ਸ਼ਹਿਰ ਦੀ ਸੁੰਦਰਤਾ ਲਈ ਬਣਾਏ ਚੌਕਾਂ ਦੀ ਸਫਾਈ ਕਰਨ ''ਚ ਨਗਰ ਕੌਂਸਲ ਅਸਫਲ

Monday, Jan 15, 2018 - 08:07 AM (IST)

ਫ਼ਰੀਦਕੋਟ  (ਹਾਲੀ) - ਫ਼ਰੀਦਕੋਟ ਸ਼ਹਿਰ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਇੱਥੋਂ ਦੇ ਵੱਖ-ਵੱਖ ਚੌਕਾਂ ਵਿਚ ਸੁੰਦਰ ਬੁੱਤ ਸਥਾਪਤ ਕਰ ਕੇ ਉਨ੍ਹਾਂ ਨੂੰ ਸਜਾਇਆ ਗਿਆ ਹੈ ਪਰ ਨਗਰ ਕੌਂਸਲ ਇਨ੍ਹਾਂ ਦੀ ਸੰਭਾਲ ਅਤੇ ਸਫਾਈ ਦੇ ਮਮਾਲੇ 'ਚ ਅਸਫਲ ਸਾਬਤ ਹੋ ਰਹੀ ਹੈ। ਲੱਖਾਂ ਰੁਪਏ ਖਰਚ ਕੇ ਲਾਏ ਗਏ ਇਨ੍ਹਾਂ ਚੌਕਾਂ ਵਿਚਲੇ ਫੁਹਾਰਿਆਂ ਤੋਂ ਇਲਾਵਾ ਬੁੱਤਾਂ 'ਤੇ ਮਿੱਟੀ ਪਈ ਹੋਈ ਹੈ। ਚੌਕਾਂ ਦੀ ਇਹ ਸਥਿਤੀ ਸ਼ਹਿਰ ਦੀ ਰਿਆਸਤੀ ਦਿੱਖ ਨੂੰ ਗ੍ਰਹਿਣ ਲਾ ਰਹੀ ਹੈ।
ਜੁਬਲੀ ਸਿਨੇਮਾ ਚੌਕ 'ਚ ਲਾਈਟਾਂ ਦੀ ਘਾਟ
ਸ਼ਹਿਰ 'ਚੋ ਲੰਘਦੇ ਨੈਸ਼ਨਲ ਹਾਈਵੇ ਦੇ ਵਿਚਾਲੇ ਬਣੇ ਜੁਬਲੀ ਸਿਨੇਮਾ ਚੌਕ ਦੀ ਸੁੰਦਰਤਾ ਨੂੰ ਹੋਰ ਚਾਰ ਚੰਨ ਲਾਉਣ ਲਈ ਲੰਮਾ ਸਮਾਂ ਪਹਿਲਾਂ ਇਸ ਚੌਕ 'ਚ ਸੰਗੀਤਕ ਫੁਹਾਰੇ ਲਾਏ ਗਏ ਸਨ, ਜੋ ਕਾਫੀ ਸਮਾਂ ਬੰਦ ਰਹਿਣ ਤੋਂ ਬਾਅਦ ਸ਼ਹਿਰ ਵਾਸੀਆਂ ਦੀ ਮੰਗ 'ਤੇ ਰੁਕ-ਰੁਕ ਕੇ ਚੱਲ ਰਹੇ ਹਨ। ਹੁਣ ਹਾਲਤ ਇਹ ਹੈ ਕਿ ਇੱਥੇ ਮਿੱਟੀ ਭਰ ਚੁੱਕੀ ਹੈ ਅਤੇ ਨਗਰ ਕੌਂਸਲ ਵੱਲੋਂ ਸਫਾਈ ਦਾ ਵੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਚੌਕ ਦੇ ਆਸ-ਪਾਸ ਰੌਸ਼ਨੀ ਵਾਲੀਆਂ ਲਾਈਟਾਂ ਦੀ ਵੱਡੀ ਘਾਟ ਕਾਰਨ ਰੌਸ਼ਨੀ ਘੱਟ ਹੋਣ ਕਰ ਕੇ ਰਾਤ ਸਮੇਂ ਰਾਹਗੀਰਾਂ ਨੂੰ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਸੀਵਰੇਜ ਕਾਰਨ ਇਕ ਪਾਸੇ ਦੀ ਸੜਕ ਬੁਰੀ ਤਰ੍ਹਾਂ ਪੁੱਟੀ ਹੋਈ ਹੈ।
ਸੁਭਾਸ਼ ਚੰਦਰ ਬੋਸ ਦੇ ਬੁੱਤ ਉੱਪਰ ਬਣਾਈ ਛੱਤ ਦੀ ਹਾਲਤ ਮਾੜੀ
ਕੋਤਵਾਲੀ ਅੱਗੇ ਚਿੱਟੇ ਪੱਥਰ ਨਾਲ ਬਣਾਏ ਗਏ ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਕ ਦੀ ਹਾਲਤ ਕੋਤਵਾਲੀ ਦੇ ਸਾਹਮਣੇ ਹੋਣ ਤੋਂ ਬਾਅਦ ਵੀ ਬਹੁਤ ਮਾੜੀ ਹੈ। ਇੱਥੋਂ ਤੱਕ ਕਿ ਨੇਤਾ ਜੀ ਦੇ ਬੁੱਤ ਉੱਪਰ ਬਣਾਈ ਗਈ ਛੱਤ 'ਤੇ ਹੱਦ ਤੋਂ ਵੱਧ ਮਿੱਟੀ ਜੰਮੀ ਹੋਈ ਹੈ। ਇੱਥੇ ਲਾਈਆਂ ਲਾਈਟਾਂ ਦੀ ਉੱਚਾਈ ਜ਼ਿਆਦਾ ਹੋਣ ਕਰ ਕੇ ਚੌਕ ਦੂਰ ਤੋਂ ਦਿਖਾਈ ਨਹੀਂ ਦਿੰਦਾ। ਇਸੇ ਹੀ ਤਰ੍ਹਾਂ ਇੱਥੇ ਬੂਟਿਆਂ ਨੂੰ ਪਾਣੀ ਅਤੇ ਸਾਫ-ਸਫਾਈ ਦੀ ਘਾਟ ਪੂਰੀ ਤਰ੍ਹਾਂ ਰੜਕਦੀ ਹੈ।
