ਜਗਮੋਹਨ ਕੰਗ ਨੇ ਕੰਵਰ ਸੰਧੂ ''ਤੇ ਕੀਤਾ ਪਲਟਵਾਰ
Saturday, Jan 20, 2018 - 07:35 AM (IST)

ਚੰਡੀਗੜ੍ਹ (ਪਰਾਸ਼ਰ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਆਮ ਆਦਮੀ ਪਾਰਟੀ ਦੇ ਖਰੜ ਹਲਕੇ ਤੋਂ ਵਿਧਾਇਕ ਕੰਵਰ ਸੰਧੂ ਵਿਚਾਲੇ ਸ਼ਬਦੀ ਜੰਗ ਛਿੜ ਗਈ ਹੈ। ਕੰਗ ਨੇ ਅੱਜ ਸੰਧੂ ਨੂੰ ਸਲਾਹ ਦਿੱਤੀ ਹੈ ਕਿ ਈਰਖਾ ਕਰਨ ਦੀ ਥਾਂ ਉਨ੍ਹਾਂ ਨੂੰ ਲੋਕਤੰਤਰ ਵਿਚ ਰਹਿ ਕੇ ਉਸਾਰੂ ਵਿਰੋਧੀ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਕੰਗ ਨੇ ਅੱਜ ਸੰਧੂ ਨੂੰ ਲਿਖੇ ਇਕ ਖੁੱਲ੍ਹੇ ਪੱਤਰ ਵਿਚ ਸੰਧੂ ਵੱਲੋਂ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਉਨ੍ਹਾਂ ਖਿਲਾਫ਼ ਕੀਤੀ ਸ਼ਿਕਾਇਤ 'ਤੇ ਸਖਤ ਇਤਰਾਜ਼ ਦਰਜ ਕਰਵਾਇਆ ਹੈ।
ਕੰਗ ਨੇ ਕਿਹਾ ਕਿ ਇਕ ਜ਼ਿੰਮੇਵਾਰ ਵਿਅਕਤੀ ਹੋਣ ਦੇ ਨਾਤੇ ਉਹ ਕਦੇ ਵੀ ਰਸਮੀ ਸਰਕਾਰੀ ਮੀਟਿੰਗ ਵਿਚ ਬਿਨਾਂ ਸੱਦੇ ਨਹੀਂ ਗਏ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਉਨ੍ਹਾਂ ਲਈ ਕੋਈ ਮੀਟਿੰਗ ਆਯੋਜਿਤ ਨਹੀਂ ਕੀਤੀ ਗਈ। ਇਸ ਲਈ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਬਿਲਕੁਲ ਹੀ ਬੇਤੁਕੀ ਤੇ ਆਧਾਰਹੀਣ ਹੈ। ਜ਼ਿਲਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਬਹੁਤ ਮਿਹਨਤੀ, ਈਮਾਨਦਾਰ ਤੇ ਕਾਬਲ ਹਨ ਅਤੇ ਹਮੇਸ਼ਾ ਲੋਕ ਹਿੱਤ ਨੂੰ ਮੁੱਖ ਰੱਖ ਕੇ ਹੀ ਕੰਮ ਕਰਦੇ ਹਨ।
ਆਪਣੇ ਪੱਤਰ 'ਚ ਕੰਗ ਨੇ ਸੰਧੂ ਨੂੰ ਆਪਣਾ ਪਿਆਰਾ ਦੋਸਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਖਬਾਰਾਂ ਵਿਚ ਸੰਧੂ ਵੱਲੋਂ ਦਿੱਤੇ ਗਏ ਭੜਕਾਊ ਬਿਆਨਾਂ 'ਤੇ ਬਹੁਤ ਅਫਸੋਸ ਹੋਇਆ ਹੈ ਕਿਉਂਕਿ ਉਹ ਸ਼ੁਰੂ ਤੋਂ ਹੀ ਸੰਧੂ ਨੂੰ ਪਿਆਰਾ ਦੋਸਤ ਮੰਨਦੇ ਸਨ। ਮੈਂ ਸੰਧੂ ਤੋਂ ਅਜਿਹੀ ਗੈਰ-ਜ਼ਿੰਮੇਵਾਰ ਰਾਜਨੀਤੀ ਤੋਂ ਪ੍ਰੇਰਤ ਰੁੱਖੀ ਬੋਲੀ ਦੀ ਉਮੀਦ ਨਹੀਂ ਸੀ ਰੱਖਦਾ।
ਕੰਗ ਨੇ ਕਿਹਾ ਕਿ ਜ਼ਿਲੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਕਾਰਵਾਈ ਦੀ ਸਲਾਹ ਦੇਣ ਦੀ ਬਜਾਏ ਖਰੜ ਵਿਧਾਨ ਸਭਾ ਹਲਕੇ ਦੇ ਲੋਕ ਜਲਦੀ ਹੀ ਤੁਹਾਡੇ ਖਿਲਾਫ ਕਾਰਵਾਈ ਕਰਨਗੇ ਕਿਉਂਕਿ ਉਨ੍ਹਾਂ ਦੇ ਕੰਮਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ ਹੈ, ਜਿਸ ਕਰਕੇ ਤੁਹਾਨੂੰ ਵੋਟ ਪਾ ਕੇ ਹੁਣ ਉਹ ਪਛਤਾ ਰਹੇ ਹਨ। ਕੰਗ ਨੇ ਸੰਧੂ ਨੂੰ ਚੈਲੰਜ ਕੀਤਾ ਕਿ ਉਹ ਆਪਣਾ ਪਾਸਪੋਰਟ ਵਿਧਾਨ ਸਭਾ 'ਚ ਦਿਖਾਉਣ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਕਿੰਨਾ ਸਮਾਂ ਵਿਦੇਸ਼ਾਂ ਵਿਚ ਗੁਜ਼ਾਰਿਆ ਹੈ।
ਕੰਗ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਧਰਤੀ ਨਾਲ ਜੁੜਿਆ, ਅਨੁਸ਼ਾਸਨ ਵਿਚ ਰਹਿਣ ਵਾਲਾ ਵਫਾਦਾਰ ਵਰਕਰ ਹਾਂ।
ਕੀ ਕਿਹਾ ਸੀ ਸੰਧੂ ਨੇ
ਵਿਧਾਇਕ ਕੰਵਰ ਸੰਧੂ ਨੇ ਮੁੱਖ ਮੰਤਰੀ ਅਤੇ ਮੁੱਖ ਸਕੱਤਰ ਨੂੰ ਕੰਗ ਖਿਲਾਫ਼ ਕੀਤੀ ਸ਼ਿਕਾਇਤ 'ਚ ਕਿਹਾ ਸੀ ਕਿ ਸਾਬਕਾ ਵਿਧਾਇਕ ਹੁੰਦੇ ਹੋਏ ਵੀ ਕੰਗ ਗੈਰ-ਕਾਨੂੰਨੀ ਤੇ ਗੈਰ-ਸੰਵਿਧਾਨਕ ਢੰਗ ਨਾਲ ਜ਼ਿਲੇ ਦੇ ਅਧਿਕਾਰੀਆਂ ਨਾਲ ਬੈਠਕਾਂ ਕਰ ਰਹੇ ਹਨ, ਜਿਸ ਤੋਂ ਉਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ।