''ਬਾਬਾ ਨਾਨਕ'' ਜੀ ਦੇ ਵਿਆਹ ਪੁਰਬ ਮੌਕੇ ਗੁ. ਸ੍ਰੀ ਬੇਰ ਸਾਹਿਬ ਤੋਂ ਬਰਾਤ ਰੂਪੀ ਨਗਰ ਕੀਰਤਨ ਬਟਾਲਾ ਲਈ ਰਵਾਨਾ

Monday, Sep 09, 2024 - 07:04 PM (IST)

ਸੁਲਤਾਨਪੁਰ ਲੋਧੀ (ਸੋਢੀ )- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਪਵਿੱਤਰ ਵਿਆਹ ਪੁਰਬ ਦੀ ਯਾਦ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਤੋਂ ਅੱਜ ਸਵੇਰੇ 7 ਵਜੇ ਖਾਲਸਾਈ ਜਾਹੋ-ਜਲਾਲ ਨਾਲ ਜੈਕਾਰਿਆਂ ਦੀ ਗੂੰਜ 'ਚ ਮਹਾਨ ਨਗਰ ਕੀਰਤਨ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਟਾਲਾ ਸਾਹਿਬ ਲਈ ਰਵਾਨਾ ਕੀਤਾ ਗਿਆ। 

PunjabKesari

ਇਸ ਸਮੇਂ ਸਵੇਰੇ ਗੁ. ਬੇਰ ਸਾਹਿਬ ਜੀ ਵਿਖੇ ਧਾਰਮਿਕ ਸਮਾਗਮ ਵੀ ਆਯੋਜਿਤ ਕੀਤਾ ਗਿਆ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਕੱਤਰ ਪ੍ਰਤਾਪ ਸਿੰਘ ਨੇ ਸਮੂਹ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲੇ ਪਾਤਸ਼ਾਹ ਨੇ ਗੁਰੂ ਜੀ ਨੇ ਸਮਝਾਇਆ ਹੈ ਕਿ ਮਨੁੱਖ ਗ੍ਰਹਿਸਥ ਵਿਚ ਰਹਿ ਕੇ ਵੀ ਉਦਾਸੀ ਧਾਰਨ ਕਰ ਸਕਦਾ ਹੈ, ਭਾਵ ਗ੍ਰਹਿਸਥ ਜੀਵਨ 'ਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰਕੇ ਪ੍ਰਮਾਤਮਾ ਨੂੰ ਪਾ ਸਕਦਾ ਹੈ। ਇਸ ਸਮੇਂ 5 ਪਿਆਰੇ ਸਾਹਿਬਾਨ ਅਤੇ ਹੋਰ ਹਸਤੀਆਂ ਦਾ ਸਨਮਾਨ ਸਿਰੋਪਾਓ ਦੇ ਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇ ਜਰਨੈਲ ਸਿੰਘ ਡੋਗਰਾਂਵਾਲ, ਜਥੇ ਗੁਰਿੰਦਰਪਾਲ ਸਿੰਘ ਗੋਰਾ ਮੇਲਾ ਪ੍ਰਬੰਧਕ , ਜਥੇ ਬਲਦੇਵ ਸਿੰਘ ਕਲਿਆਣ, ਜਥੇ ਗੁਰਮੀਤ ਸਿੰਘ ਬੂਹ ਤੇ ਮੈਨੇਜਰ ਬੇਰ ਸਾਹਿਬ ਭਾਈ ਗੁਰਬਖਸ਼ ਸਿੰਘ ਬੱਚੀਵਿੰਡ, ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਸ਼੍ਰੋਮਣੀ ਕਮੇਟੀ ਵੱਲੋਂ ਬਲਜੀਤ ਕੌਰ ਕਮਾਲਪੁਰ ਨੇ ਕੀਤਾ। 

ਇਹ ਵੀ ਪੜ੍ਹੋ-ਬਾਬਾ ਗੁਰਿੰਦਰ ਢਿੱਲੋਂ ਤੇ ਜਸਦੀਪ ਗਿੱਲ ਨੂੰ ਵੇਖ ਭਾਵੁਕ ਹੋਈ ਸੰਗਤ, ਵੀਡੀਓ 'ਚ ਵੇਖੋ ਕੀ ਬਣਿਆ ਮਾਹੌਲ

PunjabKesari

ਉਪਰੰਤ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਪਾਲਕੀ ਸਾਹਿਬ 'ਚ ਪੀੜ੍ਹਾ ਸਾਹਿਬ ਤੇ ਸਜਾਇਆ ਗਿਆ । ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। 

PunjabKesari

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਉਸ ਸਮੇਂ ਹੋਇਆ, ਜਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਹਾਲਾਤ ਨਿਰਾਸ਼ਾਜਨਕ ਸਨ। ਸਾਰਾ ਦੇਸ਼ ਜਾਤ-ਪਾਤ, ਉੱਚ-ਨੀਚ ਅਤੇ ਈਰਖਾ ਦੀ ਅੱਗ ਵਿਚ ਸੜ ਰਿਹਾ ਸੀ। ਉਪਰੰਤ ਸਤਿਗੁਰੂ ਜੀ ਨੂੰ ਵੱਡੀ ਭੈਣ ਬੇਬੇ ਨਾਨਕੀ ਜੀ ਕੋਲ ਸੁਲਤਾਨਪੁਰ ਲੋਧੀ ਰਹਿਣ ਲਈ ਭੇਜ ਦਿੱਤਾ ਗਿਆ, ਜਿੱਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ’ਚ ਨੌਕਰੀ ਦਿਵਾ ਦਿੱਤੀ। ਉਪਰੰਤ ਤਕਰੀਬਨ 18 ਸਾਲ ਦੀ ਉਮਰ ਵਿਚ ਗੁਰੂ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖੱਤਰੀ ਭਾਈ ਮੂਲ ਚੰਦ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋ ਗਈ ਤੇ ਭਾਦੋਂ ਸਦੀ ਸੱਤਵੀਂ ਸੰਮਤ 1544 ਨੂੰ ਗੁਰੂ ਜੀ ਬਰਾਤੀਆਂ ਸਮੇਤ, ਜਿਨ੍ਹਾਂ ’ਚ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਇ ਜੀ ਅਤੇ ਨਵਾਬ ਦੌਲਤ ਖਾਂ ਅਤੇ ਸੱਜਣਾਂ, ਰਿਸ਼ਤੇਦਾਰਾਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪੂਰੇ ਸੱਜ-ਧੱਜ ਕੇ ਸੁਲਤਾਨਪੁਰ ਲੋਧੀ ਤੋਂ ਬਰਾਤ ਕਪੂਰਥਲਾ, ਸੁਭਾਨਪੁਰ, ਬਾਬਾ ਬਕਾਲਾ ਤੋਂ ਹੁੰਦੇ ਹੋਏ ਇਤਿਹਾਸਕ ਸ਼ਹਿਰ ਬਟਾਲੇ ਬਰਾਤ ਦੇ ਰੂਪ ’ਚ ਪਹੁੰਚੇ।