ਫੌਜੀ ਚੌਕ ਵੀ ਲਾਪ੍ਰਵਾਹੀ ਦਾ ਸ਼ਿਕਾਰ
ਫ਼ਰੀਦਕੋਟ-ਫਿਰੋਜ਼ਪੁਰ ਰੋਡ 'ਤੇ ਫੌਜੀਆਂ ਵੱਲੋਂ ਜੰਗ ਦੌਰਾਨ ਕੀਤੀਆਂ ਜਾਂਦੀਆਂ ਸਰਗਰਮੀਆਂ ਦੀ ਯਾਦ ਤਾਜ਼ਾ ਕਰਵਾਉਂਦਾ ਫੌਜੀ ਚੌਕ ਬੇਹੱਦ ਹੀ ਸੁੰਦਰ ਅਤੇ ਮਨਮੋਹਕ ਹੈ ਪਰ ਇੱਥੇ ਸਥਾਪਤ ਕੀਤੇ ਗਏ ਫੌਜੀਆਂ ਦੇ ਬੁੱਤਾਂ 'ਤੇ ਪਈ ਮਿੱਟੀ ਨੂੰ ਸਾਫ ਕਰਨ ਤੋਂ ਇਲਾਵਾ ਚੌਕ ਦੀ ਸਾਫ-ਸਫਾਈ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ, ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਾਰੇ ਚੌਕਾਂ 'ਚ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁਹਾਰੇ ਲਾਉਣ ਦੇ ਨਾਲ-ਨਾਲ ਫੁੱਲਦਾਰ ਬੂਟੇ ਲਾਏ ਜਾਣ ਤਾਂ ਜੋ ਇਹ ਬਾਹਰੋਂ ਆਉਣ ਵਾਲੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਿੰਦੂ ਬਣੇ ਰਹਿਣ। ਇਨ੍ਹਾਂ ਚੌਕਾਂ ਦੀ ਇਹ ਮਾੜੀ ਸਥਿਤੀ ਪੂਰਾ ਸਾਲ ਜਾਰੀ ਰਹਿੰਦੀ ਹੈ ਅਤੇ ਸਿਰਫ ਸਤੰਬਰ ਮਹੀਨੇ 'ਚ ਬਾਬਾ ਸ਼ੇਖ ਫ਼ਰੀਦ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਵੱਲ ਨਗਰ ਕੌਂਸਲ ਵੱਲੋਂ ਧਿਆਨ ਦਿੱਤਾ ਜਾਂਦਾ ਹੈ। ਉਸ ਵੇਲੇ ਇਕ ਮਹੀਨੇ ਲਈ ਸ਼ਹਿਰ ਭਰ ਦੇ ਸਾਰੇ ਚੌਕਾਂ ਨੂੰ ਰੰਗ-ਰੋਗਨ ਅਤੇ ਰੰਗ-ਬਿਰੰਗੀਆਂ ਲਾਈਟਾਂ ਸਮੇਤ ਫੁਹਾਰਿਆਂ ਨੂੰ ਚਾਲੂ ਕਰਵਾਉਣ ਲਈ ਕੌਂਸਲ ਵੱਲੋਂ ਸੰਭਵ ਯਤਨ ਕੀਤੇ ਜਾਂਦੇ ਹਨ ਪਰ ਜਿਉਂ ਹੀ ਮੇਲੇ ਦੀ ਸਮਾਪਤੀ ਹੁੰਦੀ ਹੈ ਤਾਂ ਮੁੜ ਇਨ੍ਹਾਂ ਚੌਕਾਂ ਦੀ ਸਾਫ਼-ਸਫਾਈ ਸਮੇਤ ਬਾਕੀ ਪ੍ਰਬੰਧ ਅੱਜ ਵਾਲੀ ਸਥਿਤੀ 'ਚ ਆ ਜਾਂਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸ਼ਹਿਰ ਦੀ ਸਫਾਈ ਦੇ ਨਾਲ ਚੌਕਾਂ ਦੀ ਸਫਾਈ ਵੱਲ ਵੀ
ਧਿਆਨ ਦਿੱਤਾ ਜਾਵੇ।


Related News