਕਰਯੋਗ ਹੈ ਕਿ ਬੁੜੈਲ ਜੇਲ੍ਹ ਬ੍ਰੇਕ ਮਾਮਲੇ ਵਿਚ ਸਹਿ ਮੁਲਜ਼ਮ ਬਣਾਏ ਗਏ 16 ਵਿਚੋਂ 14 ਵਿਅਕਤੀਆਂ ਨੂੰ ਜ਼ਿਲ੍ਹਾ ਅਦਾਲਤ ਸਬੂਤਾਂ ਦੀ ਘਾਟ ਦੇ ਚੱਲਦੇ ਬਰੀ ਕਰ ਚੁੱਕੀ ਹੈ। ਇਨ੍ਹਾਂ ਵਿਚ ਬੁੜੈਲ ਜੇਲ੍ਹ ਦੇ ਸੁਪਰੀਡੈਂਟ ਤੋਂ ਲੈ ਕੇ ਡਿਪਟੀ ਅਤੇ ਸਹਾਇਕ ਸੁਪਰੀਡੈਂਟ ਤੱਕ ਸ਼ਾਮਲ ਹਨ। ਸੁਰੰਗ ਪੁੱਟ ਕੇ ਜੇਲ੍ਹ ’ਚੋਂ ਫ਼ਰਾਰ ਹੋਣ ਦੇ ਮਾਮਲੇ ਵਿਚ ਜਗਤਾਰ ਸਿੰਘ ਹਵਾਰਾ ਅਤੇ ਪਰਮਜੀਤ ਸਿੰਘ ਭਿਓਰਾ ਨੂੰ ਦੋਸ਼ੀ ਪਾਉਂਦੇ ਹੋਏ ਸਜ਼ਾ ਅੰਡਰਗੋਨ (ਕੱਟੀ ਹੋਈ ਸਜ਼ਾ ਦੀ ਸਮਾਂ ਸੀਮਾ ਪੂਰੀ ਕਰਨਾ) ਕਰ ਦਿੱਤੀ ਗਈ ਸੀ। ਜੇਲ੍ਹ ਵਿਚ ਤਾਇਨਾਤ ਪੁਲਸ ਅਧਿਕਾਰੀ ਅਤੇ ਮੁਲਾਜ਼ਮਾਂ ’ਤੇ ਡਿਊਟੀ ਵਿਚ ਲਾਪਰਵਾਹੀ ਵਰਤਣ ਦਾ ਦੋਸ਼ ਸੀ। ਜੇਲ੍ਹ ਬ੍ਰੇਕ ਮਾਮਲੇ ਵਿਚ ਕੁੱਲ 21 ਮੁਲਜ਼ਮ ਬਣਾਏ ਗਏ ਸਨ। ਇਨ੍ਹਾਂ ਵਿਚੋਂ ਇਕ ਸਹਿ ਮੁਲਜ਼ਮ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਹਾਲੇ ਵੀ ਕਈ ਮੁਲਜ਼ਮ ਫ਼ਰਾਰ ਚੱਲ ਰਹੇ ਹਨ, ਜਿਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ : ਜੰਗਲਾਤ ਮੰਤਰੀ ਗਿਲਜੀਆਂ ਵੱਲੋਂ ਵਣ ਭਵਨ ਮੋਹਾਲੀ ਦਾ ਅਚਨਚੇਤ ਦੌਰਾ
ਸਖ਼ਤ ਸੁਰੱਖਿਆ ਵਿਵਸਥਾ ਵਿਚਕਾਰ ਤਾਰਾ ਨੂੰ ਅਦਾਲਤ ’ਚ ਕੀਤਾ ਗਿਆ ਪੇਸ਼
ਸੁਣਵਾਈ ਦੌਰਾਨ ਤਾਰਾ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਜ਼ਿਲ੍ਹਾ ਅਦਾਲਤ ਵਿਚ ਲਿਆਂਦਾ ਗਿਆ। ਇਸ ਦੌਰਾਨ ਪੁਲਸ ਦੇ ਸਖ਼ਤ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ। ਤਾਰਾ ਨੂੰ ਅਦਾਲਤ ਤੱਕ ਲੈ ਕੇ ਜਾਣ ਅਤੇ ਵਾਪਸ ਲੈ ਕੇ ਆਉਣ ਦੌਰਾਨ ਅਦਾਲਤ ਵਿਚ ਭਾਰੀ ਪੁਲਸ ਬਲ ਦੀ ਨਿਯੁਕਤੀ ਕੀਤੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