PunjabKesari

ਉਨ੍ਹਾਂ ਦੱਸਿਆ ਕਿ ਸਤਿਗੁਰੂ ਜੀ ਦੇ ਪਵਿੱਤਰ ਵਿਆਹ ਪੁਰਬ ਦੀ ਯਾਦ 'ਚ ਅੱਜ ਇਹ ਸਲਾਨਾ ਮਹਾਨ ਨਗਰ ਕੀਰਤਨ ਉਸੇ ਰਸਤੇ ਰਾਹੀਂ ਹੀ ਬਟਾਲਾ ਸਾਹਿਬ ਰਾਤ ਨੂੰ ਪੁੱਜੇਗਾ।  ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਵੱਖ ਵੱਖ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਗਿਆ। ਇਸ ਵਿਸ਼ਾਲ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸ਼ਰਧਾਲੂ ਸੰਗਤਾਂ ਹਾਜਰੀ ਭਰੀ ਅਤੇ ਸਾਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਾਲਕੀ ਸਾਹਿਬ ਦੀ ਬੱਸ ਦੇ ਨਾਲ-ਨਾਲ ਪੈਦਲ ਚਲਦੀਆਂ ਰਹੀਆਂ। ਇਹ ਨਗਰ ਕੀਰਤਨ ਤਲਵੰਡੀ ਪੁਲ ਚੌਂਕ , ਸ਼ਾਲਾਪੁਰ ਬੇਟ, ਤਲਵੰਡੀ ਚੌਧਰੀਆਂ , ਮੁੰਡੀ ਮੋੜ , ਉੱਚਾ, ਫੱਤੂਢੀਂਗਾ, ਸੈਫਲਾਬਾਦ, ਸੁਰਖਪੁਰ, ਸੰਗੋਜਲਾ, ਜਾਤੀ ਕੇ, ਭੰਡਾਲ ਬੇਟ, ਪੱਡੇ ਬੇਟ, ਧਾਲੀਵਾਲ ਬੇਟ, ਢਿੱਲਵਾਂ, ਬਿਆਸ ਬਾਬਾ ਬਕਾਲਾ, ਅੱਚਲ ਸਾਹਿਬ, ਬਟਾਲਾ ਸਾਹਿਬ ਸ਼ਹਿਰ ਤੋਂ ਹੁੰਦੇ ਹੋਏ ਰਾਤ ਨੂੰ ਗੁਰਦੁਆਰਾ ਸਤਿਕਾਰਤਾਰੀਆ ਸਾਹਿਬ ਬਟਾਲਾ ਵਿਖੇ ਪਹੁੰਚ ਕੇ ਰਾਤ ਨੂੰ ਸੰਪੂਰਨ ਹੋਵੇਗਾ। ਇਸ ਸਮੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਅੰਦਰੋਂ ਤੇ ਬਾਹਰੋਂ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਦੀ ਅਗਵਾਈ 'ਚ ਬਹੁਤ ਸੁੰਦਰ ਢੰਗ ਨਾਲ ਸ਼ਿੰਗਾਰਿਆ ਗਿਆ ਅਤੇ ਦੀਪਮਾਲਾ ਕੀਤੀ ਗਈ। ਰਸਤੇ 'ਚ ਵੱਖ-ਵੱਖ ਥਾਵਾਂ 'ਤੇ ਨਗਰ ਕੀਰਤਨ ਦਾ ਸੁਆਗਤ ਸ਼ਰਧਾਲੂ ਸੰਗਤਾਂ ਵੱਲੋਂ ਬੜੇ ਅਦਬ ਪ੍ਰੇਮ ਨਾਲ ਫੁੱਲਾਂ ਦੀ ਵਰਖਾ ਕਰਕੇ ਕੀਤਾ ਗਿਆ ।

PunjabKesari

ਇਹ ਵੀ ਪੜ੍ਹੋ-'ਬਾਬਾ ਨਾਨਕ' ਦੇ ਵਿਆਹ ਪੁਰਬ ਮੌਕੇ ਫੁੱਲਾਂ ਨਾਲ ਸੱਜਿਆ ਗੁ. ਸ੍ਰੀ ਬੇਰ ਸਾਹਿਬ, ਭਲਕੇ ਨਿਕਲੇਗਾ ਬਰਾਤ ਰੁਪੀ ਨਗਰ ਕੀਰਤਨ

