ਕਣਕ ''ਚੋਂ ਨਾ ਮੁੱਕਿਆ ''ਗੁੱਲੀ-ਡੰਡਾ'', ਹੁਣ ''ਤੇਲੇ'' ਨੇ ਕਿਸਾਨਾਂ ਦੇ ਚਿਹਰਿਆਂ ''ਤੇ ਲਿਆਂਦੀਆਂ ਪਲੱਤਣਾਂ
Monday, Mar 26, 2018 - 08:31 AM (IST)
ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਇਸ ਵਾਰ ਕਣਕ ਦੀ ਫਸਲ 'ਚੋਂ 'ਗੁੱਲੀ-ਡੰਡਾ' ਖਤਮ ਨਾ ਹੋਣ ਕਰ ਕੇ 'ਹੰਭੇ' ਕਿਸਾਨਾਂ ਨੂੰ ਹੁਣ ਕਣਕ ਦੀ ਫਸਲ 'ਤੇ ਹੋਣ ਲੱਗੇ 'ਤੇਲੇ' ਦੇ ਹਮਲੇ ਨੇ ਨਵੀਆਂ ਚਿੰਤਾਵਾਂ ਦੇ ਆਲਮ 'ਚ ਡੁਬੋ ਦਿੱਤਾ ਹੈ। ਕਿਸਾਨਾਂ ਵੱਲੋਂ ਕਣਕ ਨੂੰ ਇਸ ਬੀਮਾਰੀ ਦੇ ਹਮਲੇ ਤੋਂ ਬਚਾਉਣ ਲਈ ਦਵਾਈਆਂ ਦਾ ਛਿੜਕਾਅ ਤਾਂ 'ਦੇਖਾ-ਦੇਖੀ' ਕਰਨ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਪਰ ਇਸ ਫਸਲ 'ਤੇ 'ਤੇਲੇ' ਦਾ ਹਮਲਾ ਘਟਣ ਦੀ ਬਜਾਏ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨ ਵਰਗ ਪ੍ਰੇਸ਼ਾਨ ਹੈ। 'ਜਗ ਬਾਣੀ' ਵੱਲੋਂ ਇਸ ਸਬੰਧੀ ਇਕੱਤਰ ਕੀਤੀ ਗਈ ਵਿਸ਼ੇਸ਼ ਰਿਪੋਰਟ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਕਿ ਮੋਗਾ ਜ਼ਿਲੇ ਦੀਆਂ ਲਗਭਗ ਸਾਰੀਆਂ ਬਲਾਕਾਂ ਅਧੀਨ ਪੈਂਦੇ ਪਿੰਡਾਂ ਦੇ ਕਿਸਾਨਾਂ ਦੀਆਂ ਫਸਲਾਂ 'ਤੇ ਇਸ ਬੀਮਾਰੀ ਦਾ ਹਮਲਾ ਸਪੱਸ਼ਟ ਰੂਪ 'ਚ ਦੇਖਿਆ ਜਾ ਰਿਹਾ ਹੈ। ਖੇਤੀ ਮਾਹਿਰ ਭਾਵੇਂ ਇਸ ਹਮਲੇ ਨੂੰ ਮਾਮੂਲੀ ਦੱਸ ਰਹੇ ਹਨ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ 'ਗੁੱਲੀ-ਡੰਡਾ' ਵਧਣ ਮਗਰੋਂ ਜਦੋਂ ਕਿਸਾਨਾਂ ਨੇ ਨਦੀਨ ਨਾਸ਼ਕਾਂ ਦਾ ਛਿੜਕਾਅ ਕੀਤਾ ਸੀ ਤਾਂ ਅੱਜ ਤੱਕ ਕਿਸਾਨਾਂ ਦੀ ਫਸਲ ਦਾ ਨਦੀਨਾਂ ਨੇ ਖਹਿੜਾ ਨਹੀਂ ਛੱਡਿਆ ਅਤੇ ਹੁਣ ਜੇਕਰ ਕਿਸਾਨ ਵਰਗ ਮਾਹਿਰਾਂ ਦੇ ਕਹਿਣ 'ਤੇ ਅਵੇਸਲਾ ਰਿਹਾ ਤਾਂ ਕਿਸਾਨਾਂ ਨੂੰ ਇਹ ਡਰ ਹੈ ਕਿ 'ਤੇਲੇ' ਦਾ ਹਮਲਾ ਵੱਧ ਸਕਦਾ ਹੈ, ਜਿਸ ਕਰ ਕੇ ਕਿਸਾਨਾਂ ਨੂੰ ਫਿਰ ਨਾਮੋਸ਼ੀ ਝੱਲਣੀ ਪਵੇਗੀ। ਪਿੰਡ ਰਣੀਆਂ ਨੇੜੇ ਕਣਕ ਦੀ ਫਸਲ 'ਤੇ ਦਵਾਈਆਂ ਦਾ ਛਿੜਕਾਅ ਕਰ ਰਹੇ ਕਿਸਾਨ ਸੁਰਜੀਤ ਸਿੰਘ ਦਾ ਕਹਿਣਾ ਸੀ ਕਿ ਪਹਿਲਾਂ ਹੀ ਕਣਕ ਦੀ ਫਸਲ ਨੂੰ 'ਗੁੱਲੀ-ਡੰਡੇ' ਤੋਂ ਬਚਾਉਣ ਲਈ ਉਹ 3-4 ਵਾਰ ਦਵਾਈਆਂ ਦਾ ਛਿੜਕਾਅ ਕਰ ਚੁੱਕੇ ਹਨ ਅਤੇ ਹੁਣ ਤੇਲੇ ਦੇ ਹਮਲੇ ਤੋਂ ਫਸਲ ਬਚਾਉਣ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਖੇਤੀ 'ਤੇ ਲਾਗਤ ਖਰਚ ਵਧਣ ਕਰ ਕੇ ਕਿਸਾਨਾਂ ਨੂੰ ਵੱਡਾ ਆਰਥਕ 'ਰਗੜਾ' ਲੱਗ ਰਿਹਾ ਹੈ। ਪਿੰਡ ਚੜਿੱਕ ਨੇੜੇ ਕਣਕ ਦੀ ਫਸਲ 'ਤੇ ਦਵਾਈਆਂ ਦਾ ਛਿੜਕਾਅ ਕਰਵਾ ਰਹੇ ਕਿਸਾਨ ਹਰਦੀਪ ਸਿੰਘ ਦਾ ਕਹਿਣਾ ਸੀ ਇਸ ਵਾਰ ਸਭ ਤੋਂ ਵੱਧ ਕਣਕ ਦੀ ਫਸਲ 'ਤੇ ਦਵਾਈਆਂ ਦਾ ਛਿੜਕਾਅ ਕਰਵਾ ਚੁੱਕੇ ਹਾਂ। ਉਨ੍ਹਾਂ ਆਖਿਆ ਕਿ ਇਸ ਵਾਰ ਗੁੱਲੀ ਡੰਡਾ ਮਰਿਆ ਨਹੀਂ, ਜਿਸ ਕਰ ਕੇ ਇਹ ਕਣਕ ਦੀ ਫਸਲ ਤੋਂ ਵੱਡਾ ਦਿਖਾਈ ਦੇ ਰਿਹਾ ਹੈ।
ਖੇਤੀਬਾੜੀ ਵਿਭਾਗ ਦਾ ਪੱਖ
ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਸਹਾਇਕ ਖੇਤੀਬਾੜੀ ਵਿਕਾਸ ਅਫਸਰ ਡਾ. ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਕਣਕ ਦੀ ਫਸਲ 'ਤੇ 15 ਦਿਨ ਪਹਿਲਾਂ ਤੇਲੇ ਦਾ ਹਮਲਾ ਜ਼ਿਆਦਾ ਦਿਖਾਈ ਦੇ ਰਿਹਾ ਸੀ ਪਰ ਹੁਣ ਫਸਲ 'ਤੇ ਬੀਮਾਰੀ ਕੰਟਰੋਲ 'ਚ ਹੈ। ਉਨ੍ਹਾਂ ਆਖਿਆ ਕਿ ਕਿਸਾਨ ਆਪਣੇ ਪੱਧਰ 'ਤੇ ਹੀ ਦਵਾਈਆਂ ਦਾ ਛਿੜਕਾਅ ਕਰ ਰਹੇ ਹਨ। ਅਜੇ ਫਸਲ 'ਤੇ ਤੇਲੇ ਦੀ ਬੀਮਾਰੀ ਦੇ ਹਮਲੇ ਤੋਂ ਬਚਾਅ ਲਈ ਦਵਾਈਆਂ ਦੇ ਛਿੜਕਾਅ ਦੀ ਲੋੜ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਖੇਤੀ ਮਾਹਿਰਾਂ ਦੀ ਸਲਾਹ ਤੋਂ ਬਿਨਾਂ ਦਵਾਈਆਂ ਦਾ ਛਿੜਕਾਅ ਨਾ ਕਰਨ ਦੀ ਅਪੀਲ ਕੀਤੀ।