ਇਸ ਸਮੇਂ ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਵਾਲੇ , ਬਾਬਾ ਜਸਪਾਲ ਸਿੰਘ ਸੁਲਤਾਨਪੁਰ ਲੋਧੀ, ਜਥੇ. ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੀਬੀ ਗੁਰਪ੍ਰੀਤ ਕੌਰ ਰੂਹੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ ,ਜਥੇ. ਜਰਨੈਲ ਸਿੰਘ ਡੋਗਰਾਂਵਾਲ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸਤਨਾਮ ਸਿੰਘ ਰਿਆੜ ਮੈਨੇਜਰ ਇੰਚਾਰਜ ਸ਼ਤਾਬਦੀ ਸਮਾਗਮ  ਸ੍ਰੀ ਗੋਇੰਦਵਾਲ ਸਾਹਿਬ, ਭਾਈ ਕਰਨਜੀਤ ਸਿੰਘ ਆਹਲੀ ਵਿਦਵਾਨ ਕਥਾ ਵਾਚਕ , ਐਡਵੋਕੇਟ ਰਜਿੰਦਰ ਸਿੰਘ ਪਦਮ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਪ੍ਰਧਾਨ ਅੱਚਲੀ ਗੇਟ ਤੋਂ ਇਲਾਵਾ ਰਾਜਨੀਤਕ ਲੀਡਰਾਂ 'ਚ ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ  ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ,  ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹਿੰਦਰ ਸਿੰਘ ਆਹਲੀ ਸਾਬਕਾ ਸਕੱਤਰ , ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ. ਸੀ. ਮੈਂਬਰ ਚੇਅਰਮੈਨ ਗੁਰਜੰਟ ਸਿੰਘ ਸੰਧੂ , ਭਾਈ ਚਾਨਣ ਸਿੰਘ ਦੀਪੇਵਾਲ ਸੇਵਾ ਮੁਕਤ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ, ਜਥੇ ਹਰਜਿੰਦਰ ਸਿੰਘ ਲਾਡੀ, ਜਰਨੈਲ ਸਿੰਘ ਵੇਈਂ ਪੂਈ ਡਰਾਈਵਰ, ਜਥੇ ਪਰਮਿੰਦਰ ਸਿੰਘ ਖਾਲਸਾ ,ਗੁਰਦਿਆਲ ਸਿੰਘ ਯੂ.ਕੇ. ਮੈਨੇਜਰ ਗੁਰਦੁਆਰਾ ਬੇਬੇ ਨਾਨਕੀ ਜੀ ਸੁਲਤਾਨਪੁਰ, ਬੀਬੀ ਭਜਨ ਕੌਰ ਡੋਗਰਾਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ , ਸੰਤ ਸੁਖਜੀਤ ਸਿੰਘ ਸੀਚੇਵਾਲ , ਸੁਰਜੀਤ ਸਿੰਘ ਸੰਟੀ ਸੀਚੇਵਾਲ , ਦਇਆ ਸਿੰਘ, ਡਾ. ਨਿਰਵੈਲ ਸਿੰਘ ਧਾਲੀਵਾਲ ਪ੍ਰਧਾਨ ਗੁਰੂ ਨਾਨਕ ਸੇਵਕ ਜਥਾ , ਭਾਈ ਹਰਜਿੰਦਰ ਸਿੰਘ ਚੰਡੀਗੜ੍ਹ ਵਾਲੇ ਹੈੱਡ ਗ੍ਰੰਥੀ ਬੇਰ ਸਾਹਿਬ , ਰਾਜਾ ਗੁਰਪ੍ਰੀਤ ਸਿੰਘ ਸੀਨੀਅਰ ਆਗੂ , ਜਥੇ. ਨਰਿੰਦਰ ਸਿੰਘ ਖਿੰਡਾ , ਲਵਪ੍ਰੀਤ ਸਿੰਘ ਪੀ. ਏ. , ਗੁਰਜੋਤ ਸਿੰਘ ਪਦਮ, ਸ. ਸਰਬਜੀਤ ਸਿੰਘ ਸਾਹਬੀ, ,ਚੈਚਲ ਸਿੰਘ , ਜਰਨੈਲ ਸਿੰਘ ਬੂਲੇ ਆਦਿ ਨੇ ਸ਼ਿਰਕਤ ਕੀਤੀ ।

PunjabKesari

ਇਹ ਵੀ ਪੜ੍ਹੋ- ਸ਼ਰਮਸਾਰ ਹੋਇਆ ਪੰਜਾਬ, 19 ਸਾਲਾ ਕੁੜੀ ਨਾਲ ਮਾਮਾ-ਭਾਣਜਾ ਸਣੇ 3 ਨੇ ਕੀਤਾ ਗੈਂਗਰੇਪ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News